
ਨਵੀਂ ਦਿੱਲੀ, 13 ਜਨਵਰੀ– ਪ੍ਰਧਾਨ ਮੰਤਰੀ ਮੋਦੀ ਅੱਜ ਜੰਮੂ–ਕਸ਼ਮੀਰ ਦੇ ਗੰਦਰਬਲ ਵਿਚ ਜ਼ੈੱਡ-ਮੋੜ ਸੁਰੰਗ ਦਾ ਉਦਘਾਟਨ ਕਰਨਗੇ। ਸ੍ਰੀਨਗਰ-ਲੇਹ ਹਾਈਵੇਅ 1 ’ਤੇ ਬਣੀ 6.4 ਕਿਲੋਮੀਟਰ ਲੰਬੀ ਡਬਲ ਲੇਨ ਸੁਰੰਗ ਸ੍ਰੀਨਗਰ ਨੂੰ ਸੋਨਮਾਰਗ ਨਾਲ ਜੋੜੇਗੀ। ਬਰਫ਼ਬਾਰੀ ਕਾਰਨ ਇਹ ਹਾਈਵੇਅ 6 ਮਹੀਨਿਆਂ ਤੱਕ ਬੰਦ ਰਹਿੰਦਾ ਹੈ। ਸੁਰੰਗ ਦੇ ਨਿਰਮਾਣ ਨਾਲ, ਲੋਕਾਂ ਨੂੰ ਇਸ ਸਮੱਸਿਆ ਤੋਂ ਛੁਟਕਾਰਾ ਮਿਲੇਗਾ। ਪਹਿਲਾਂ ਸ੍ਰੀਨਗਰ-ਲੇਹ ਹਾਈਵੇਅ ’ਤੇ ਗਗਨਗੀਰ ਤੋਂ ਸੋਨਮਰਗ ਤੱਕ 1 ਘੰਟੇ ਤੋਂ ਵੱਧ ਸਮਾਂ ਲੱਗਦਾ ਸੀ। ਇਸ ਸੁਰੰਗ ਦੇ ਕਾਰਨ, ਇਹ ਦੂਰੀ ਹੁਣ 15 ਮਿੰਟਾਂ ਵਿਚ ਪੂਰੀ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ, ਵਾਹਨਾਂ ਦੀ ਗਤੀ ਵੀ 30 ਕਿਲੋਮੀਟਰ ਪ੍ਰਤੀ ਘੰਟਾ ਤੋਂ ਵਧ ਕੇ 70 ਕਿਲੋਮੀਟਰ ਪ੍ਰਤੀ ਘੰਟਾ ਹੋ ਜਾਵੇਗੀ। ਪਹਿਲਾਂ ਇਸ ਔਖੇ ਪਹਾੜੀ ਇਲਾਕੇ ਨੂੰ ਪਾਰ ਕਰਨ ਲਈ 3 ਤੋਂ 4 ਘੰਟੇ ਲੱਗਦੇ ਸਨ। ਹੁਣ ਇਹ ਦੂਰੀ ਸਿਰਫ਼ 45 ਮਿੰਟਾਂ ਵਿਚ ਪੂਰੀ ਹੋ ਜਾਵੇਗੀ। ਇਸ ਦੇ ਨਾਲ ਹੀ ਫ਼ੌਜ ਦੀ ਲੱਦਾਖ ਤੱਕ ਪਹੁੰਚ ਆਸਾਨ ਹੋ ਜਾਵੇਗੀ। ਇਸ ਮੌਕੇ ਜੰਮੂ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨ੍ਹਾ, ਮੁੱਖ ਮੰਤਰੀ ਉਮਰ ਅਬਦੁੱਲਾ ਤੋਂ ਇਲਾਵਾ ਹੋਰ ਨੇਤਾ ਵੀ ਮੌਜੂਦ ਰਹਿਣਗੇ। ਪ੍ਰਧਾਨ ਮੰਤਰੀ ਦੇ ਇਸ ਦੌਰੇ ਨੂੰ ਲੈ ਕੇ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਗਏ ਹਨ। ਥਾਂ-ਥਾਂ ’ਤੇ ਡਰੋਨ ਰਾਹੀਂ ਨਿਗਰਾਨੀ ਰੱਖੀ ਜਾ ਰਹੀ ਹੈ ਤੇ ਆਉਣ ਜਾਣ ਵਾਲਿਆਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।



