ਪੌਣੇ 4 ਲੱਖ ਰੁਪਏ ਫਿਰੌਤੀ ਲੈ ਕੇ ਵੀ ਨਾ ਰੱਜੇ ਠੱਗ
ਦੁਬਾਰਾ 5 ਲੱਖ ਮੰਗਣ 'ਤੇ ਕਾਰੋਬਾਰੀ ਨੇ ਪੁਲਿਸ ਦੀ ਮਦਦ ਨਾਲ ਸਿਖਾਇਆ ਮਜ਼ਾ

ਲੁਧਿਆਣਾ, 26 ਅਕਤੂਬਰ : ਖੁਦ ਨੂੰ ਆਸਟ੍ਰੇਲੀਆ ਦਾ ਵਸਨੀਕ ਦੱਸਣ ਵਾਲੇ ਇਕ ਵਿਅਕਤੀ ਨੇ ਮਨੀ ਟਰਾਂਸਫਰ ਦਾ ਕੰਮ ਕਰਨ ਵਾਲੇ ਕਾਰੋਬਾਰੀ ਦੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਕੇ ਉਸ ਕੋਲੋਂ 5 ਲੱਖ ਰੁਪਏ ਦੀ ਫਿਰੌਤੀ ਮੰਗੀ। ਫੋਨ ‘ਤੇ ਦਿੱਤੀ ਗਈ ਧਮਕੀ ਤੋਂ ਬਾਅਦ ਕਾਰੋਬਾਰੀ ਇਸ ਕਦਰ ਡਰ ਗਿਆ ਕਿ ਉਸਨੇ ਮੁਲਜ਼ਮ ਦੇ ਖਾਤੇ ‘ਚ ਪੌਣੇ 4 ਲੱਖ ਰੁਪਏ ਟਰਾਂਸਫਰ ਕਰ ਦਿੱਤੇ। ਪੈਸੇ ਹਾਸਲ ਕਰਨ ਤੋਂ ਬਾਅਦ ਮੁਲਜ਼ਮਾਂ ਦਾ ਹੌਸਲਾ ਇਸ ਕਦਰ ਵੱਧ ਗਿਆ ਕਿ ਉਨ੍ਹਾਂ ਨੇ ਹੋਰ 5 ਲੱਖ ਰੁਪਏ ਦੀ ਮੰਗ ਕਰ ਦਿੱਤੀ। ਇਸ ਵਾਰ ਕਾਰੋਬਾਰੀ ਨੇ ਸਾਰਾ ਮਾਮਲਾ ਪੁਲਿਸ ਦੇ ਧਿਆਨ ਵਿੱਚ ਲਿਆਂਦਾ। ਇਸੇ ਦੌਰਾਨ ਦੋ ਨੌਜਵਾਨ ਕਾਰੋਬਾਰੀ ਦੇ ਦਫਤਰ ਦੇ ਬਾਹਰ ਆਏ ਤੇ ਪੁਲਿਸ ਦੀ ਮਦਦ ਨਾਲ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਜਾਂਚ ਅਧਿਕਾਰੀ ਰਣਬੀਰ ਸਿੰਘ ਨੇ ਦੱਸਿਆ ਕਿ ਕਾਬੂ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਅਭਿਸ਼ੇਕ ਅਤੇ ਪ੍ਰਦੂਮਣ ਵਜੋਂ ਹੋਈ ਹੈ। ਪੁਲਿਸ ਮੁਲਜ਼ਮਾਂ ਦੇ ਤੀਸਰੇ ਸਾਥੀ ਹਰਵਿੰਦਰ ਦੀ ਤਲਾਸ਼ ਵਿੱਚ ਜੁਟੀ ਹੋਈ ਹੈ।
ਇੰਜ ਵਾਪਰੀ ਸੀ ਸਾਰੀ ਘਟਨਾ
ਥਾਣਾ ਡਿਵੀਜ਼ਨ ਨੰਬਰ ਛੇ ਦੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਉਂਦੇ ਆ ਨਿਊ ਜਨਤਾ ਨਗਰ ਦੇ ਰਹਿਣ ਵਾਲੇ ਸੁਰਾਜ ਮੁਹੰਮਦ ਨੇ ਦੱਸਿਆ ਜੇ ਉਹ ਗਿੱਲ ਚੌਕ ਇਲਾਕੇ ‘ਚ ਮਿਨਹਾਸ ਫੋਰੈਕਸ ਪ੍ਰਾਈਵੇਟ ਲਿਮਟਿਡ ਨਾਂ ਦੀ ਕੰਪਨੀ ਚਲਾਉਂਦਾ ਹੈ। ਉਹ ਏਅਰ ਟਿਕਟ ਤੇ ਮਨੀ ਟਰਾਂਸਫਰ ਦਾ ਕੰਮ ਕਰਦਾ ਹੈ। ਕੁਝ ਦਿਨ ਪਹਿਲੋਂ ਉਸਨੂੰ ਵ੍ਹਟਸਐਪ ਕਾਲ ਆਈ। ਕਾਲਰ ਨੇ ਕਾਰੋਬਾਰੀ ਤੇ ਉਸਦੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਕੇ 5 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ। ਮੁਲਜ਼ਮ ਨੇ ਰਕਮ ਟਰਾਂਸਫਰ ਕਰਨ ਲਈ ਇੱਕ ਅਕਾਊਂਟ ਨੰਬਰ ਵੀ ਭੇਜਿਆ। ਕੁਝ ਦਿਨ ਪਹਿਲਾਂ ਮੁਲਜ਼ਮ ਦਾ ਫਿਰ ਤੋਂ ਫੋਨ ਆਇਆ ਜਿਸ ਤੋਂ ਬਾਅਦ ਕਾਰੋਬਾਰੀ ਨੇ ਆਪਣੇ ਭਰਾ ਅਮਰੀਕ ਖਾਨ ਨਾਲ ਘਟਨਾ ਦੀ ਸਾਰੀ ਜਾਣਕਾਰੀ ਸਾਂਝੀ ਕੀਤੀ। ਇਸੇ ਦੌਰਾਨ ਮੁਲਜ਼ਮ ਦਾ ਫਿਰ ਤੋਂ ਫੋਨ ਆਇਆ ਅਤੇ ਉਸਨੇ ਆਪਣੀ ਪਛਾਣ ਆਸਟ੍ਰੇਲੀਆ ਦੇ ਰਹਿਣ ਵਾਲੇ ਹਰਵਿੰਦਰ ਵਜੋਂ ਦੱਸੀ। ਧਮਕੀਆਂ ਤੋਂ ਦੋਵੇਂ ਭਰਾ ਇਸ ਕਦਰ ਪਰੇਸ਼ਾਨ ਹੋ ਗਏ ਸਨ ਕਿ ਉਨ੍ਹਾਂ ਮੁਲਜ਼ਮ ਵੱਲੋਂ ਦੱਸੇ ਗਏ ਖਾਤੇ ਵਿੱਚ ਪੌਣੇ 4 ਲੱਖ ਰੁਪਏ ਟਰਾਂਸਫਰ ਕਰ ਦਿੱਤੇ। ਕੁਝ ਹੀ ਸਮੇਂ ਬਾਅਦ ਮੁਲਜ਼ਮਾਂ ਦਾ ਫਿਰ ਤੋਂ ਫੋਨ ਆਇਆ ਅਤੇ 5 ਲੱਖ ਰੁਪਏ ਦੀ ਦੁਬਾਰਾ ਤੋਂ ਮੰਗ ਕੀਤੀ। ਇਸ ਵਾਰ ਕਾਰੋਬਾਰੀ ਬੇਹਦ ਪਰੇਸ਼ਾਨ ਹੋ ਚੁੱਕਾ ਸੀ। ਇਸੇ ਦੌਰਾਨ ਹਰਿਆਣਾ ਨੰਬਰ ਦੀ ਇੱਕ ਆਈ20 ਕਾਰ ‘ਤੇ ਸਵਾਰ ਹੋ ਕੇ ਦੋ ਵਿਅਕਤੀ ਸੁਰਾਜ ਖਾਨ ਦੇ ਦਫਤਰ ਦੇ ਬਾਹਰ ਆਏ। ਉਨ੍ਹਾਂ ਨੇ ਜਦ ਮੁਲਜ਼ਮਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਹ ਮੌਕੇ ਤੋਂ ਫਰਾਰ ਹੋ ਗਏ। ਇਧਰੋਂ, ਸੁਰਾਜ ਖਾਨ ਨੇ ਸਾਰਾ ਮਾਮਲਾ ਥਾਣਾ ਡਿਵੀਜ਼ਨ ਨੰਬਰ ਛੇ ਦੀ ਪੁਲਿਸ ਦੇ ਧਿਆਨ ਵਿੱਚ ਲਿਆਂਦਾ। ਕਾਰਵਾਈ ਕਰਦਿਆਂ ਆਪ ਪੁਲਿਸ ਨੇ ਅਭਿਸ਼ੇਕ ਅਤੇ ਪ੍ਰਦੂਮਨ ਨੂੰ ਆਈ20 ਕਾਰ ਸਮੇਤ ਗ੍ਰਿਫ਼ਤਾਰ ਕੀਤਾ। ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਤੀਸਰੇ ਮੁਲਜ਼ਮ ਹਰਵਿੰਦਰ ਦੀ ਤਲਾਸ਼ ਕੀਤੀ ਜਾ ਰਹੀ ਹੈ।



