
ਬਨੂੜ, 6 ਅਗਸਤ : ਥਾਣਾ ਬਨੂੜ ਅਧੀਨ ਪੈਂਦੇ ਪਿੰਡ ਗੱਜੂ ਖੇੜਾ ਵਿੱਚ ਸਥਿਤ ਬਿਜਲੀ ਗਰਿੱਡ ਦੇ ਨੇੜੇ ਸਕੂਲ ਤੋਂ ਪੈਦਲ ਘਰ ਜਾ ਰਹੀ 17 ਸਾਲਾ ਵਿਦਿਆਰਥਣ ਨੂੰ ਟਿੱਪਰ ਨੇ ਬੁਰੀ ਤਰ੍ਹਾਂ ਕੁਚਲ ਦਿੱਤਾ। ਇਸ ਹਾਦਸੇ ਵਿੱਚ ਲੜਕੀ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਾਣਕਾਰੀ ਅਨੁਸਾਰ, ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਪਿੰਡ ਨਰੈਣਾ ਦੇ ਵਸਨੀਕ ਬਲਵਿੰਦਰ ਸਿੰਘ ਦੀ 17 ਸਾਲਾ ਪੁੱਤਰੀ ਜਸਮੀਤ ਕੌਰ ਜੋ ਕਿ ਹੈਰੀਟੇਜ ਪਬਲਿਕ ਸਕੂਲ ਲੈਹਲਾਂ ਵਿਖੇ ਗਿਆਰ੍ਹਵੀਂ ਜਮਾਤ ਵਿੱਚ ਪੜ੍ਹਦੀ ਸੀ। ਜਸਮੀਤ ਕੌਰ ਅੱਜ ਸਕੂਲ ਤੋਂ ਛੁੱਟੀ ਹੋਣ ਉਪਰੰਤ 2.15 ਵਜੇ ਦੇ ਕਰੀਬ ਜਦੋਂ ਪੈਦਲ ਆਪਣੇ ਪਿੰਡ ਵੱਲ ਨੂੰ ਜਾ ਰਹੀ ਸੀ। ਜਦੋਂ ਉਹ ਜਨਸੂਈ ਤੋਂ ਬੀਰੋ ਮਾਜਰੀ ਨੂੰ ਜਾਂਦੀ ਲਿੰਕ ਸੜਕ ‘ਤੇ ਸਥਿਤ ਪਿੰਡ ਗੱਜੂ ਖੇੜਾ ਦੇ ਬਿਜਲੀ ਗਰਿੱਡ ਦੇ ਕੋਲ ਪਹੁੰਚੀ ਤਾਂ ਸਾਹਮਣੇ ਤੋਂ ਆ ਰਹੇ ਇੱਕ ਟਿੱਪਰ ਨੇ ਉਸ ਨੂੰ ਟੱਕਰ ਮਾਰ ਦਿੱਤੀ। ਟੱਕਰ ਤੋਂ ਬਾਅਦ ਲੜਕੀ ਟਿੱਪਰ ਦੇ ਟਾਇਰ ਥੱਲੇ ਆ ਗਈ ਤੇ ਬੁਰੀ ਤਰ੍ਹਾਂ ਕੁਚਲੀ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਲਾਸ਼ ਦੇ ਚੀਥੜੇ ਉੱਡ ਗਏ। ਹਾਦਸੇ ਉਪਰੰਤ ਟਿੱਪਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਸੂਚਨਾ ਮਿਲਦਿਆਂ ਹੀ ਜਾਂਚ ਅਧਿਕਾਰੀ ਏਐਸਆਈ ਜਸਵਿੰਦਰ ਪਾਲ ਮੌਕੇ ‘ਤੇ ਪੁੱਜੇ ਜਿਨ੍ਹਾਂ ਨੇ ਮ੍ਰਿਤਕ ਜਸਮੀਤ ਕੌਰ ਦੀ ਲਾਸ਼ ਨੂੰ ਪੋਸਟਮਾਰਟਮ ਲਈ ਰਾਜਪੁਰਾ ਦੇ ਏਪੀ ਜੈਨ ਹਸਪਤਾਲ ਦੀ ਮੋਰਚਰੀ ਵਿੱਚ ਰਖਵਾ ਦਿੱਤਾ ਹੈ ਅਤੇ ਟਿੱਪਰ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।



