ਪੁਲਿਸ ਮੁਕਾਬਲੇ ‘ਚ ਗੈਂਗਸਟਰ ਗੋਲੀ ਲੱਗਣ ਕਾਰਨ ਜ਼ਖਮੀ
ਦੋਸ਼ੀ ਨੇ ਟੈਲੀਕਾਮ ਮਾਲਕ ਤੋਂ ਫਿਰੋਤੀ ਦੀ ਮੰਗ ਕਰ ਉਸ ਦੇ ਘਰ ਚਲਾਈਆਂ ਸਨ ਗੋਲੀਆਂ

ਕਲਾਨੌਰ, 20 ਅਗਸਤ : ਬੁੱਧਵਾਰ ਤੜਕੇ ਸਰਹੱਦੀ ਪਿੰਡ ਮੀਰਕਚਾਨਾ ਤੋਂ ਅਲਾਵਲਪੁਰ ਨੂੰ ਜਾਣ ਵਾਲੀ ਲਿੰਕ ਸੜਕ ਤੇ ਪੁਲਿਸ ਅਤੇ ਗੈਂਗਸਟਾਰ ਦਰਮਿਆਨ ਹੋਏ ਮੁਕਾਬਲੇ ਵਿੱਚ ਗੈਂਗਸਟਾਰ ਦੀ ਲੱਤ ਵਿੱਚ ਗੋਲੀ ਲੱਗਣ ਉਪਰੰਤ ਉਸ ਨੂੰ ਪਿਸਤੌਲ ਸਮੇਤ ਕਾਬੂ ਕਰਨ ਵਿੱਚ ਪੁਲਿਸ ਨੂੰ ਵੱਡੀ ਸਫਲਤਾ ਪ੍ਰਾਪਤ ਹੋਈ। ਇਸ ਘਟਨਾ ਦੀ ਖਬਰ ਸੁਣਦਿਆਂ ਹੀ ਪੁਲਿਸ ਜ਼ਿਲ੍ਹਾ ਗੁਰਦਾਸਪੁਰ ਦੇ ਐੱਸਐੱਸਪੀ ਅਦਿਤਿਆ ਘਟਨਾ ਸਥਾਨ ਤੇ ਪਹੁੰਚੇ। ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਐਸਐਸਪੀ ਅਦਿੱਤਿਆ ਨੇ ਦੱਸਿਆ ਕਿ ਪਿਛਲੇ ਦਿਨ ਕਸਬਾ ਕਲਾਨੌਰ ਦੇ ਇਕ ਟੈਲੀਕਾਮ ਦੇ ਮਾਲਕ ਤੋਂ ਫਿਰੋਤੀ ਦੀ ਮੰਗ ਲਈ ਟੈਲੀਕਾਮ ਮਾਲਕ ਦੇ ਘਰ ਤੇ ਗੋਲੀ ਚਲਾਉਣ ਸਬੰਧੀ ਨੌਜਵਾਨ ਰਵੀ ਮਸੀਹ ਅਤੇ ਉਸ ਦੇ ਹੋਰ ਸਾਥੀ ਸਮੇਤ ਪੁਲਿਸ ਥਾਣਾ ਕਲਾਨੌਰ ਵਿੱਚ ਮਾਮਲਾ ਦਰਜ ਕੀਤਾ ਗਿਆ ਸੀ। ਐਸਐਸਪੀ ਨੇ ਦੱਸਿਆ ਕਿ ਪੁਲਿਸ ਨੂੰ ਰਵੀ ਮਸੀਹ ਸੰਬੰਧੀ ਗੁਪਤ ਇਤਲਾਹ ਮਿਲਣ ਤੇ ਪੁਲਿਸ ਵੱਲੋਂ ਅੱਜ ਸਵੇਰੇ ਤੜਕਸਾਰ ਅਲਾਵਲਪੁਰ ਲਿੰਕ ਸੜਕ ਤੇ ਨਾਕਾਬੰਦੀ ਕੀਤੀ ਹੋਈ ਸੀ ਕਿ ਇਸ ਦੌਰਾਨ ਜਦੋਂ ਮੁਲਜ਼ਮ ਰਵੀ ਮਸੀਹ ਮੋਟਰਸਾਈਕਲ ਰਾਹੀਂ ਆ ਰਿਹਾ ਸੀ ਤਾਂ ਪੁਲਿਸ ਪਾਰਟੀ ਵੱਲੋਂ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ। ਉਕਤ ਗੈਂਗਸਟਾਰ ਨੇ ਪੁਲਿਸ ਦੇ ਗੋਲੀ ਚਲਾ ਦਿੱਤੀ ਜਿੱਥੇ ਪੁਲਿਸ ਦੇ ਜਵਾਨਾਂ ਵੱਲੋਂ ਆਪਣੀ ਸੁਰੱਖਿਆ ਕਰਦਿਆ ਹੋਇਆ ਗੋਲੀ ਚਲਾਈ ਜੋ ਰਵੀ ਮਸੀਹ ਦੀ ਗੋਲੀ ਲੱਤ ‘ਚ ਵੱਜੀ ਤੇ ਉਹ ਜ਼ਖਮੀ ਹੋਇਆ, ਤੇ ਪੁਲਿਸ ਕਰਮਚਾਰੀਆਂ ਵੱਲੋਂ ਉਸ ਨੂੰ ਕਾਬੂ ਕਰਦਿਆਂ ਹੋਇਆਂ ਉਸ ਤੋਂ ਪਿਸਤੌਲ ਬਰਾਮਦ ਕਰਨ ਉਪਰੰਤ ਇਲਾਜ ਲਈ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਇਸ ਮੌਕੇ ਤੇ ਐੱਸਐੱਸਪੀ ਅਦਿੱਤਿਆ ਨੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਪੂਰੀ ਤਰ੍ਹਾਂ ਮੁਸਤੈਦ ਹੈ ਅਤੇ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ ਉਹਨਾਂ ਕਿਹਾ ਕਿ ਜੋ ਵੀ ਕਾਨੂੰਨ ਦੀ ਉਲੰਘਣਾ ਕਰੇਗਾ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਤੇ ਗੁਰਵਿੰਦਰ ਸਿੰਘ ਚੰਦੀ ਡੀਐਸਪੀ ਸਬ ਡਿਵੀਜ਼ਨ ਕਲਾਨੌਰ, ਐਸ ਐਚ ਓ ਅੰਮ੍ਰਿਤ ਰੰਧਾਵਾ ਪੁਲਿਸ ਕਲਾਨੌਰ ਤੋਂ ਇਲਾਵਾ ਵੱਡੇ ਪੱਧਰ ਤੇ ਪੁਲਿਸ ਕਰਮਚਾਰੀ ਮੌਜੂਦ ਸਨ।



