ਜਗਰਾਓਂ, 25 ਜੂਨ : ਤਲਵੰਡੀ ਧਾਮ ਦੇ ਸਵਾਮੀ ਸ਼ੰਕਰਾ ਨੰਦ ਦੀ ਅਸ਼ਲੀਲ ਵੀਡੀਓ ਮਾਮਲੇ ’ਚ ਮੁੱਲਾਂਪੁਰ ਦਾਖਾ ਦੀ ਪੁਲਿਸ ਨੇ ਉਸ ਦਾ ਲੁਕਆਊਟ ਨੋਟਿਸ ਜਾਰੀ ਕਰ ਦਿੱਤਾ ਹੈ। ਵਰਣਨਯੋਗ ਹੈ ਕਿ ਅਸ਼ਲੀਲ ਵਾਇਰਲ ਵੀਡੀਓ ਮਾਮਲੇ ਵਿਚ ਥਾਣਾ ਮੁੱਲਾਂਪੁਰ ਵਿਖੇ ਸਵਾਮੀ ਸ਼ੰਕਰਾ ਨੰਦ ਖ਼ਿਲਾਫ਼ ਧਾਰਮਿਕ ਭਾਵਨਾਵਾਂ ਭੜਕਾਉਣ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਨੰਬਰ 104 ਦਰਜ ਹੋਇਆ ਸੀ। ਇਸ ਮਾਮਲੇ ’ਚ ਮੁਕੱਦਮਾ ਦਰਜ ਹੋਣ ਤੋਂ ਪਹਿਲਾਂ ਹੀ ਵੀਡੀਓ ਵਾਇਰਲ ਹੁੰਦਿਆਂ ਸਵਾਮੀ ਸ਼ੰਕਰਾ ਨੰਦ ਤਲਵੰਡੀ ਛੱਡ ਕੇ ਫਰਾਰ ਹੋ ਗਏ ਸਨ। ਪੁਲਿਸ ਵੱਲੋਂ ਗ੍ਰਿਫ਼ਤਾਰੀ ਲਈ ਕਈ ਥਾਂਈ ਛਾਪਾਮਾਰੀ ਕੀਤੀ ਗਈ ਪਰ ਅਜੇ ਤਕ ਸਵਾਮੀ ਸ਼ੰਕਰਾ ਨੰਦ ਦੀ ਗ੍ਰਿਫ਼ਤਾਰੀ ਨਾ ਹੋ ਸਕੀ। ਸਵਾਮੀ ਸ਼ੰਕਰਾ ਨੰਦ ਵੱਲੋਂ ਆਪਣੇ ਬਚਾਅ ਲਈ ਜ਼ਮਾਨਤ ਲਗਾਈ ਗਈ ਪਰ ਅਦਾਲਤ ਨੇ ਜ਼ਮਾਨਤ ਰੱਦ ਕਰ ਦਿੱਤੀ। ਇਸ ਤੋਂ ਬਾਅਦ ਪੁਲਿਸ ਨੇ ਗ੍ਰਿਫ਼ਤਾਰੀ ਲਈ ਕਾਰਵਾਈ ਤੇਜ਼ ਕਰਦਿਆਂ ਸਵਾਮੀ ਸ਼ੰਕਰਾ ਨੰਦ ਵਿਦੇਸ਼ ਨਾ ਭੱਜ ਸਕੇ, ਇਸ ਦੇ ਲਈ ਉਨ੍ਹਾਂ ਵੱਲੋਂ ਲੁਕਆਊਟ ਨੋਟਿਸ ਜਾਰੀ ਕਰ ਦਿੱਤਾ ਗਿਆ। ਲੁਕਆਊਟ ਨੋਟਿਸ ਜਾਰੀ ਕਰਨ ਦੀ ਐੱਸਐੱਸਪੀ ਡਾ. ਅੰਕੁਰ ਗੁਪਤਾ ਨੇ ਪੁਸ਼ਟੀ ਕੀਤੀ। ਮੁੱਲਾਂਪੁਰ ਦਾਖਾ ਸਬ ਡਵੀਜ਼ਨ ਦੇ ਡੀਐੱਸਪੀ ਵਰਿੰਦਰ ਸਿੰਘ ਖੋਸਾ ਨੇ ਦੱਸਿਆ ਕਿ ਹੁਣ ਤਕ ਦੀ ਜਾਂਚ ਵਿਚ ਇਹੀ ਸਾਹਮਣੇ ਆਇਆ ਹੈ ਕਿ ਫ਼ਿਲਹਾਲ ਸਵਾਮੀ ਸ਼ੰਕਰਾ ਨੰਦ ਵਿਦੇਸ਼ ਨਹੀਂ ਭੱਜੇ। ਉਹ ਦੇਸ਼ ਨਾ ਛੱਡ ਸਕਣ, ਇਸ ਦੇ ਲਈ ਹੀ ਲੁਕਆਊਟ ਨੋਟਿਸ ਜਾਰੀ ਕੀਤਾ ਗਿਆ ਹੈ।
ਪੁਲਿਸ ਹਰ ਇੱਕ ਸ਼ਿਕਾਇਤ ’ਤੇ ਕਰ ਰਹੀ ਹੈ ਕਾਰਵਾਈ
ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਐੱਸਐੱਸਪੀ ਡਾ. ਅੰਕੁਰ ਗੁਪਤਾ ਨੇ ਕਿਹਾ ਕਿ ਪੁਲਿਸ ਸਵਾਮੀ ਸ਼ੰਕਰਾ ਨੰਦ ਦੀ ਅਸ਼ਲੀਲ ਵਾਇਰਲ ਵੀਡੀਓ ਮਾਮਲੇ ਵਿਚ ਮੁਕੱਦਮਾ ਦਰਜ ਕਰ ਚੁੱਕੀ ਹੈ। ਛੁਡਾਨੀ ਧਾਮ ਦੇ ਮੁਖੀ ਸਮੇਤ ਇਸ ਮਾਮਲੇ ’ਚ ਪੁਲਿਸ ਨੂੰ ਜਿੰਨੀਆਂ ਵੀ ਸ਼ਿਕਾਇਤਾਂ ਮਿਲੀਆਂ ਹਨ, ਉਨ੍ਹਾਂ ਸਾਰਿਆਂ ਦੀ ਹੀ ਜਾਂਚ ਅਤੇ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਫ਼ਿਲਹਾਲ ਇੱਕ ਐੱਫਆਈਆਰ ਹੀ ਦਰਜ ਕਰਨੀ ਬਣਦੀ ਸੀ। ਬਾਕੀ ਸ਼ਿਕਾਇਤ ਕਰਤਾਵਾਂ ਦੇ ਇਸੇ ਮਾਮਲੇ ਵਿਚ ਬਿਆਨ ਕਲਮਬੰਦ ਕਰਕੇ ਨਾਲ ਜੋੜਿਆ ਜਾ ਰਿਹਾ ਹੈ।
ਸਵਾਮੀ ਸ਼ੰਕਰਾ ਨੰਦ ਦੇ ਪੱਖ ਵਿਚ ਬੋਲੇ ਸੇਵਾਦਾਰ ਅਤੇ ਸੰਗਤ
ਤਲਵੰਡੀ ਧਾਮ ਦੇ ਸਵਾਮੀ ਸ਼ੰਕਰਾ ਨੰਦ ਦੀ ਅਸ਼ਲੀਲ ਵੀਡੀਓ ਮਾਮਲੇ ਵਿਚ ਉਨ੍ਹਾਂ ਦੇ ਪੱਖ ’ਚ ਉਨ੍ਹਾਂ ਦੇ ਨਜ਼ਦੀਕੀਆਂ ਨੇ ਆਖ਼ਿਰਕਾਰ ਚੁੱਪੀ ਤੋੜੀ। ਸਵਾਮੀ ਸ਼ੰਕਰਾ ਨੰਦ ਦੇ ਨਜ਼ਦੀਕੀ ਸਵਾਮੀ ਓਮਾ ਨੰਦ ਨੇ ਚਾਹੇ ਇਸ ਵੀਡੀਓ ਨੂੰ ਝੂਠੀ ਜਾਂ ਸੱਚੀ ਬਾਰੇ ਕੁਝ ਸਪੱਸ਼ਟ ਨਹੀਂ ਕਿਹਾ। ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਜਾਂਚ ਸ਼ੁਰੂ ਹੋ ਚੁੱਕੀ ਹੈ ਜਲਦੀ ਅਸਲੀਅਤ ਸਾਹਮਣੇ ਆ ਜਾਵੇਗੀ। ਡੇਰੇ ’ਚ ਉਨ੍ਹਾਂ ਨਾਲ ਮੌਜੂਦ ਸ਼ਰਧਾਲੂਆਂ ਨੇ ਇਸ ਵੀਡੀਓ ਨੂੰ ਪੂਰੀ ਤਰ੍ਹਾਂ ਫੇਕ ਦੱਸਿਆ। ਉਨ੍ਹਾਂ ਕਿਹਾ ਕਿ ਇਹ ਵੀਡੀਓ ਸੱਚੀ ਨਹੀਂ ਹੈ, ਉਨ੍ਹਾਂ ਨੂੰ ਵੀ ਕਾਨੂੰਨ ’ਤੇ ਭਰੋਸਾ ਹੈ ਅਤੇ ਜਲਦੀ ਹੀ ਇਸ ਦੀ ਸੱਚਾਈ ਸਾਹਮਣੇ ਆਵੇਗੀ।
URL Copied