Punjab

ਪੁਲਿਸ ਨੇ ਦਸ ਘੰਟਿਆਂ ’ਚ ਸੁਲਝਾਇਆ ਨੌਜਵਾਨ ਦੇ ਕਤਲ ਦਾ ਮਾਮਲਾ, ਇਕੱਠਿਆਂ ਪੀਤੀ ਸ਼ਰਾਬ, ਹੋਈ ਬਹਿਸ ਤੇ ਫਿਰ…

ਕੈਰੋ, 11 ਮਾਰਚ-ਤਰਨਤਾਰਨ ਜ਼ਿਲ੍ਹੇ ਦੇ ਪਿੰਡ ਬੁਰਜ ਦੇਵਾ ਸਿੰਘ ਵਾਸੀ ਨੌਜਵਾਨ ਦਾ ਤੇਜਧਾਰ ਹਥਿਆਰਾਂ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਉਕਤ ਨੌਜਵਾਨ ਦੀ ਲਾਸ਼ ਖੂਨਾ ਨਾਲ ਲਥ ਪਥ ਪਿੰਡ ਬੂਹ ਤੋਂ ਮਿਲੀ ਸੀ। ਮੌਕੇ ’ਤੇ ਪੁੱਜੀ ਪੁਲਿਸ ਨੇ ਜਾਂਚ ਸ਼ੁਰੂ ਕਰਦਿਆਂ ਉਕਤ ਮਾਮਲੇ ਨੂੰ ਦਸ ਘੰਟਿਆਂ ਅੰਦਰ ਹੀ ਸੁਲਝਾ ਲਿਆ ਅਤੇ ਨੌਜਵਾਨ ਨੂੰ ਕਥਿਤ ਤੌਰ ’ਤੇ ਕਤਲ ਕਰਨ ਦੇ ਮਾਮਲੇ ਵਿਚ ਉਸਦੇ ਦੋਸਤ ਨੂੰ ਕਾਬੂ ਵੀ ਕਰ ਲਿਆ। ਦੱਸਿਆ ਜਾ ਰਿਹਾ ਹੈ ਕਿ ਇਕੱਠਿਆਂ ਸ਼ਰਾਬ ਪੀਂਦੇ ਹੋਈ ਬਹਿਸਬਾਜ਼ੀ ਤੋਂ ਬਾਅਦ ਦੋਸਤ ਨੇ ਹੀ ਉਸਦਾ ਕਤਲ ਕਰ ਦਿੱਤਾ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਬੂਹ ਹਵੇਲੀਆਂ ਵਿਖੇ ਇਕ ਨੌਜਵਾਨ ਦੀ ਖੂਨ ਨਾਲ ਲਥ ਪਥ ਲਾਸ਼ ਮਿਲੀ ਸੀ। ਜਿਸ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕੀਤੇ ਜਾਣ ਦੀ ਸ਼ੰਕਾ ਜਿਤਾਈ ਜਾ ਰਹੀ ਸੀ। ਮ੍ਰਿਤਕ ਨੌਜਵਾਨ ਦੀ ਪਛਾਣ ਵਰਿੰਦਰ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਪਿੰਡ ਬੁਰਜ ਦੇਵਾ ਸਿੰਘ ਵਜੋਂ ਹੋਈ ਹੈ। ਮ੍ਰਿਤਕ ਨੌਜਵਾਨ ਦੇ ਪਿਤਾ ਕੁਲਵੰਤ ਸਿੰਘ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸਦਾ ਲੜਕਾ ਵਰਿੰਦਰ ਸਿੰਘ (32) ਜਾਮਨਗਰ ਵਿਖੇ ਕੰਮ ਕਰਦਾ ਸੀ। ਉਹ 6 ਮਾਰਚ ਨੂੰ ਜਾਮਨਗਰ ਤੋਂ ਵਾਪਸ ਪਿੰਡ ਬੁਰਜ ਦੇਵਾ ਸਿੰਘ ਆਇਆ ਅਤੇ ਲੰਘੀ ਰਾਤ ਆਪਣੇ ਦੋਸਤ ਨਾਲ ਮੋਟਰਸਾਈਕਲ ’ਤੇ ਸਵਾਰ ਹੋ ਕੇ ਹਰੀਕੇ ਪੱਤਣ ਗਿਆ ਸੀ। ਉਥੇ ਪਹੁੰਚ ਕੇ ਵਰਿੰਦਰ ਸਿੰਘ ਨੇ ਆਪਣੇ ਦੋਸਤ ਨੂੰ ਮੋਟਰਸਾਈਕਲ ਦੇ ਕੇ ਵਾਪਸ ਭੇਜ ਦਿੱਤਾ ਅਤੇ ਦੂਸਰੇ ਦੋਸਤ ਸੰਦੀਪ ਸਿੰਘ ਵਾਸੀ ਬੂਹ ਨਾਲ ਨਾਲ ਉਸਦੇ ਘਰ ਚਲਾ ਗਿਆ। ਕੁਲਵੰਤ ਸਿੰਘ ਨੇ ਦੱਸਿਆ ਕਿ ਰਾਤ ਨੂੰ ਉਸ ਦਾ ਲੜਕਾ ਘਰ ਨਹੀਂ ਆਇਆ ਤੇ ਸਾਰੀ ਰਾਤ ਉਸਦੀ ਭਾਲ ਕਰਦੇ ਰਹੇ। ਸੋਮਵਾਰ ਸਵੇਰੇ ਕਿਸੇ ਰਾਹਗੀਰ ਨੇ ਦੱਸਿਆ ਕਿ ਪਿੰਡ ਬੂਹ ਹਵੇਲੀਆਂ ਲਿੰਕ ਰੋਡ ’ਤੇ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ ਹੈ। ਜਦੋਂ ਉਹ ਉਥੇ ਪਹੁੰਚੇ ਤਾਂ ਲਾਸ਼ ਉਨ੍ਹਾਂ ਦੇ ਲੜਕੇ ਵਰਿੰਦਰ ਸਿੰਘ ਦੀ ਸੀ। ਜਿਸ ਦੇ ਸਰੀਰ ’ਤੇ ਤੇਜ਼ਧਾਰ ਹਥਿਆਰਾਂ ਨਾਲ ਲੱਗੀਆਂ ਸੱਟਾਂ ਦੇ ਨਿਸ਼ਾਨ ਸਨ। ਘਟਨਾ ਦੀ ਸੂਚਨਾ ਮਿਲਣ ’ਤੇ ਡੀਐੱਸਪੀ ਪੱਟੀ ਕੰਵਲਪ੍ਰੀਤ ਸਿੰਘ ਅਤੇ ਥਾਣਾ ਹਰੀਕੇ ਦੇ ਮੁਖੀ ਇੰਸਪੈਕਟਰ ਰਣਜੀਤ ਸਿੰਘ ਮੌਕੇ ’ਤੇ ਪੁੱਜ ਗਏ। ਥਾਣਾ ਮੁਖੀ ਨੇ ਰਣਜੀਤ ਸਿੰਘ ਨੇ ਦੱਸਿਆ ਕਿ ਜਾਂਚ ਦੌਰਾਨ ਸ਼ੱਕ ਦੀ ਸੂਈ ਮ੍ਰਿਤਕ ਨੌਜਵਾਨ ਸੰਦੀਪ ਸਿੰਘ ’ਤੇ ਗਈ ਅਤੇ ਪੁਲਿਸ ਨੇ ਜਦੋਂ ਪੁੱਛਗਿੱਛ ਕੀਤੀ ਤਾਂ ਸੰਦੀਪ ਸਿੰਘ ਨੇ ਮੰਨਿਆ ਕਿ ਉਸ ਨੇ ਹੀ ਵਰਿੰਦਰ ਸਿੰਘ ਦਾ ਕਤਲ ਕੀਤਾ ਹੈ। ਥਾਣਾ ਮੁਖੀ ਰਣਜੀਤ ਸਿੰਘ ਨੇ ਕਿਹਾ ਕਿ ਸੰਦੀਪ ਸਿੰਘ ਅਤੇ ਵਰਿੰਦਰ ਸਿੰਘ ਦੋਵੇਂ ਦੋਸਤ ਸਨ ਤੇ ਦੋਵਾਂ ਨੇ ਪਹਿਲਾਂ ਇਕੱਠਿਆਂ ਸ਼ਰਾਬ ਪੀਤੀ। ਇਸ ਦੌਰਾਨ ਦੋਵਾਂ ਦੀ ਬਹਿਸਬਾਜ਼ੀ ਹੋ ਗਈ ਅਤੇ ਸੰਦੀਪ ਸਿੰਘ ਨੇ ਕਿਰਚ ਮਾਰ ਕੇ ਵਰਿੰਦਰ ਸਿੰਘ ਦਾ ਕਤਲ ਕਰ ਦਿੱਤਾ ਅਤੇ ਕਿਰਚ ਨੇੜਲੇ ਕਣਕ ਦੇ ਖੇਤ ਵਿਚ ਸੁੱਟ ਦਿੱਤੀਜਦੋਂਕਿ ਵਰਿੰਦਰ ਸਿੰਘ ਦਾ ਫੋਨ ਉਹ ਨਾਲ ਲੈ ਗਿਆ, ਜਿਸ ਨੂੰ ਅੱਗੇ ਜਾ ਕੇ ਸੁੱਟ ਦਿੱਤਾ ਤੇ ਫਰਾਰ ਹੋ ਗਿਆ। ਉਨ੍ਹਾਂ ਦੱਸਿਆ ਕਿ ਸੰਦੀਪ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਬੂਹ ਨੂੰ ਕਾਬੂ ਕਰ ਲਿਆ ਗਿਆ ਹੈ ਤੇ ਕਤਲ ਲਈ ਵਰਤੀ ਕਿਰਚ ਅਤੇ ਮ੍ਰਿਤਕ ਵਰਿੰਦਰ ਸਿੰਘ ਦਾ ਮੋਬਾਈਲ ਵੀ ਬਰਾਮਦ ਕਰ ਲਿਆ ਹੈ।

Related Articles

Leave a Reply

Your email address will not be published. Required fields are marked *

Back to top button