
ਜਲੰਧਰ, 5 ਅਗਸਤ : ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਇਤਿਹਾਸਿਕ ਅਸਥਾਨ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਵਿਖੇ ਰੱਖੜ ਪੁੰਨਿਆ ਦੇ ਦਿਹਾੜੇ ‘ਤੇ 9 ਅਗਸਤ ਨੂੰ ਮੀਰੀ-ਪੀਰੀ ਕਾਨਫਰੰਸ ਕੀਤੀ ਜਾਵੇਗੀ। ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਮੁਖੀ ਸਿਮਰਨਜੀਤ ਸਿੰਘ ਮਾਨ ਨੇ ਦਲ ਖਾਲਸਾ ਨਾਲ ਸਾਂਝੇ ਤੌਰ ’ਤੇ ਇਥੇ ਕਿਹਾ ਕਿ ਮੀਰੀ-ਪੀਰੀ ਕਾਨਫਰੰਸ ’ਚ ਪਾਰਟੀ ਵੱਲੋਂ ਭਵਿੱਖ ਦੀ ਰਣਨੀਤੀ ਲਈ ਦਿੱਤੇ ਜਾਣ ਵਾਲੇ ਸੰਦੇਸ਼ ਨੂੰ ਘਰ-ਘਰ ਪਹੁੰਚਾਉਣ ਲਈ ਦਲ ਖ਼ਾਲਸਾ ਆਦਿ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਨੂੰ ਵੀ ਲਾਮਬੰਦ ਕੀਤਾ ਜਾਵੇਗਾ। ਉਨ੍ਹਾਂ ਰੋਸ ਜਤਾਉਂਦੇ ਹੋਏ ਕਿਹਾ ਕਿ ਬੀਤੇ ਸਮੇ ’ਚ ਹੁਕਮਰਾਨਾਂ ਨੇ ਆਜ਼ਾਦੀ ਪ੍ਰਾਪਤੀ ਤੋਂ ਪਹਿਲੇ ਸਿੱਖ ਕੌਮ ਨਾਲ ਵਾਅਦਾ ਕੀਤਾ ਸੀ ਕਿ ਉੱਤਰ ’ਚ ਸਿੱਖ ਕੌਮ ਨੂੰ ਇਕ ਆਜ਼ਾਦ ਖਿੱਤਾ ਦਿੱਤਾ ਜਾਵੇਗਾ, ਜਿਥੇ ਉਹ ਆਪਣੀਆਂ ਧਾਰਮਿਕ, ਸਮਾਜਿਕ ਰਹੁਰੀਤੀਆਂ ਅਨੁਸਾਰ ਆਜ਼ਾਦੀ ਨਾਲ ਆਪਣਾ ਜੀਵਨ ਬਸਰ ਕਰ ਸਕਣਗੇ ਪਰ ਅਫਸੋਸ ਦੀ ਗੱਲ ਹੈ ਕਿ ਹੁਕਮਰਾਨਾਂ ਨੇ ਵਾਅਦੇ ਤੋਂ ਮੁਨਕਰ ਹੋ ਕੇ ਸਿੱਖ ਕੌਮ ਨਾਲ ਵੱਡਾ ਧੋਖਾ ਕੀਤਾ। ਇਸ ਲਈ ਸਿੱਖ ਕੌਮ ਦਾ 15 ਅਗਸਤ ਦੇ ਦਿਹਾੜੇ ਨਾਲ ਕੋਈ ਵੀ ਸਬੰਧ ਨਹੀ ਬਲਕਿ ਇਹ ਦਿਨ ਸਿੱਖ ਕੌਮ ਲਈ ਨਿਰੰਤਰ ‘ਕਾਲੇ ਦਿਨ’ ਵਜੋਂ ਹੀ ਮੰਨਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਦਲ ਖ਼ਾਲਸਾ ਤੇ ਹੋਰ ਹਮਖਿਆਲ ਜਥੇਬੰਦੀਆਂ ਇਸ ਦਿਨ ਕਾਲੀਆਂ ਝੰਡੀਆਂ, ਕਾਲੇ ਬਿੱਲੇ ਲਗਾ ਕੇ ਜਲੰਧਰ, ਫਿਰੋਜ਼ਪੁਰ ਤੇ ਪਟਿਆਲਾ ਵਿਖੇ ਵੱਡੇ ਪੱਧਰ ’ਤੇ ਕਾਲੇ ਦਿਨ ਵਜੋਂ ਮਨਾਉਣਗੀਆ। ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਵੱਲੋਂ ਸਿਮਰਨਜੀਤ ਸਿੰਘ ਮਾਨ ਨੂੰ ਸੁਖੀ ਚਾਹਲ ਦੀ ਮੌਤ ਬਾਰੇ ਪੁੱਛੇ ਗਏ ਸਵਾਲ ਦਾ ਸਿਮਰਨਜੀਤ ਸਿੰਘ ਮਾਨ ਵੱਲੋਂ ਜਵਾਬ ਦੇਣ ਤੋਂ ਪਹਿਲਾਂ ਹੀ ਦਲ ਖ਼ਾਲਸਾ ਦੇ ਸਕੱਤਰ ਕੰਵਰਪਾਲ ਸਿੰਘ ਬਿੱਟੂ ਨੇ ਜਵਾਬ ਦਿੰਦਿਆਂ ਕਿਹਾ ਕਿ ਸੁਖੀ ਚਾਹਲ ਪੰਜਾਬ ਵਿੱਚ ਪੰਜਾਬ ਪੁਲਿਸ ਦਾ ਮੁਖ਼ਬਰ ਸੀ। ਜਿਸ ਨੇ ਬਹੁਤ ਸਾਰੇ ਲੋਕਾਂ ਦਾ ਪੁਲਿਸ ਹੱਥੋਂ ਨੁਕਸਾਨ ਕਰਵਾਇਆ ਹੈ। ਵਿਦੇਸ਼ ਵਿੱਚ ਉਸ ਨੂੰ ਕਿਸ ਨੇ ਮਾਰਿਆ ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਕਿਉਂਕਿ ਉਸਨੇ ਆਪਣੇ ਆਪ ਵਿੱਚ ਬਹੁਤ ਸਾਰੇ ਦੁਸ਼ਮਣ ਪਾਲੇ ਹੋਏ ਸਨ। ਉਨ੍ਹਾਂ ਪੰਜਾਬ ਸਰਕਾਰ ਵੱਲੋਂ ਗੈਰ ਕਾਨੂੰਨੀ ਢੰਗ ਨਾਲ ਜ਼ਮੀਨਾਂ ’ਤੇ ਕਬਜ਼ੇ ਕਰਨ ਦੀ ਪੁਰਜ਼ੋਰ ਨਿਖੇਧੀ ਕੀਤੀ। ਇਸ ਮੌਕੇ ਉਨ੍ਹਾਂ ਨਾਲ ਸੁਖਜੀਤ ਸਿੰਘ ਡਰੋਲੀ, ਬਗੇਲ ਸਿੰਘ, ਦਲ ਖਾਲਸਾ ਦੇ ਆਗੂ ਪਰਮਜੀਤ ਸਿੰਘ ਮੰਡ ਆਦਿ ਮੌਜੂਦ ਸਨ।



