
ਅੰਮ੍ਰਿਤਸਰ, 27 ਜੁਲਾਈ : ਸ਼ਨਿਚਰਵਾਰ ਸਵੇਰੇ ਪੁਲਿਸ ਤੇ ਗੈਂਗਸਟਰ ਵਿਚਕਾਰ ਮੁਕਾਬਲਾ ਹੋ ਗਿਆ ਜਦੋਂ ਪੁਲਿਸ ਮੁਲਾਜ਼ਮ ਗੈਂਗਸਟਰ ਵੱਲੋਂ ਦਿੱਤੀ ਗਈ ਨਿਸ਼ਾਨਦੇਈ ’ਤੇ ਥਾਣਾ ਸਦਰ ਅਧੀਨ ਆਉਂਦੇ ਸੁੰਨਸਾਨ ਇਲਾਕੇ ਵਿਚ ਪਿਸਤੌਲ ਬਰਾਮਦ ਕਰਨ ਪਹੁੰਚੇ ਹਨ। ਜਦੋਂ ਮੁਲਜ਼ਮ ਨੇ ਏਐੱਸਆਈ ਦਾ ਪਿਸਤੌਲ ਕੱਢ ਕੇ ਗੋਲ਼ੀ ਚਲਾਉਣ ਦੀ ਕੋਸ਼ਿਸ਼ ਕੀਤੀ ਤਾਂ ਮੁਕਾਬਲੇ ਦੌਰਾਨ ਇਕ ਗੋਲੀ ਚੱਲ ਗਈ। ਗੋਲੀ ਮੁਲਜ਼ਮ ਦੇ ਪੈਰ ਵਿਚ ਲੱਗੀ ਅਤੇ ਉਹ ਗੰਭੀਰ ਜ਼ਖ਼ਮੀ ਹੋ ਗਿਆ। ਉਸ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਸੀਪੀ ਗੁਰਪ੍ਰੀਤ ਸਿੰਘ ਭੁੱਲਰ ਨੇ ਗੋਲ਼ੀ ਲੱਗਣ ਨਾਲ ਜ਼ਖਮੀ ਹੋਏ ਮੁਲਜ਼ਮ ਦੀ ਪਛਾਣ ਅਮਨਦੀਪ ਸਿੰਘ ਵਜੋਂ ਕੀਤੀ, ਜੋ ਕਿ ਮਹਿਤਾ ਦਾ ਰਹਿਣ ਵਾਲਾ ਹੈ। ਸੀਪੀ ਭੁੱਲਰ ਨੇ ਦੱਸਿਆ ਕਿ ਅਮਨਦੀਪ ਸਿੰਘ ਅਤੇ ਸਿਮਰਨਪਾਲ ਸਿੰਘ ਨੂੰ ਪੁਲਿਸ ਨੇ ਸ਼ੁੱਕਰਵਾਰ ਰਾਤ ਨੂੰ ਗ੍ਰਿਫ਼ਤਾਰ ਕੀਤਾ ਸੀ। ਮੁਲਜ਼ਮ ਦੇ ਦੋ ਹੋਰ ਸਾਥੀ ਹਰਪ੍ਰੀਤ ਸਿੰਘ ਉਰਫ਼ ਹੈਪੀ ਅਤੇ ਸਿਮਰਨ ਜੋ ਕਿ ਗੁਰਦਾਸਪੁਰ ਦੇ ਰਹਿਣ ਵਾਲੇ ਹਨ, ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਸੀਪੀ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਮੁਲਜ਼ਮ ਨੇ ਸਦਰ ਇਲਾਕੇ ਵਿਚ ਰਹਿਣ ਵਾਲੇ ਇੱਕ ਵਪਾਰੀ ਦੇ ਅਦਾਰੇ ਦੇ ਬਾਹਰ ਗੋਲ਼ੀਬਾਰੀ ਕੀਤੀ ਸੀ ਅਤੇ ਇਨ੍ਹਾਂ ਵਿਦੇਸ਼ ਵਿਚ ਰਹਿਣ ਵਾਲੇ ਗੈਂਗਸਟਰ ਡੋਨੀ ਬਲ ਦੇ ਨਾਂ ’ਤੇ ਲੱਖਾਂ ਦੀ ਫਿਰੌਤੀ ਮੰਗੀ ਸੀ। ਪੁਲਿਸ ਨੇ ਹਰਪ੍ਰੀਤ ਸਿੰਘ ਹੈਪੀ ਅਤੇ ਸਿਮਰਨ ਨੂੰ ਗ੍ਰਿਫ਼ਤਾਰ ਕਰ ਲਿਆ। ਹੈਪੀ ਨੇ ਉਦੋਂ ਵੀ ਪੁਲਿਸ ’ਤੇ ਗੋਲੀਬਾਰੀ ਕੀਤੀ ਸੀ ਅਤੇ ਜਵਾਬੀ ਗੋਲੀਬਾਰੀ ਵਿਚ ਉਹ ਜ਼ਖਮੀ ਹੋ ਗਿਆ। ਹੁਣ ਪੁਲਿਸ ਨੇ ਅਮਨਦੀਪ ਸਿੰਘ ਅਤੇ ਸਿਮਰਨਪਾਲ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸਿਮਰਨਪਾਲ ਨੇ ਦੱਸਿਆ ਕਿ ਉਸ ਨੇ ਅਪਰਾਧ ਵਿਚ ਵਰਤੀ ਗਈ ਪਿਸਤੌਲ ਸਦਰ ਦੇ ਇਕ ਸੁੰਨਸਾਨ ਇਲਾਕੇ ਵਿਚ ਲੁਕੋ ਦਿੱਤੀ ਸੀ। ਇਸ ਤੋਂ ਬਾਅਦ ਪੁਲਿਸ ਅਮਨਦੀਪ ਨੂੰ ਲੈ ਕੇ ਉੱਥੇ ਪਹੁੰਚ ਗਈ। ਮੌਕਾ ਮਿਲਦੇ ਹੀ ਅਮਨਦੀਪ ਨੇ ਏਐੱਸਆਈ ਤੋਂ ਪਿਸਤੌਲ ਖੋਹਣ ਦੀ ਕੋਸ਼ਿਸ਼ ਕੀਤੀ। ਦੋਵਾਂ ਵਿਚਕਾਰ ਝੜਪ ਹੋ ਗਈ ਅਤੇ ਅਚਾਨਕ ਗੋਲੀ ਚੱਲ ਗਈ। ਗੋਲੀ ਅਮਨਦੀਪ ਦੀ ਲੱਤ ਵਿਚ ਲੱਗੀ ਅਤੇ ਉਹ ਜ਼ਖਮੀ ਹੋ ਗਿਆ।



