Punjab

ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਗੋਲੀਬਾਰੀ! ਖ਼ਤਰਨਾਕ ਲੁਟੇਰਾ ਕਾਬੂ

ਖੰਨਾ, 11 ਜੂਨ 2025- ਖੰਨਾ ‘ਚ ਪੁਲਿਸ ਮੁਕਾਬਲੇ ‘ਚ ਇੱਕ ਖ਼ਤਰਨਾਕ ਲੁਟੇਰੇ ਨੂੰ ਗੋਲੀ ਲੱਗਣ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ ਗਿਆ। ਲੁਟੇਰੇ ਦੀ ਪਛਾਣ ਅਰੁਣ ਕੁਮਾਰ ਪੁੱਤਰ ਜਤਿੰਦਰ ਕੁਮਾਰ ਵਾਸੀ ਕਬਜ਼ਾ ਫੈਕਟਰੀ ਰੋਡ ਖੰਨਾ ਵਜੋਂ ਹੋਈ ਹੈ। ਮੁਲਜ਼ਮ ਅਨੇਕ ਚੋਰੀਆਂ ਅਤੇ ਲੁੱਟਾਂ-ਖੋਹਾਂ ਦੇ ਮਾਮਲਿਆਂ ਵਿੱਚ ਪਹਿਲਾਂ ਤੋਂ ਲੋੜੀਂਦਾ ਸੀ।ਡੀਐਸਪੀ ਅੰਮ੍ਰਿਤਪਾਲ ਸਿੰਘ ਭਾਟੀ ਨੇ ਦੱਸਿਆ ਕਿ ਇਹ ਕਾਰਵਾਈ ਥਾਣਾ ਸਿਟੀ-2 ਖੰਨਾ ਅਧੀਨ ਆਉਂਦੇ ਮਿਲਟਰੀ ਗਰਾਉਂਡ ਵਿੱਚ ਕੀਤੀ ਗਈ, ਜਿੱਥੇ ਮੁਲਜ਼ਮ ਨੇ 32 ਬੋਰ ਪਿਸਤੌਲ ਨਾਲ ਪੁਲਿਸ ‘ਤੇ ਗੋਲੀਬਾਰੀ ਕੀਤੀ। ਜਵਾਬੀ ਕਾਰਵਾਈ ਵਿੱਚ ਉਸਨੂੰ ਲੱਤ ਵਿੱਚ ਗੋਲੀ ਲੱਗੀ ਅਤੇ ਉਸਨੂੰ ਤੁਰੰਤ ਸਿਵਲ ਹਸਪਤਾਲ ਖੰਨਾ ਵਿੱਚ ਦਾਖਲ ਕਰਵਾਇਆ ਗਿਆ। ਸਿਟੀ ਥਾਣਾ 2 ਦੀ ਪੁਲਿਸ ਨੇ ਅਰੁਣ ਕੁਮਾਰ ਵਾਸੀ ਕਬਜ਼ਾ ਫੈਕਟਰੀ ਰੋਡ ਖੰਨਾ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਕਿ ਚੋਰੀ ਦੇ ਮਾਮਲੇ ਵਿੱਚ ਲੋੜੀਂਦਾ ਸੀ। ਉਸਨੇ ਕਰਤਾਰ ਨਗਰ ਦੇ ਇੱਕ ਘਰ ਵਿੱਚ ਚੋਰੀ ਕੀਤੀ ਸੀ। ਇਸ ਗਰੀਬ ਪਰਿਵਾਰ ਦੀ ਧੀ ਦਾ ਵਿਆਹ ਸੀ। ਅਰੁਣ ਉੱਥੋਂ ਸਾਰਾ ਸਾਮਾਨ ਲੈ ਗਿਆ ਸੀ। ਜਦੋਂ ਉਸਦੀ ਭਾਲ ਜਾਰੀ ਸੀ, ਤਾਂ ਪੁਲਿਸ ਨੇ ਉਸਨੂੰ ਗ੍ਰਿਫ਼ਤਾਰ ਕਰ ਲਿਆ। ਪੁੱਛਗਿੱਛ ਦੌਰਾਨ ਮੁਲਜ਼ਮ ਨੇ ਸਵੀਕਾਰ ਕੀਤਾ ਕਿ ਉਸਨੇ ਚੋਰੀ ਦਾ ਸੋਨਾ ਮਿਲਟਰੀ ਗਰਾਉਂਡ ਚ ਲੁਕਾ ਕੇ ਰੱਖਿਆ ਹੈ। ਜਦੋਂ ਪੁਲਿਸ ਪਾਰਟੀ ਦੋਸ਼ੀ ਨੂੰ ਮਿਲਟਰੀ ਗਰਾਉਂਡ ਵਿੱਚ ਸਥਿਤ ਇੱਕ ਖੰਡਰ ਇਮਾਰਤ ਵਿੱਚ ਲੈ ਗਈ, ਤਾਂ ਅਰੁਣ ਨੇ ਇੱਕ ਕੋਨੇ ਵਿੱਚ ਲੁਕਾਇਆ 32 ਬੋਰ ਦਾ ਦੇਸੀ ਪਿਸਤੌਲ ਕੱਢਿਆ ਅਤੇ ਪੁਲਿਸ ਪਾਰਟੀ ‘ਤੇ ਹਮਲਾ ਕਰ ਦਿੱਤਾ। ਪੁਲਿਸ ਦੀ ਜਾਨ-ਮਾਲ ਦੀ ਰਾਖੀ ਲਈ, ਐਸਐਚਓ ਨੇ ਆਪਣੀ ਸਰਵਿਸ ਪਿਸਤੌਲ ਤੋਂ ਗੋਲੀ ਚਲਾਈ, ਜੋ ਦੋਸ਼ੀ ਦੀ ਸੱਜੀ ਲੱਤ ਵਿੱਚ ਲੱਗੀ। ਦੋਸ਼ੀ ਨੂੰ ਤੁਰੰਤ ਜ਼ਖਮੀ ਹਾਲਤ ਵਿੱਚ ਫੜ ਲਿਆ ਗਿਆ ਅਤੇ ਐਂਬੂਲੈਂਸ ਉਪਲਬਧ ਨਾ ਹੋਣ ਕਾਰਨ ਉਸਨੂੰ ਸਰਕਾਰੀ ਗੱਡੀ ਵਿੱਚ ਸਿਵਲ ਹਸਪਤਾਲ ਲਿਜਾਇਆ ਗਿਆ। ਫੋਰੈਂਸਿਕ ਜਾਂਚ ਟੀਮ ਦੇ ਆਉਣ ਤੱਕ ਮੌਕੇ ਨੂੰ ਸੀਲ ਕਰ ਦਿੱਤਾ ਗਿਆ ਹੈ। ਦੋਸ਼ੀ ਵਿਰੁੱਧ ਪੁਲਿਸ ਪਾਰਟੀ ‘ਤੇ ਕਾਤਲਾਨਾ ਹਮਲਾ, ਡਿਊਟੀ ਵਿੱਚ ਰੁਕਾਵਟ ਪਾਉਣ ਅਤੇ ਗੈਰ-ਕਾਨੂੰਨੀ ਹਥਿਆਰ ਰੱਖਣ ਦਾ ਇੱਕ ਹੋਰ ਮਾਮਲਾ ਦਰਜ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਅਰੁਣ ਕੁਮਾਰ ਪਹਿਲਾਂ ਵੀ ਚੋਰੀ ਦੇ ਮਾਮਲਿਆਂ ਵਿੱਚ ਨਾਮਜ਼ਦ ਹੈ ਅਤੇ ਉਹ 30 ਜਨਵਰੀ 2025 ਨੂੰ ਜ਼ਮਾਨਤ ‘ਤੇ ਜੇਲ੍ਹ ਤੋਂ ਬਾਹਰ ਆਇਆ ਸੀ। ਆਉਂਦੇ ਹੀ ਉਸਨੇ ਦੁਬਾਰਾ ਚੋਰੀਆਂ ਅਤੇ ਲੁੱਟਾਂ-ਖੋਹਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਦੂਜੇ ਪਾਸੇ, ਮੁਕਾਬਲੇ ਤੋਂ ਬਾਅਦ ਐਸਐਸਪੀ ਖੰਨਾ ਡਾ. ਜੋਤੀ ਯਾਦਵ ਨੇ ਵੀ ਮੌਕੇ ਦਾ ਦੌਰਾ ਕੀਤਾ ਅਤੇ ਉਨ੍ਹਾਂ ਖੰਨਾ ਪੁਲਿਸ ਦੀ ਬਹਾਦਰੀ ਦੀ ਪ੍ਰਸ਼ੰਸਾ ਕੀਤੀ।

Related Articles

Leave a Reply

Your email address will not be published. Required fields are marked *

Back to top button