ਪੁਲਸੀਆਂ ਧੱਕੇਸ਼ਾਹੀ ਖ਼ਿਲਾਫ਼ ਪੱਤਰਕਾਰ ਭਾਈਚਾਰਾ 15 ਜਨਵਰੀ ਤੋਂ ਉਤਰੇਗਾ ਸੜਕਾਂ ’ਤੇ
ਪੁਲਿਸ ਨਹੀਂ ਹੋਈ ਟੱਸ ਤੋਂ ਮੱਸ, ਸਮੱਸਿਆਵਾਂ ਜਿਉਂ ਦੀਆਂ ਤਿਉਂ

ਫ਼ਿਰੋਜ਼ਪੁਰ, 5 ਜਨਵਰੀ (ਜਸਵਿੰਦਰ ਸਿੰਘ ਸੰਧੂ)– ਜ਼ਿਲ੍ਹਾ ਫ਼ਿਰੋਜ਼ਪੁਰ ਦੇ ਪੱਤਰਕਾਰ ਭਾਈਚਾਰੇ ਨੂੰ ਫੀਲਡ ਵਿਚ ਦਰਪੇਸ਼ ਸਮੱਸਿਆਵਾਂ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਪੱਤਰਕਾਰਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਵਿੱਚ ਕੀਤੀ ਜਾ ਰਹੀ ਬੇਲੋੜੀ ਦੇਰੀ ਤੋਂ ਅੱਕੇ ਜ਼ਿਲ੍ਹੇ ਭਰ ਦੇ ਪੱਤਰਕਾਰਾਂ ਦੀ ਇੱਕ ਹੰਗਾਮੀ ਮੀਟਿੰਗ ਅੱਜ ਸਤਲੁਜ ਪ੍ਰੈੱਸ ਕਲੱਬ ਫ਼ਿਰੋਜ਼ਪੁਰ ਵਿਖੇ ਕਲੱਬ ਪ੍ਰਧਾਨ ਗੁਰਨਾਮ ਸਿੰਘ ਸਿੱਧੂ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿਚ ਵੱਖ–ਵੱਖ ਅਦਾਰਿਆਂ ਦੇ ਨੁੰਮਾਇੰਦਿਆਂ ਨੇ ਭਰਵੀਂ ਸ਼ਮੂਲੀਅਤ ਕੀਤੀ। ਮੀਟਿੰਗ ਵਿਚ ਪੁਲਿਸ ਪ੍ਰਸ਼ਾਸਨ ਵੱਲੋਂ ਫ਼ਿਰੋਜ਼ਪੁਰ ਵਿੱਚ ਵਧੀਆਂ ਲੁੱਟਾਂ–ਖੋਹਾਂ, ਨਸ਼ਿਆਂ ਵਿਰੁੱਧ ਕਾਰਵਾਈ ਕਰਨ ਦੀ ਬਜਾਏ ਇਨਸਾਫ਼ ਲੈਣ ਲਈ ਪੁਲਿਸ ਦਰਬਾਰ ਪਹੁੰਚੇ ਪੀੜਤਾਂ ਨੂੰ ਇਨਸਾਫ਼ ਦੇਣ ਤੋਂ ਟਾਲਾ ਵੱਟਣ ਵਾਲੇ ਅਧਿਕਾਰੀਆਂ, ਕਰਮਚਾਰੀਆਂ ਖ਼ਿਲਾਫ਼ ਆਵਾਜ਼ ਉਠਾਉਣ ਵਾਲੇ ਪੱਤਰਕਾਰ ਭਾਈਚਾਰੇ ਨੂੰ ਨਿਸ਼ਾਨਾ ਬਣਾਏ ਜਾਣ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਵੱਖ–ਵੱਖ ਬੁਲਾਰਿਆਂ ਨੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਆਪਣੀ ਕਾਰਜ ਸ਼ੈਲੀ ਵਿਚ ਸੁਧਾਰ ਲਿਆਉਣ, ਸਮਾਜ ਵਿਰੋਧੀ ਅਨਸਰਾਂ, ਨਸ਼ਾ ਤਸਕਰਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੀ ਬਜਾਏ ਵਿਚ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ’ਤੇ ਸਵਾਲ ਚੁੱਕਣ ਵਾਲੇ ਪੱਤਰਕਾਰਾਂ ਨੂੰ ਹੀ ਨਿਸ਼ਾਨਾ ਬਣਾ ਰਹੀ। ਮੀਟਿੰਗ ਵਿਚ ਸਮੂਹ ਪੈਂਡਿੰਗ ਪਈਆਂ ਮੰਗਾਂ ਦੇ ਹੱਲ ਲਈ ਪੁਲਿਸ 8–9 ਮਹੀਨਿਆਂ ਤੋਂ ਲਾਰੇ ਲਾਉਂਦੀ ਆ ਰਹੀ ਹੈ। ਪੁਲਸੀਆਂ ਕਾਰਗੁਜ਼ਾਰੀ ਤੋਂ ਪ੍ਰੇਸ਼ਾਨ ਹੋਏ ਪੱਤਰਕਾਰ ਸੜਕਾਂ ਤੇ ਉਤਰਨ ਨੂੰ ਮਜਬੂਰ ਹਨ। ਚੇਅਰਮੈਨ ਵਿਜੇ ਸ਼ਰਮਾ ਨੇ ਕਿਹਾ ਕਿ ਆਉਂਦੀ 15 ਜਨਵਰੀ ਤੋਂ ਵੱਡੇ ਪੱਧਰ ਦਾ ਸੰਘਰਸ਼ ਛੇੜਿਆ ਜਾ ਰਿਹਾ ਹੈ, ਜਿਸ ਵਿਚ ਜ਼ਿਲ੍ਹੇ ਦੇ ਪੱਤਰਕਾਰਾਂ ਤੋਂ ਇਲਾਵਾ ਕਈ ਹੋਰ ਜਥੇਬੰਦੀਆਂ ਵੀ ਵੱਧ ਚੜ੍ਹ ਕੇ ਹਿੱਸਾ ਲੈਣਗੀਆਂ। ਪ੍ਰਧਾਨ ਗੁਰਨਾਮ ਸਿੱਧੂ ਨੇ ਕਿਹਾ ਕਿ ਇਸ ਵਾਰ ਫ਼ਿਰੋਜ਼ਪੁਰ ਛਾਉਣੀ ਦੇ ਬਾਜ਼ਾਰਾਂ ਵਿਚ ਜਲੂਸ ਕੱਢ ਕੇ ਪੁਲਸ ਦੀਆਂ ਪੋਲਾਂ ਖੋਲ੍ਹੀਆਂ ਜਾਣਗੀਆਂ। ਐੱਸ.ਐੱਸ.ਪੀ ਦਫ਼ਤਰ ਦਾ ਘੇਰਾਓ ਕਰਨ ਦੇ ਨਾਲ ਨਾਲ ਸੜਕੀ ਆਵਾਜਾਈ ਠੱਪ ਕੀਤੀ ਜਾਵੇਗੀ, ਜਿਸ ਦੀ ਨਿਰੋਲ ਜ਼ਿੰਮੇਵਾਰੀ ਪੁਲਿਸ ਪ੍ਰਸ਼ਾਸਨ ਦੀ ਹੋਵੇਗੀ।



