National

ਪੁਤਿਨ-ਟਰੰਪ ਮੁਲਾਕਾਤ ਦਾ ਭਾਰਤ ਨੇ ਕੀਤਾ ਸਵਾਗਤ, ਕੀ ਭਾਰੀ ਟੈਰਿਫ ਤੋਂ ਮਿਲੇਗੀ ਰਾਹਤ?

ਨਵੀਂ ਦਿੱਲੀ, 10 ਅਗਸਤ : 15 ਅਗਸਤ ਨੂੰ ਅਲਾਸਕਾ ’ਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵਿਚਾਲੇ ਹੋਣ ਵਾਲੀ ਮੁਲਾਕਾਤ ਦਾ ਭਾਰਤ ਨੇ ਸਵਾਗਤ ਕੀਤਾ ਹੈ। ਭਾਰਤ ਨੇ ਇਹ ਵੀ ਕਿਹਾ ਹੈ ਕਿ ਉਹ ਆਪਣੇ ਪੱਧਰ ’ਤੇ ਇਸ ਮੀਟਿੰਗ ’ਚ ਮਦਦ ਕਰਨ ਲਈ ਵੀ ਤਿਆਰ ਹੈ। ਭਾਰਤ ਦਾ ਇਹ ਬਿਆਨ ਪੀਐੱਮ ਨਰਿੰਦਰ ਮੋਦੀ ਤੇ ਰਾਸ਼ਟਰਪਤੀ ਪੁਤਿਨ ਵਿਚਾਲੇ ਟੈਲੀਫੋਨ ’ਤੇ ਹੋਈ ਗੱਲਬਾਤ ਤੋਂ ਬਾਅਦ ਆਇਆ ਹੈ। ਦੋਵਾਂ ਨੇਤਾਵਾਂ ਵਿਚਾਲੇ ਸ਼ੁੱਕਰਵਾਰ ਨੂੰ ਟੈਲੀਫੋਨ ’ਤੇ ਗੱਲ ਹੋਈ ਸੀ। ਉਸੇ ਦਿਨ ਅਮਰੀਕਾ ਤੇ ਰੂਸ ’ਚ ਸਹਿਮਤੀ ਬਣੀ ਸੀ ਕਿ ਉਨ੍ਹਾਂ ਦੇ ਨੇਤਾਵਾਂ ਵਿਚਾਲੇ ਯੂਕਰੇਨ ਜੰਗ ਨੂੰ ਖ਼ਤਮ ਕਰਨ ਲਈ ਆਹਮੋ-ਸਾਹਮਣੇ ਮੀਟਿੰਗ ਹੋਵੇਗੀ। ਅਮਰੀਕਾ ਤੇ ਰੂਸ ਵਿਚਾਲੇ ਯੂਕਰੇਨ ਵਿਵਾਦ ਨੂੰ ਲੈ ਕੇ ਬਣੀ ਸਹਿਮਤੀ ਦਾ ਅਸਰ ਅਮਰੀਕਾ ਵੱਲੋਂ ਉਸ ’ਤੇ ਲਗਾਏ ਗਏ ਟੈਕਸ ’ਤੇ ਵੀ ਹੋਵੇਗਾ। ਅਜਿਹੀ ਸਹਿਮਤੀ ਤੋਂ ਬਾਅਦ ਭਾਰਤ ’ਤੇ ਰੂਸੀ ਤੇਲ ਖ਼ਰੀਦਣ ਕਾਰਨ ਲਾਗੂ ਟਰੰਪ ਦਾ 25 ਫ਼ੀਸਦੀ ਵਾਧੂ ਟੈਰਿਫ ਹਟਣ ਦਾ ਰਾਹ ਸਾਫ ਹੋ ਜਾਵੇਗਾ। ਰਾਸ਼ਟਰਪਤੀ ਟਰੰਪ ਨੇ ਪਹਿਲਾਂ 25 ਫ਼ੀਸਦੀ ਬਰਾਬਰ ਟੈਕਸ ਲਗਾਇਆ। ਇਸ ਤੋਂ ਬਾਅਦ ਰੂਸ ਤੋਂ ਤੇਲ ਖ਼ਰੀਦਣ ਦਾ ਦੋਸ਼ ਲਗਾਉਂਦੇ ਹੋਏ 25 ਫ਼ੀਸਦੀ ਵਾਧੂ ਟੈਕਸ ਲਗਾ ਦਿੱਤਾ। ਭਾਰਤ ਨੇ ਇਨ੍ਹਾਂ ਦੋਵਾਂ ਫ਼ੈਸਲਿਆਂ ਦਾ ਬੇਹੱਦ ਸਖ਼ਤ ਸ਼ਬਦਾਂ ’ਚ ਵਿਰੋਧ ਕੀਤਾ ਸੀ। ਰੂਸ ਤੋਂ ਤੇਲ ਖ਼ਰੀਦਣ ਨੂੰ ਲੈ ਕੇ ਲਗਾਏ ਗਏ ਟੈਕਸ ਨਾਲ ਸਬੰਧਤ ਜਿਸ ਬਿੱਲ ’ਤੇ ਟਰੰਪ ਨੇ ਦਸਤਖ਼ਤ ਕੀਤੇ ਹਨ, ਉਸ ਵਿਚ ਇਸ ਗੱਲ ਦਾ ਜ਼ਿਕਰ ਹੈ ਕਿ ਰੂਸ ਤੇ ਅਮਰੀਕਾ ਵਿਚਾਲੇ ਤਾਲਮੇਲ ਬਣਨ ਦੀ ਹਾਲਤ ’ਚ ਵਾਧੂ ਟੈਕਸ ’ਚ ਸੋਧ ਕੀਤੀ ਜਾ ਸਕਦੀ ਹੈ। ਭਾਰਤੀ ਵਿਦੇਸ਼ ਮੰਤਰਾਲੇ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਅਲਾਸਕਾ ’ਚ 15 ਅਗਸਤ ਦੀ ਮੀਟਿੰਗ ਲਈ ਅਮਰੀਕਾ ਤੇ ਰੂਸ ਵਿਚਾਲੇ ਬਣੀ ਸਹਿਮਤੀ ਦਾ ਅਸੀਂ ਸਵਾਗਤ ਕਰਦੇ ਹਾਂ। ਇਹ ਮੀਟਿੰਗ ਯੂਕਰੇਨ ’ਚ ਜਾਰੀ ਵਿਵਾਦ ਨੂੰ ਖ਼ਤਮ ਕਰਨ ਤੇ ਸ਼ਾਂਤੀ ਦੀ ਰਾਹ ਖੋਲ੍ਹਣ ਦੀ ਉਮੀਦ ਜਗਾਉਂਦੀ ਹੈ। ਜਿਵੇਂ ਕਿ ਪੀਐੱਮ ਨਰਿੰਦਰ ਮੋਦੀ ਨੇ ਕਈ ਵਾਰ ਕਿਹਾ ਹੈ ਕਿ ਇਹ ਜੰਗ ਦਾ ਸਮਾਂ ਨਹੀਂ ਹੈ। ਇਸ ਲਈ ਭਾਰਤ ਇਸ ਮੀਟਿੰਗ ਦਾ ਸਵਾਗਤ ਕਰਦਾ ਹੈ ਤੇ ਆਪਣੇ ਵੱਲੋਂ ਇਸ ਕੋਸ਼ਿਸ਼ ’ਚ ਮਦਦ ਕਰਨ ਲਈ ਤਿਆਰ ਹੈ।

Related Articles

Leave a Reply

Your email address will not be published. Required fields are marked *

Back to top button