Punjab

ਪਿੰਡ ਬਾਲੇਚੱਕ ’ਚ ਪਲਾਟ ਨੂੰ ਲੈ ਕੇ ਹੋਏ ਝਗੜੇ ਦਾ ਮਾਮਲਾ ਭਖਿਆ, ਦੋਵਾਂ ਧਿਰਾਂ ਵੱਲੋਂ ਪ੍ਰਦਰਸ਼ਨ

ਤਰਨਤਾਰਨ, 12 ਅਗਸਤ : ਪਿੰਡ ਬਾਲੇਚੱਕ ਵਿਖੇ ਕਰੀਬ ਦੋ ਮਹੀਨੇ ਪਹਿਲਾਂ ਪਲਾਟ ਨੂੰ ਲੈ ਕੇ ਹੋਏ ਝਗੜੇ ਦਾ ਮਾਮਲਾ ਸੋਮਵਾਰ ਨੂੰ ਉਸ ਵੇਲੇ ਭਖਦਾ ਦਿਖਾਈ ਦਿੱਤਾ, ਜਦੋਂ ਦੋਵੇਂ ਧਿਰਾਂ ਹੀ ਆਪੋ ਆਪਣੇ ਲਈ ਇਨਸਾਫ ਦੀ ਮੰਗ ਨੂੰ ਲੈ ਕੇ ਪਹਿਲਾਂ ਥਾਣਾ ਸਿਟੀ ਤਰਨਤਾਰਨ ਪੁੱਜੀਆਂ ਤੇ ਮੀਡੀਆ ਅੱਗੇ ਆਪੋ ਆਪਣੀ ਗੱਲ ਰੱਖੀ, ਉੱਥੇ ਹੀ ਇਕ ਧਿਰ ਨੇ ਐਲਾਨੇ ਪ੍ਰੋਗਰਾਮ ਤਹਿਤ ਸਥਾਨਕ ਤਹਿਸੀਲ ਚੌਕ ’ਚ ਧਰਨਾ ਵੀ ਲਾ ਦਿੱਤਾ। ਜਿਸ ਕਾਰਨ ਸ਼ਹਿਰ ਦੀ ਮੁੱਖ ਸੜਕ ਦੇ ਦੋਵੇਂ ਪਾਸੇ ਲੰਮੇ ਜਾਮ ਲੱਗ ਗਏ। ਹਾਲਾਂਕਿ ਕਰੀਬ ਅੱਧੇ ਘੰਟੇ ਬਾਅਦ ਮੌਕੇ ’ਤੇ ਪੁੱਜੇ ਥਾਣਾ ਸਿਟੀ ਤਰਨਤਾਰਨ ਦੇ ਮੁਖੀ ਨੇ ਸੀਨੀਅਰ ਅਧਿਕਾਰੀਆਂ ਨਾਲ ਧਰਨਾਕਾਰੀਆਂ ਦੀ ਗੱਲ ਕਰਵਾਈ, ਤਾਂ ਜਾ ਕੇ ਮਾਮਲਾ ਸ਼ਾਂਤ ਹੋਇਆ ਤੇ ਆਵਾਜਾਈ ਬਹਾਲ ਹੋ ਸਕੀ। ਬਾਲੇਚੱਕ ’ਚ ਹੋਏ ਝਗੜੇ ’ਚ ਸ਼ਾਮਲ ਇਕ ਧਿਰ ਦੀ ਪਿੱਠ ’ਤੇ ਆਈ ਨਿਹੰਗ ਸਿੰਘ ਜਥੇਬੰਦੀ ਦਸ਼ਮੇਸ਼ ਤਰਨਾ ਦਲ ਦੇ ਨੁਮਾਇੰਦਿਆਂ ਬਾਬਾ ਰਣਜੀਤ ਸਿੰਘ ਅਤੇ ਨਿਰਮਲ ਸਿੰਘ ਨੇ ਦੱਸਿਆ ਕਿ ਕਰੀਬ ਦੋ ਮਹੀਨੇ ਪਹਿਲਾਂ ਹੋਏ ਝਗੜੇ ਦੌਰਾਨ ਸਵਿੰਦਰ ਸਿੰਘ ਦੀ ਧਿਰ ਦੇ ਲੋਕ ਜ਼ਖ਼ਮੀ ਹੋਏ ਸਨ। ਜਿਨ੍ਹਾਂ ਕੋਲ ਗੰਭੀਰ ਸੱਟਾਂ ਸਬੰਧੀ ਮੈਡੀਕਲ ਰਿਪੋਰਟ ਵੀ ਮੌਜੂਦ ਹੈ। ਪਰ ਇਸ ਦੇ ਬਾਵਜੂਦ ਪੁਲਿਸ ਪ੍ਰਸ਼ਾਸਨ ਵੱਲੋਂ ਕੇਸ ਦਰਜ ਨਾ ਕਰ ਕੇ ਇਸ ਧਿਰ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਦੋ ਮਹੀਨਿਆਂ ਤੋਂ ਥਾਣੇ ਦੇ ਚੱਕਰ ਕੱਟਣ ਉਪਰੰਤ ਪੁਲਿਸ ਨੂੰ ਸਪੱਸ਼ਟ ਕੀਤਾ ਗਿਆ ਸੀ ਕਿ ਜੇਕਰ ਸੋਮਵਾਰ ਤੱਕ ਕਾਰਵਾਈ ਨਾ ਹੋਈ ਤਾਂ ਧਰਨਾ ਲਾਇਆ ਜਾਵੇਗਾ। ਉਨ੍ਹਾਂ ਅੱਗੇ ਦੱਸਿਆ ਕਿ ਦੂਜੀ ਧਿਰ ਦੀ ਸ਼ਿਕਾਇਤ ’ਤੇ ਸਵਿੰਦਰ ਸਿੰਘ ਆਦਿ ਵਿਰੁੱਧ ਉਦੋਂ ਹੀ ਪਰਚਾ ਦਰਜ ਕਰ ਦਿੱਤਾ ਗਿਆ ਸੀ। ਪਰ ਜਦੋਂ ਝਗੜੇ ਦੌਰਾਨ ਦੋਵੇਂ ਧਿਰਾਂ ਜ਼ਖ਼ਮੀ ਹੋਈਆਂ ਹਨ ਤਾਂ, ਪਰਚਾ ਵੀ ਦੋਵਾਂ ਧਿਰਾਂ ’ਤੇ ਹੋਣਾ ਚਾਹੀਦਾ ਹੈ। ਕਰੀਬ ਅੱਧਾ ਘੰਟਾ ਚੱਲੇ ਧਰਨੇ ਤੋਂ ਬਾਅਦ ਥਾਣਾ ਸਿਟੀ ਤਰਨਤਾਰਨ ਦੇ ਮੁਖੀ ਸਬ-ਇੰਸਪੈਕਟਰ ਰਣਜੀਤ ਸਿੰਘ ਮੌਕੇ ’ਤੇ ਪੁੱਜੇ ਤੇ ਦੋ ਦਿਨਾਂ ’ਚ ਕਾਰਵਾਈ ਕਰਨ ਦੀ ਗੱਲ ਕਹੀ। ਪਰ ਧਰਨਾਕਾਰੀ ਤੁਰੰਤ ਕਾਰਵਾਈ ’ਤੇ ਅੜੇ ਰਹੇ। ਜਿਸ ਦੇ ਚੱਲਦਿਆਂ ਉਨ੍ਹਾਂ ਨੇ ਐੱਸਪੀ ਹੈੱਡ ਕੁਆਰਟਰ ਬਲਜੀਤ ਸਿੰਘ ਨਾਲ ਧਰਨਾਕਾਰੀਆਂ ਦੀ ਗੱਲ ਕਰਵਾਈ ਤੇ ਉਨ੍ਹਾਂ ਵੱਲੋਂ ਦਿੱਤੇ ਭਰੋਸੇ ਤੋਂ ਬਾਅਦ ਧਰਨਾ ਸਮਾਪਤ ਕਰ ਦਿੱਤਾ ਗਿਆ। ====== ਨਾਮਜ਼ਦ ਲੋਕਾਂ ਨੂੰ ਗ੍ਰਿਫ਼ਤਾਰ ਨਾ ਕਰਨ ’ਤੇ ਪੁੱਜੇ ਹਾਂ ਥਾਣੇ : ਦੂਜੀ ਧਿਰ ਦੂਜੇ ਪਾਸੇ ਦੂਜੀ ਧਿਰ ਦੇ ਜਗਰੂਪ ਸਿੰਘ ਵੀ ਆਪਣੇ ਸਾਥੀਆਂ ਸਮੇਤ ਥਾਣਾ ਸਿਟੀ ਤਰਨਤਾਰਨ ਪੁੱਜੇ। ਥਾਣੇ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਦੋ ਮਹੀਨੇ ਪਹਿਲਾਂ 14 ਜੂਨ ਦੀ ਰਾਤ ਨੂੰ ਸ਼ਵਿੰਦਰ ਸਿੰਘ ਆਦਿ ਵੱਲੋਂ ਉਨ੍ਹਾਂ ਦੇ ਪਲਾਟ ’ਤੇ ਨਾਜਾਇਜ਼ ਉਸਾਰੀ ਕੀਤੀ ਜਾ ਰਹੀ ਸੀ। ਰਾਤ ਉਨ੍ਹਾਂ ਨੂੰ ਕੁਝ ਪਤਾ ਨਾ ਲੱਗਾ ਪਰ 15 ਜੂਨ ਸਵੇਰੇ ਉਨ੍ਹਾਂ ਦੇਖਿਆ ਕਿ ਤਿੰਨ ਮਿਸਤਰੀ ਲੱਗੇ ਸਨ ਤੇ ਕਾਫੀ ਉੱਚੀਆਂ ਕੰਧਾਂ ਵੀ ਕਰ ਲਈਆਂ ਸਨ। ਉਸ ਨੇ ਵੀਡੀਓ ਬਣਾਈ ਤਾਂ ਇੱਟਾਂ ਨਾਲ ਹਮਲਾ ਕਰ ਦਿੱਤਾ। ਉਹ ਆਪਣੇ ਘਰ ਆ ਗਿਆ ਪਰ ਉਕਤ ਲੋਕ ਉਸ ਦੇ ਪਿੱਛੇ ਘਰ ’ਚ ਆ ਵੜੇ ਤੇ ਹਮਲਾ ਕਰ ਕੇ ਉਸ ਦੇ ਸਮੇਤ ਉਸ ਦੇ ਪਿਤਾ, ਮਾਤਾ ਤੇ ਪਤਨੀ ਨੂੰ ਵੀ ਸੱਟਾਂ ਲਾ ਦਿੱਤੀਆਂ। ਜਿਸ ਸਬੰਧੀ ਥਾਣਾ ਸਿਟੀ ਤਰਨਤਾਰਨ ਵਿਖੇ ਸ਼ਵਿੰਦਰ ਸਿੰਘ, ਉਸ ਦੇ ਭਰਾ ਦਿਲਬਾਗ ਸਿੰਘ, ਲੜਕੇ ਸੁਖਦੇਵ ਸਿੰਘ ਤੇ ਬਲਵਿੰਦਰ ਸਿੰਘ ਤੋਂ ਇਲਾਵਾ ਭਤੀਜੇ ਜੋਗਾ ਸਿੰਘ ਵਿਰੁੱਧ ਕੇਸ ਦਰਜ ਕੀਤਾ ਗਿਆ ਸੀ। ਪਰ ਅੱਜ ਦੋ ਮਹੀਨੇ ਬੀਤਣ ਦੇ ਬਾਵਜੂਦ ਪੁਲਿਸ ਨਾਮਜ਼ਦ ਕੀਤੇ ਲੋਕਾਂ ਨੂੰ ਗ੍ਰਿਫਤਾਰ ਨਹੀਂ ਕਰ ਸਕੀ। ਜਿਸ ਦੇ ਚੱਲਦਿਆਂ ਉਹ ਅੱਜ ਥਾਣੇ ਪੁੱਜੇ ਹਨ। ==== ਜਾਮ ’ਚ ਫਸੇ ਰਹੇ ਸਕੂਲੀ ਬੱਚਿਆਂ ਦੇ ਵਾਹਨ ਤਰਨਤਾਰਨ ਦੇ ਤਹਿਸੀਲ ਚੌਕ ’ਚ ਜਿਸ ਵੇਲੇ ਧਰਨਾ ਲਾਇਆ ਗਿਆ, ਉਸ ਵੇਲੇ ਸਕੂਲਾਂ ਨੂੰ ਛੁੱਟੀ ਹੋਈ ਸੀ। ਸ਼ਹਿਰ ਦੀ ਮੁੱਖ ਸੜਕ ’ਤੇ ਲੱਗੇ ਜਾਮ ’ਚ ਸਕੂਲਾਂ ਦੇ ਕਈ ਵਾਹਨ ਵੀ ਫਸ ਗਏ। ਜਿਸ ਦੇ ਚੱਲਦਿਆਂ ਗਰਮੀ ’ਚ ਬੱਚਿਆਂ ਨੂੰ ਬੇਹਾਲ ਹੋਣਾ ਪਿਆ। ਹਾਲਾਂਕਿ ਧਰਨਾਕਾਰੀਆਂ ਨੇ ਕਿਹਾ ਕਿ ਲੋਕਾਂ ਦੀ ਪਰੇਸ਼ਾਨੀ ਪਿੱਛੇ ਪ੍ਰਸ਼ਾਸਨ ਜ਼ਿੰਮੇਵਾਰ ਹੈ, ਜਿਸ ਨੂੰ ਸਮਾਂ ਰਹਿੰਦੇ ਕਾਰਵਾਈ ਕਰ ਕੇ ਪੀੜਤਾਂ ਨੂੰ ਇਨਸਾਫ ਦੇਣਾ ਚਾਹੀਦਾ ਸੀ। ਉਨ੍ਹਾਂ ਇਹ ਵੀ ਦੱਸਿਆ ਕਿ ਧਰਨੇ ਦੌਰਾਨ ਐਮਰਜੈਂਸੀ ਵਾਹਨਾਂ ਨੂੰ ਸਾਡੇ ਲੋਕਾਂ ਨੇ ਹਿਫ਼ਾਜ਼ਤ ਨਾਲ ਆਪ ਲੰਘਵਾਇਆ ਹੈ।

Related Articles

Leave a Reply

Your email address will not be published. Required fields are marked *

Back to top button