
ਅੰਮ੍ਰਿਤਸਰ, 10 ਮਾਰਚ-ਕੈਨੇਡਾ ਦੇ ਐਡਮਿੰਟਨ ਵਿਚ ਇਕ ਸੜਕ ਹਾਦਸੇ ਵਿਚ ਲੋਪੋਕੇ ਪੁਲਿਸ ਥਾਣੇ ਅਧੀਨ ਆਉਂਦੇ ਪਿੰਡ ਖਿਆਲਾ ਖੁਰਦ ਦੀ ਲੜਕੀ ਦੀ ਮੌਤ ਹੋ ਗਈ। ਲੜਕੀ ਦੀ ਪਛਾਣ ਸਿਮਰਨਜੀਤ ਕੌਰ (21) ਵਜੋਂ ਹੋਈ ਹੈ, ਜੋ ਕਿ ਗੁਰਵਿੰਦਰ ਸਿੰਘ ਦੀ ਧੀ ਹੈ। ਮ੍ਰਿਤਕ ਦੇ ਚਾਚਾ ਕੰਵਲਜੀਤ ਸਿੰਘ ਨੇ ਦੱਸਿਆ ਕਿ ਸਿਮਰਨਜੀਤ ਕੌਰ 26 ਅਪ੍ਰੈਲ 2023 ਨੂੰ ਪੜ੍ਹਾਈ ਕਰਨ ਲਈ ਕੈਨੇਡਾ ਗਈ ਸੀ ਅਤੇ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਹ ਆਪਣੇ ਭਰਾ ਨਾਲ ਵਰਕ ਪਰਮਿਟ ‘ਤੇ ਕੰਮ ਕਰ ਰਹੀ ਸੀ। ਉਹ ਸ਼ਨੀਵਾਰ ਸਵੇਰੇ ਕੰਮ ‘ਤੇ ਜਾਣ ਲਈ ਘਰੋਂ ਨਿਕਲੀ ਸੀ ਅਤੇ ਆਪਣੇ ਕੰਮ ਵਾਲੀ ਥਾਂ ਦੇ ਨੇੜੇ ਸੜਕ ਪਾਰ ਕਰਨ ਲਈ ਫੁੱਟਪਾਥ ‘ਤੇ ਖੜ੍ਹੀ ਸੀ ਜਦੋਂ ਇਕ ਕਾਰ ਨੇ ਉਸ ਨੂੰ ਬੁਰੀ ਤਰ੍ਹਾਂ ਕੁਚਲ ਦਿੱਤਾ। ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਉਸ ਨੇ ਕਿਹਾ ਕਿ ਗੱਡੀ ਵਿਚ ਦੋ ਗੋਰੇ ਆਦਮੀ ਸਨ, ਜਿਨ੍ਹਾਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ। ਲੜਕੀ ਦੀ ਲਾਸ਼ ਨੂੰ ਭਾਰਤ ਲਿਆਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸ ਹਾਦਸੇ ਕਾਰਨ ਪਰਿਵਾਰ ਡੂੰਘੇ ਸਦਮੇ ਵਿਚ ਹੈ ਅਤੇ ਪਿੰਡ ਵਿਚ ਵੀ ਸੋਗ ਹੈ। ਹੁਣ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੇ ਜ਼ਿਲ੍ਹਾ ਜਨਰਲ ਸਕੱਤਰ ਪਲਵਿੰਦਰ ਸਿੰਘ ਮਾਹਲ, ਸਰਪੰਚ ਗੁਰਜੰਟ ਸਿੰਘ ਕੋਹਲੀ, ਆਮ ਆਦਮੀ ਪਾਰਟੀ ਦੇ ਆਗੂ ਕਸ਼ਮੀਰ ਸਿੰਘ ਖਿਆਲਾ, ਸਰਪੰਚ ਹਰਵਿੰਦਰ ਸਿੰਘ ਸ਼ਾਹ, ਸਾਬਕਾ ਸਰਪੰਚ ਹਰਪਾਲ ਸਿੰਘ ਸ਼ਾਹ ਸਮੇਤ ਕਈ ਹੋਰ ਉੱਘੀਆਂ ਸ਼ਖਸੀਅਤਾਂ ਅਤੇ ਇਲਾਕੇ ਦੇ ਪੰਚ ਸਰਪੰਚ ਪੀੜਤ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਨ ਲਈ ਮੌਕੇ ‘ਤੇ ਪਹੁੰਚੇ।



