
ਫਿਰੋਜ਼ਪੁਰ, 27 ਫਰਵਰੀ (ਜਸਵਿੰਦਰ ਸਿੰਘ ਸੰਧੂ)- ਮੱਲਾਂਵਾਲਾ ਦੇ ਅਧੀਨ ਆਉਂਦੇ ਪਿੰਡ ਕੁਹਾਲਾ ਵਿਖੇ ਮਾਮੂਲੀ ਲੜਾਈ ਦੀ ਰੰਜ਼ਿਸ਼ ਨੂੰ ਲੈ ਕੇ ਪਿਸਤੌਲ ਨਾਲ ਫਾਇਰ ਕਰਕੇ ਇਕ ਵਿਅਕਤੀ ਨੂੰ ਜ਼ਖਮੀਂ ਕਰਨ ਦੀ ਖਬਰ ਮਿਲੀ ਹੈ। ਇਸ ਸਬੰਧ ਵਿਚ ਥਾਣਾ ਮੱਲਾਂਵਾਲਾ ਪੁਲਿਸ ਨੇ 6 ਬਾਏ ਨੇਮ ਵਿਅਕਤੀਆਂ ਅਤੇ 10-15 ਅਣਪਛਾਤੇ ਵਿਅਕਤੀਆਂ ਖਿਲਾਫ 109, 191 (3), 190 ਬੀਐੱਨਐੱਸ ਅਤੇ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਜਰਮਲ ਸਿੰਘ ਪੁੱਤਰ ਅਰਜਨ ਸਿੰਘ ਵਾਸੀ ਪਿੰਡ ਕੁਹਾਲਾ ਨੇ ਦੱਸਿਆ ਕਿ 2-3 ਦਿਨ ਪਹਿਲਾਂ ਅਰਸ਼ਦੀਪ ਸਿੰਘ ਪੁੱਤਰ ਗੁਰਪਾਲ ਸਿੰਘ ਮੇਰੇ ਭਤੀਜੇ ਨਾਲ ਮਾਮੂਲੀ ਲੜਾਈ ਹੋਈ ਸੀ, ਇਨ੍ਹਾਂ ਦਾ ਰਾਜੀਨਾਮਾ ਹੋ ਗਿਆ ਸੀ। ਜਰਮਲ ਸਿੰਘ ਨੇ ਦੱਸਿਆ ਕਿ ਮਿਤੀ 25 ਫਰਵਰੀ 2025 ਨੂੰ ਸਾਡੇ ਪਿੰਡ ਮੇਲਾ ਸਿੰਘ ਦੋਸ਼ੀਅਨ ਅਰਸ਼ਦੀਪ ਸਿੰਘ, ਗੁਰਪ੍ਰੀਤ ਸਿੰਘ ਪੁੱਤਰ ਗੁਰਪਾਲ ਸਿੰਘ, ਲਵਪ੍ਰੀਤ ਸਿੰਘ ਪੁੱਤਰ ਜਗਤਾਰ ਸਿੰਘ, ਸੁਖਦੇਵ ਸਿੰਘ ਪੁੱਤਰ ਗੁਰਤੇਜ ਸਿੰਘ ਵਾਸੀ ਖੋਸਾ ਦਲ ਸਿੰਘ ਵਾਲਾ ਮਨੀ ਪੁੱਤਰ ਰੇਸ਼ਮ ਸਿੰਘ ਵਾਸੀ ਸ਼ੇਰ ਖਾਂ, ਗੁਲਸ਼ਨ ਸਿੰਘ ਵਾਸੀ ਬੋੜਾ ਵਾਲੀ ਅਤੇ 10-15 ਅਣਪਛਾਤੇ ਵਿਅਕਤੀ ਸਾਡੇ ਘਰ ਆ ਕੇ ਗਾਲੀ ਗਲੋਚ ਕਰਨ ਲੱਗੇ ਤੇ ਪਿਸਤੌਲ ਦਾ ਫਾਇਰ ਕੀਤਾ ਜੋ ਮੇਰੀ ਖੱਬੀ ਲੱਤ ’ਤੇ ਲੱਗਾ। ਜਰਮਲ ਸਿੰਘ ਨੇ ਦੱਸਿਆ ਕਿ ਉਸ ਦਾ ਇਲਾਜ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ’ਚ ਚੱਲ ਰਿਹਾ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਮੇਜਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਉਕਤ ਦੋਸ਼ੀਅਨ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।



