
ਬਾਲ ਕਿਸ਼ਨ
ਫਿਰੋਜ਼ਪੁਰ, 19 ਅਗਸਤ : ਸਥਾਨਕ ਰੋਜ਼ ਐਵੇਨਿਊ ਵਿੱਚ ਸੋਮਵਾਰ ਨੂੰ ਵਾਪਰੇ ਇਕ ਦਿਲ ਦਹਿਲਾ ਦੇਣ ਵਾਲੇ ਹਾਦਸੇ ਕਾਰਣ ਸ਼ਹਿਰ ਵਿਚ ਦੁੱਖ ਦਾ ਮਾਹੌਲ ਹੈ। 14 ਸਾਲਾ ਕਰੀਵਮ ਮਲਹੋਤਰਾ ਵੱਲੋਂ ਘਰ ਵਿੱਚ ਪਈ ਪਿਸਤੌਲ ਨਾਲ ਖੇਡਦਿਆਂ ਅਚਾਨਕ ਚੱਲੀ ਗੋਲ਼ੀ ਸਿੱਧੀ ਉਸਦੇ ਸਿਰ ਵਿੱਚ ਲੱਗ ਗਈ। ਬੱਚੇ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਪਹਿਲਾਂ ਉਸਨੂੰ ਵੈਂਟੀਲੇਟਰ ’ਤੇ ਰੱਖਿਆ ਗਿਆ ਪਰ ਬਾਅਦ ਵਿਚ ਗੰਭੀਰ ਹਾਲਤ ਵੇਖਦਿਆਂ ਉਸ ਨੂੰ ਡੀਐੱਮਸੀ ਲੁਧਿਆਣਾ ਰੈਫਰ ਕਰ ਦਿੱਤਾ ਗਿਆ। ਉਧਰ ਮੌਕੇ ’ਤੇ ਪਹੁੰਚੀ ਪੁਲਿਸ ਵੀ ਆਪਣੇ ਪੱਧਰ ’ਤੇ ਜਾਂਚ ਵਿਚ ਜੁੱਟ ਗਈ ਹੈ। ਜਾਣਕਾਰੀ ਅਨੁਸਾਰ, ਕਰੀਵਮ ਸਕੂਲੋਂ ਪੜ੍ਹ ਕੇ ਘਰ ਵਾਪਸ ਆਇਆ ਸੀ। ਜਦੋਂ ਉਹ ਅਲਮਾਰੀ ਵਿੱਚੋਂ ਕੱਪੜੇ ਕੱਢਣ ਗਿਆ ਤਾਂ ਉੱਥੇ ਪਈ ਪਿਸਤੌਲ ਉਸਦੇ ਹੱਥ ਲੱਗ ਗਈ। ਖੇਡਦਿਆਂ ਹੀ ਅਚਾਨਕ ਗੋਲ਼ੀ ਚੱਲ ਗਈ ਜੋ ਸਿੱਧੀ ਉਸ ਦੇ ਸਿਰ ਵਿੱਚ ਜਾ ਲੱਗੀ। ਪਰਿਵਾਰ ਨੇ ਉਸਨੂੰ ਤੁਰੰਤ ਇੱਕ ਨਿੱਜੀ ਹਸਪਤਾਲ ਦਾਖ਼ਲ ਕਰਵਾਇਆ ਜਿਥੋਂ ਹਾਲਤ ਗੰਭੀਰ ਹੋਣ ਕਾਰਨ ਉਸਨੂੰ ਲੁਧਿਆਣਾ ਡੀਐੱਮਸੀ ਰੈਫਰ ਕੀਤਾ ਗਿਆ। ਡਾਕਟਰਾਂ ਮੁਤਾਬਕ ਬੱਚੇ ਦੇ ਸਿਰ ਵਿੱਚ ਗੋਲ਼ੀ ਫਸਣ ਕਾਰਨ ਉਸਦੀ ਹਾਲਤ ਬਹੁਤ ਨਾਜ਼ੁਕ ਹੈ ਅਤੇ ਉਸਨੂੰ ਵੈਂਟੀਲੇਟਰ ’ਤੇ ਰੱਖਿਆ ਗਿਆ ਹੈ। ਮੌਕੇ ’ਤੇ ਪਹੁੰਚੀ ਪੁਲਿਸ ਨੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਕੇ ਮਾਮਲੇ ਦੀ ਅੱਗੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।



