
ਅਮਰਗੜ੍ਹ, 22 ਅਗਸਤ : ਮਾਮਲਾ ਨੇੜਲੇ ਪਿੰਡ ਬੁਰਜ ਬਘੇਲ ਸਿੰਘ ਵਾਲਾ ਦਾ ਹੈ ਜਿੱਥੇ ਇੱਕ ਨੌਜਵਾਨ ਆਪਣੀਆਂ ਮੰਗਾਂ ਮਨਵਾਉਣ ਲਈ ਪਾਣੀ ਵਾਲੀ ਟੈਂਕੀ ਤੇ ਚੜ ਗਿਆ। ਜਦੋਂ ਪੱਤਰਕਾਰਾਂ ਦੀ ਟੀਮ ਵੱਲੋਂ ਮੌਕੇ ਤੇ ਪਹੁੰਚ ਕੇ ਨੌਜਵਾਨਾਂ ਰਣਜੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਸਨੇ ਦੱਸਿਆ ਕਿ ਮੈਂ ਆਪਣੀ ਚਾਚੀ ਤੋਂ 2 ਵਿਸਵੇ ਜਗ੍ਹਾ ਮੁੱਲ ਖਰੀਦੀ ਸੀ,ਪਰ ਹੁਣ ਉਸਦੇ ਅੱਗੇ ਰਸਤਾ ਬੰਦ ਕਰਨ ਲਈ ਪੰਚਾਇਤ ਵੱਲੋਂ ਕੰਧ ਕਰ ਦਿੱਤੀ ਗਈ ਹੈ। ਉਸਨੇ ਇਨਸਾਫ ਦੀ ਮੰਗ ਕਰਦੇ ਹੋਏ ਕਿਹਾ ਕਿ ਜਾਂ ਤਾਂ ਮੈਨੂੰ ਮੁੱਲ ਖਰੀਦੀ ਹੋਈ ਜਗ੍ਹਾ ਦੇ ਪੈਸੇ ਵਾਪਸ ਕਰਵਾਏ ਜਾਣ ਜਾਂ ਕੰਧ ਹਟਾਈ ਜਾਵੇ। ਪਿੰਡ ਨੂੰ ਸਾਫ-ਸੁਥਰਾ ਬਣਾਉਣ ਲਈ ਚਾਰ ਦੀਵਾਰੀ ਕੀਤੀ ਜਾ ਰਹੀ : ਸਰਪੰਚ ਦੂਜੇ ਪਾਸੇ, ਜਦੋਂ ਪੰਚਾਇਤ ਦਾ ਪੱਖ ਜਾਣਨ ਲਈ ਸਰਪੰਚ ਮੇਵਾ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਉਕਤ ਜਗ੍ਹਾ ਦਿਖਾਉਂਦੇ ਹੋਏ ਦੱਸਿਆ ਕਿ ਪੰਚਾਇਤ ਵੱਲੋਂ ਪਿੰਡ ਨੂੰ ਸਾਫ-ਸੁਥਰਾ ਬਣਾਉਣ ਦੇ ਮਕਸਦ ਨਾਲ ਰੂੜੀਆਂ ਨੂੰ ਪਿੱਛੇ ਹਟਾ ਕੇ ਚਾਰ ਦੀਵਾਰੀ ਕੀਤੀ ਜਾ ਰਹੀ ਹੈ, ਜਿਸ ਦਾ ਕਿ ਸਬੰਧਿਤ ਨੌਜਵਾਨ ਰਣਜੀਤ ਸਿੰਘ ਵੱਲੋਂ ਵਿਰੋਧ ਕਰਦੇ ਹੋਏ ਸਰਕਾਰੀ ਕੰਮ ਨੂੰ ਬੰਦ ਕਰਵਾ ਦਿੱਤਾ ਗਿਆ। ਇਸ ਸਬੰਧੀ ਪੰਚਾਇਤ ਵੱਲੋਂ ਥਾਣੇ ਦਰਖਾਸਤ ਵੀ ਦਿੱਤੀ ਗਈ ਹੈ, ਜੋ ਕਿ ਪੂਰਾ ਮਾਮਲਾ ਪੁਲਿਸ ਦੇ ਵਿਚਾਰ ਅਧੀਨ ਹੈ। ਸਰਪੰਚ ਨੇ ਦੱਸਿਆ ਕਿ ਪੰਚਾਇਤੀ ਜਗ੍ਹਾ ਤੇ ਕਾਫੀ ਸਾਰੇ ਲੋਕਾਂ ਦੀਆਂ ਰੂੜੀਆਂ ਲਗਾਈਆਂ ਹੋਈਆਂ ਹਨ ਜਦਕਿ ਹੋਰ ਕਿਸੇ ਨੂੰ ਵੀ ਇਸ ਚਾਰ ਦੀਵਾਰੀ ਦਾ ਇਤਰਾਜ਼ ਨਹੀਂ ਹੈ। ਇਹ ਸਾਰੀ ਜਗ੍ਹਾ ਪੰਚਾਇਤ ਦੀ ਮਲਕੀਅਤ ਹੈ ਅਤੇ ਪੰਚਾਇਤੀ ਜਗ੍ਹਾ ਨੂੰ ਕੋਈ ਵੀ ਅੱਗੇ ਵੇਚ ਨਹੀਂ ਸਕਦਾ। ਪਰ ਉਕਤ ਨੌਜਵਾਨ ਪੰਚਾਇਤੀ ਜਗ੍ਹਾ ਤੇ ਸ਼ੈੱਡ ਬਣਾ ਕੇ ਆਪਣਾ ਪੱਕਾ ਕਬਜ਼ਾ ਕਰਨਾ ਚਾਹੁੰਦਾ ਹੈ। ਸ਼ਾਮ ਨੂੰ ਅਮਰਗੜ੍ਹ ਪੁਲਿਸ ਤੇ ਪੰਚਾਇਤੀ ਵਿਭਾਗ ਦੇ ਅਧਿਕਾਰੀਆਂ ਵੱਲੋਂ ਨੌਜਵਾਨ ਰਣਜੀਤ ਸਿੰਘ ਨੂੰ ਸਮਝਾ-ਬੁਝਾ ਕੇ ਟੈਂਕੀ ਤੋਂ ਹੇਠਾਂ ਉਤਾਰ ਲਿਆ ਗਿਆ।



