ਪਾਣੀਆਂ ਦੇ ਵਿਵਾਦ ‘ਤੇ ਨਵਾਂ ਮੋੜ, ਹੁਣ ਪਾਣੀ ਮਿਲਣ ਨੂੰ ਲੈ ਕੇ ਪੰਜਾਬ, ਹਰਿਆਣਾ ਦੇ ਮੰਤਰੀਆਂ ਦੇ ਆਪਣੇ-ਆਪਣੇ ਦਾਅਵੇ

ਜਸਵਿੰਦਰ ਸਿੰਘ ਸੰਧੂ
ਚੰਡੀਗੜ੍ਹ, 23 ਮਈ- ਹਾਲੇ ਤੱਕ ਹਰਿਆਣਾ ਨੂੰ ਪਾਣੀ ਨਾ ਛੱਡਣ ’ਤੇ ਦੋਵਾਂ ਸੂਬਿਆਂ ਵਿਚਾਲੇ ਚੱਲਿਆ ਆ ਰਿਹਾ ਵਿਵਾਦ ਹੁਣ ਨਵਾਂ ਮੋੜ ਲੈ ਗਿਆ ਹੈ। ਦੋਵਾਂ ਸੂਬਿਆਂ ਦੇ ਮੰਤਰੀ ਪਾਣੀ ਮਿਲਣ ਦੇ ਆਪਣੇ ਆਪਣੇ ਦਾਅਵੇ ਕਰ ਰਹੇ ਹਨ। ਜਿੱਥੇ ਹਰਿਆਣਾ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ ਉਨ੍ਹਾਂ ਦੀ ਮੰਗ ਦੇ ਮੁਤਾਬਕ 10300 ਕਿਊਸਕ ਪਾਣੀ ਮਿਲਣਾ ਸ਼ੁਰੂ ਹੋ ਗਿਆ ਹੈ, ਉੱਥੇ ਪੰਜਾਬ ਸਰਕਾਰ ਦਾ ਦਾਅਵਾ ਹੈ ਕਿ ਭਾਖੜਾ ਮੇਨ ਲਾਈਨ ’ਚ 11700 ਕਿਊਸਕ ਪਾਣੀ ਛੱਡਿਆ ਗਿਆ ਹੈ ਜਿਸ ਵਿਚੋਂ ਤਿੰਨ ਹਜ਼ਾਰ ਕਿਊਸਕ ਪਾਣੀ ਪੰਜਾਬ ਆਪਣੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਲੈ ਰਿਹਾ ਹੈ ਤੇ ਬਾਕੀ ਬਚਿਆ ਹੋਇਆ ਪਾਣੀ ਹਰਿਆਣਾ ਨੂੰ ਉਸ ਦੇ ਨਵੇਂ ਸੈਸ਼ਨ ਦੇ ਕੋਟੇ ਤੋਂ ਜਾ ਰਿਹਾ ਹੈ। ਹਾਲਾਂਕਿ ਨਹਿਰੀ ਵਿਭਾਗ ਨਾਲ ਜੁੜੇ ਹੋਏ ਵਿਭਾਗ ਦੇ ਇੰਜੀਨੀਅਰਾਂ ਦਾ ਕਹਿਣਾ ਹੈ ਕਿ ਨਹਿਰ ਦੀ ਸਮਰੱਥਾ ਹੀ 12500 ਹੈ। ਅਜਿਹੇ ’ਚ ਹਰਿਆਣਾ ਦਾ ਇਹ ਦਾਅਵਾ ਸਹੀ ਨਹੀਂ ਹੋ ਸਕਦਾ ਕਿ ਉਨ੍ਹਾਂ ਨੂੰ 10300 ਕਿਊਸਕ ਪਾਣੀ ਮਿਲ ਰਿਹਾ ਹੈ ਕਿ ਕਿਉਂਕਿ ਨਹਿਰ ਦੇ ਹੈੱਡ ’ਤੇ 11700 ਕਿਊਸਕ ਪਾਣੀ ਛੱਡਿਆ ਜਾ ਰਿਹਾ ਹੈ ਜਿਸ ਵਿਚੋਂ ਤਿੰਨ ਹਜ਼ਾਰ ਕਿਊਸਕ ਪਾਣੀ ਪੰਜਾਬ ਆਪਣੇ ਹਿੱਸੇ ਦਾ ਲੈ ਰਿਹਾ ਹੈ। ਅਜਿਹੇ ’ਚ ਉਨ੍ਹਾਂ ਨੂੰ 10300 ਕਿਊਸਕ ਪਾਣੀ ਕਿਵੇਂ ਮਿਲ ਸਕਦਾ ਹੈ। ਹਰਿਆਣਾ ਦੀ ਜਲ ਵਸੀਲਾ ਵਿਭਾਗ ਦੀ ਮੰਤਰੀ ਸ਼ਰੁਤੀ ਚੌਧਰੀ ਨੇ ਅੱਜ ਕਿਹਾ ਕਿ ਹਰਿਆਣਾ ਨੂੰ ਉਸਦੇ ਹਿੱਸੇ ਦਾ 10300 ਕਿਊਸਕ ਪਾਣੀ ਮਿਲਣਾ ਸ਼ੁਰੂ ਹੋ ਗਿਆ ਹੈ। ਉਨ੍ਹਾਂ ਕਿਹਾ ਕਿ 3600 ਕਿਊਸਕ ਪਾਣੀ ਹਰਿਣਆ ਬ੍ਰਾਂਚ ’ਚ ਤੇ 6700 ਕਿਊਸਕ ਪਾਣੀ ਬੀਐੱਮਐੱਲ ਤੋਂ ਮਿਲਣਾ ਸ਼ੁਰੂ ਹੋ ਗਿਆ ਹੈ ਜਿਸ ਨਾਲ ਹਰਿਆਣਾ ਦੇ ਜੀਂਦ, ਭਿਵਾਨੀ, ਰੋਹਤਕ ਤੇ ਝੱਜਰ ’ਚ ਪਾਣੀ ਦੀ ਕਮੀ ਪੂਰੀ ਹੋ ਗਈ ਹੈ। ਉੱਧਰ, ਪੰਜਾਬ ਦੇ ਜਲ ਵਸੀਲਾ ਵਿਭਾਗ ਦੇ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਦਾਅਵਾ ਕੀਤਾ ਹੈ ਕਿ ਭਾਖੜਾ ਮੇਨ ਲਾਈਨ ਤੋਂ ਤਿੰਨ ਹਜ਼ਾਰ ਕਿਊਸਕ ਪਾਣੀ ਪੰਜਾਬ ਨੂੰ ਮਿਲ ਰਿਹਾ ਹੈ ਜਦਕਿ ਹਾਲੇ ਇਸ ਵਿਚ 11700 ਕਿਊਸਕ ਪਾਣੀ ਹੀ ਛੱਡਿਆ ਗਿਆ ਹੈ। ਅਸੀਂ ਹੈੱਡ ’ਤੇ ਬੈਠੇ ਹਾਂ। ਸਾਡੀਆਂ ਜ਼ਰੂਰਤ ਪੂਰਾ ਹੋਣ ਦੇ ਬਾਅਦ ਹੀ ਹਰਿਆਣਾ ਨੂੰ ਪਾਣੀ ਮਿਲੇਗਾ। ਹਾਲਾਂਕਿ ਜਲ ਵਸੀਲਾ ਵਿਭਾਗ ਦੇ ਸੂਤਰ ਵੀ ਇਹ ਕਹਿ ਰਹੇ ਹਨ ਕਿ ਹਾਲੇ 11700 ਕਿਊਸਕ ਹੀ ਪਾਣੀ ਛੱਡਿਆ ਗਿਆ ਹੈ ਜਿਸਨੂੰ ਨਹਿਰ ਦੀ ਸਥਿਤੀ ਨੂੰ ਦੇਖਦੇ ਹੋਏ ਹਰ ਘੰਟੇ ਬਾਅਦ 100 ਕਿਊਸਕ ਵਧਾਇਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਪੰਜਾਬ ਬੀਬੀਐੱਮਬੀ ਵਲੋਂ ਹਰਿਆਣਾ ਨੂੰ 10300 ਕਿਊਸਕ ਪਾਣੀ ਦੇਣ ’ਤੇ ਇਹ ਕਹਿੰਦੇ ਹੋਏ ਇਤਰਾਜ਼ ਕਰ ਰਿਹਾ ਹੈ ਕਿ ਜਦੋਂ ਨਹਿਰ ਦੀ ਸਮਰੱਥਾ ਹੀ 12500 ਹੈ ਤਾਂ ਹਰਿਆਣਾ ਨੂੰ 10300 ਪਾਣੀ ਕਿਵੇਂ ਦਿੱਤਾ ਜਾ ਸਕਦਾ ਹੈ ਜਿਕਰ ਇਸ ਤਰ੍ਹਾਂ ਕੀਤਾ ਗਿਆ ਤਾਂ ਪੰਜਾਬ ਨੂੰ ਆਪਣੇ ਹਿੱਸੇ ਦਾ ਪਾਣੀ ਨਹੀਂ ਮਿਲੇਗਾ। ਪੰਜਾਬ ਇਹ ਵੀ ਵਾਰ-ਵਾਰ ਕਹਿ ਰਿਹਾ ਹੈ ਕਿ ਨਹਿਰ ਕਈ ਥਾਵਾਂ ਤੋਂ ਕਾਫ਼ੀ ਖਰਾਬ ਸਥਿਤੀ ’ਚ ਹੈ। ਜੇਕਰ ਨਹਿਰ ਟੁੱਟ ਗਈ ਤਾਂ ਪੰਜਾਬ ਦੇ ਇਲਾਕਿਆਂ ਦਾ ਬਹੁਤ ਨੁਕਸਾਨ ਹੋਵੇਗਾ। ਇਸ ਦੌਰਾਨ ਚੰਗੀ ਗੱਲ ਇਹ ਰਹੀ ਕਿ ਕੱਲ੍ਹ ਪਹਾੜਾਂ ’ਤੇ ਹੋਈ ਜ਼ੋਰਦਾਰ ਬਾਰਿਸ਼ ਤੇ ਬਰਫ ਦੇ ਪਿਘਲਣ ਨਾਲ ਭਾਖੜਾ ’ਚ ਪਾਣੀ ਦਾ ਇਨਫਲੋਅ ਨੌ ਹਜ਼ਾਰ ਕਿਊਸਕ ਵੱਧ ਗਿਆ ਹੈ। ਪਿਛਲੇ ਕੱਲ੍ਹ ਇਹ 20607 ਕਿਊਸਕ ਸੀ ਜਿਹੜਾ ਅੱਜ 29110 ਦਰਜ ਕੀਤਾ ਗਿਆ। ਹਾਲਾਂਕਿ ਪਾਣੀ ਨੂੰ ਰਿਲੀਜ਼ ਕਰਨ ’ਚ ਜ਼ਿਆਦਾ ਵਾਧਾ ਨਹੀਂ ਕੀਤਾ ਗਿਆ। ਅੱਜ ਭਾਖੜਾ ਤੋਂ ਪਾਣੀ ਕੱਲ੍ਹ ਦੇ 20607 ਦੇ ਮੁਕਾਬਲੇ 20957 ਛੱਡਿਆ ਗਿਆ ਹੈ ਜਿਸ ਵਿਚੋਂ 11700 ਬੀਐੱਮਐੱਲ ’ਚ ਤੇ ਬਾਕੀ ਸਰਹਿੰਦ ਫੀਡਰ ਸਮੇਤ ਹੋਰ ਨਹਿਰੀ ਸਿਸਟਮ ’ਚ ਛੱਡਿਆ ਗਿਆ ਹੈ। ਭਾਖੜਾ ਦੇ ਇਲਾਵਾ ਪੌਂਗ ਡੈਮ ਦਾ ਪਾਣੀ ਦਾ ਪੱਧਰ ਵੀ ਵਧਿਆ ਹੈ ਪਰ ਰਣਜੀਤ ਸਾਗਰ ਡੈਮ ਦਾ ਪਾਣੀ ਦਾ ਪੱਧਰ ਕੱਲ੍ਹ ਦੇ ਮੁਕਾਬਲੇ ਘੱਟ ਹੋਇਆ ਹੈ।



