
ਦੀਨਾਨਗਰ, 15 ਜੁਲਾਈ : ਪੁਲਿਸ ਸਬ ਡਿਵੀਜ਼ਨ ਦੀਨਾਨਗਰ ਦੇ ਥਾਣਾ ਦੋਰਾਂਗਲਾ ਦੀ ਪੁਲਿਸ ਨੇ ਸੂਚਨਾ ਦੇ ਅਧਾਰ ਤੇ ਕਾਰਵਾਈ ਕਰਦਿਆਂ ਪਾਕਿਸਤਾਨ ਤੋਂ ਮੰਗਵਾਈ ਗਈ ਇਕ ਕਿਲੋ ਤੋਂ ਵੱਧ ਹੈਰੋਇਨ ਦੇ ਨਾਲ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਜਦੋਂਕਿ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦਾ ਤੀਜਾ ਸਾਥੀ ਮੌਕੇ ਤੋਂ ਫਰਾਰ ਹੋਣ ਵਿੱਚ ਕਾਮਯਾਬ ਹੋ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐੱਸਪੀ ਰਜਿੰਦਰ ਸਿੰਘ ਮਿਨਹਾਸ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਤਹਿਤ ਐੱਸਐੱਸਪੀ ਗੁਰਦਾਸਪੁਰ ਅਦਿੱਤਿਆ ਦੇ ਨਿਰਦੇਸ਼ਾਂ ਹੇਠ ਪੁਲਿਸ ਅਤੇ ਬੀਐੱਸਐੱਫ ਦੀ ਖੁਫੀਆ ਸੂਚਨਾ ਦੇ ਅਧਾਰ ਤੇ ਦੋਰਾਂਗਲਾ ਥਾਣੇ ਦੀ ਪੁਲਿਸ ਨੇ ਠਾਕੁਰਪੁਰ ਟੀ ਪੁਆਇੰਟ ਤੇ ਨਾਕਾ ਲਗਾਇਆ ਹੋਇਆ ਸੀ। ਨਾਕੇ ਦੌਰਾਨ ਪਿੰਡ ਰਾਮਪੁਰ ਵੱਲੋਂ ਆ ਰਹੀ ਇਕ ਸਵਿਫਟ ਕਾਰ ਪੀਬੀ 65 ਵੀ 0252 ਨੂੰ ਜਦੋਂ ਪੁਲਿਸ ਵੱਲੋਂ ਰੋਕਿਆ ਗਿਆ ਤਾਂ ਕਾਰ ਦੀ ਮਗਰਲੀ ਸੀਟ ਤੇ ਬੈਠਾ ਇਕ ਵਿਅਕਤੀ ਮੌਕੇ ਤੋਂ ਫਰਾਰ ਹੋ ਗਿਆ। ਜਦੋਂਕਿ ਪੁਲਿਸ ਨੇ ਕਾਰ ਸਵਾਰ ਬਾਕੀ ਦੋਵੇਂ ਵਿਅਕਤੀਆਂ ਨੂੰ ਕਾਬੂ ਕਰਕੇ ਕਾਰ ਦੀ ਤਲਾਸ਼ੀ ਲਈ ਤਾਂ ਕਾਰ ਦੀ ਡਰਾਇਵਰ ਸੀਟ ਹੇਠੋਂ ਦੋ ਪੈਕਟਾਂ ਵਿੱਚ 1 ਕਿਲੋ 68 ਮਿਲੀਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਿਸ ਨੇ ਹੈਰੋਇਨ ਸਮੇਤ ਕਾਬੂ ਕੀਤੇ ਗਏ ਦੋਵੇਂ ਕਾਰ ਸਵਾਰ ਮੁਲਜ਼ਮਾਂ ਓਂਕਾਰ ਸਿੰਘ ਉਰਫ ਕਾਲੂ ਪੁੱਤਰ ਗੁਰਨਾਮ ਸਿੰਘ ਵਾਸੀ ਸੰਦਲਪੁਰ ਥਾਣਾ ਦੋਰਾਂਗਲਾ ਅਤੇ ਮਨਪ੍ਰੀਤ ਕੁਮਾਰ ਪੁੱਤਰ ਪਿਆਰਾ ਲਾਲ ਵਾਸੀ ਸ਼੍ਰੀਰਾਮ ਕਲੋਨੀ ਥਾਣਾ ਦੋਰਾਂਗਲਾ ਦੇ ਇਲਾਵਾ ਤੀਜੇ ਫਰਾਰ ਹੋਏ ਮੁਲਜਮ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਅੰਚਲ ਸਿੰਘ ਵਾਸੀ ਚੱਕਰੀ ਥਾਣਾ ਦੋਰਾਂਗਲਾ ਦੇ ਖਿਲਾਫ ਐੱਨਡੀਪੀਐੱਸ ਐਕਟ ਤਹਿਤ ਮੁਕਦਮਾ ਦਰਜ ਕਰਕੇ ਗ੍ਰਿਫਤਾਰ ਕੀਤੇ ਗਏ ਦੋਵਾਂ ਮੁਲਜਮਾਂ ਨੂੰ ਅਦਾਲਤ ਵਿੱਚ ਪੇਸ਼ ਕਰ ਦਿੱਤਾ ਹੈ। ਡੀਐੱਸਪੀ ਰਜਿੰਦਰ ਸਿੰਘ ਮਿਨਹਾਸ ਨੇ ਦੱਸਿਆ ਕਿ ਮੁਲਜ਼ਮਾਂ ਦੇ ਪਾਕਿਸਤਾਨੀ ਤਸਕਰਾਂ ਨਾਲ ਸਬੰਧਾਂ ਦੀ ਗੱਲ ਸਾਹਮਣੇ ਆਈ ਹੈ ਅਤੇ ਪੁਲਿਸ ਮੁਲਜ਼ਮਾਂ ਦੇ ਰਿਮਾਂਡ ਹਾਸਲ ਕਰਕੇ ਹੋਰ ਡੁੰਘਾਈ ਨਾਲ ਪੁੱਛਗਿੱਛ ਕਰੇਗੀ। ਜਿਸ ਮਗਰੋਂ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ। ਪਾਕਿਸਤਾਨੀ ਡਰੋਨ ਵੱਲੋਂ ਸ਼ਨਿੱਚਰਵਾਰ ਰਾਤ ਸੁੱਟੀ ਗਈ ਸੀ ਹੈਰੋਇਨ ਗੁਰਦਾਸਪੁਰ ਜ਼ਿਲ੍ਹੇ ਦੇ ਸਰਹੱਦੀ ਥਾਣਾ ਦੋਰਾਂਗਲਾ ਦੀ ਪੁਲਿਸ ਵੱਲੋਂ ਬਰਾਮਦ ਕੀਤੀ ਗਈ ਇਕ ਕਿਲੋ ਤੋਂ ਵੱਧ ਮਾਤਰਾ ਵਿੱਚ ਹੈਰੋਇਨ ਦੀ ਖੇਪ ਦੋ ਦਿਨ ਪਹਿਲਾਂ ਹੀ ਪਾਕਿਸਤਾਨ ਤੋਂ ਮੰਗਵਾਈ ਗਈ ਸੀ। ਲੰਘੇ ਸ਼ਨਿੱਚਰਵਾਰ ਰਾਤ ਸਾਢੇ ਕੁ ਅੱਠ ਵਜੇ ਦੇ ਕਰੀਬ ਭਾਰਤ ਪਾਕਿਸਤਾਨ ਸਰਹੱਦ ਤੇ ਬੀਓਪੀ ਠਾਕੁਰਪੁਰ ਦੇ ਨੇੜੇ ਭਾਰਤੀ ਖੇਤਰ ਵਿੱਚ ਡਰੋਨ ਦੀ ਅਵਾਜ਼ ਸੁਣੇ ਜਾਣ ਮਗਰੋਂ ਹੀ ਪੁਲਿਸ ਅਤੇ ਹੋਰ ਏਜੰਸੀਆਂ ਚੁਕੰਨੀਆਂ ਹੋ ਗਈਆਂ ਸਨ। ਹਾਲਾਂਕਿ ਭਾਰਤੀ ਖੇਤਰ ਵਿੱਚ ਡਰੋਨ ਦੀ ਅਵਾਜ਼ ਸੁਣੇ ਜਾਣ ਦੇ ਕੁਝ ਮਿੰਟਾਂ ਮਗਰੋਂ ਹੀ ਡਰੋਨ ਪਾਕਿਸਾਤਾਨ ਵਾਲੇ ਪਾਸੇ ਚਲਾ ਗਿਆ ਸੀ ਪਰ ਬੀਐੱਸਐੱਫ ਅਤੇ ਪੁਲਿਸ ਵੱਲੋਂ ਉਸੇ ਸਮੇਂ ਤੋਂ ਹੀ ਸਰਹੱਦ ਨੇੜੇ ਤਲਾਸ਼ੀ ਅਭਿਆਨ ਚਲਾਇਆ ਜਾ ਰਿਹਾ ਸੀ। ਡੀਐੱਸਪੀ ਰਜਿੰਦਰ ਸਿੰਘ ਮਿਨਹਾਸ ਅਨੁਸਾਰ ਪੁਲਿਸ ਸਰਹੱਦ ਨੇੜੇ ਹਰ ਹਰਕਤ ਤੇ ਬਰੀਕੀ ਨਾਲ ਨਜ਼ਰ ਰੱਖ ਰਹੀ ਸੀ ਜਿਸ ਮਗਰੋਂ ਪੁਲਿਸ ਇਕ ਕਿਲੋ ਤੋਂ ਵਧੇਰੇ ਦੀ ਪਾਕਿਸਤਾਨ ਤੋਂ ਮੰਗਵਾਈ ਗਈ ਹੈਰੋਇਨ ਦੀ ਖੇਪ ਬਰਾਮਦ ਕਰਨ ਵਿੱਚ ਸਫਲ ਰਹੀ ਹੈ।



