Punjab

ਪਾਕਿਸਤਾਨ ‘ਚ ਹਿੰਦੂ-ਸਿੱਖ ਵਿਰਾਸਤ ਖ਼ਤਰੇ ‘ਚ

1817 ਇਤਿਹਾਸਕ ਸਥਾਨਾਂ 'ਚੋਂ ਮਹਿਜ਼ 37 ਸਥਾਨ ਰਹਿ ਗਏ ਸੁਰੱਖਿਅਤ

ਅੰਮ੍ਰਿਤਸਰ, 30 ਦਸੰਬਰ : 1947 ਦੀ ਅਣਕਿਆਸੀ ਭਾਰਤ-ਪਾਕਿ ਵੰਡ ਦੇ ਦੌਰਾਨ ਜਿੱਥੇ ਦੋਵਾਂ ਦੇਸ਼ਾਂ ਦੇ ਸੱਭ ਤੋਂ ਖੁਸ਼ਹਾਲ ਪ੍ਰਾਂਤ ਪੰਜਾਬ ਦੇ ਦੋ ਟੋਟੇ ਹੋਏ ਤੇ 10 ਲੱਖ ਦੇ ਕਰੀਬ ਪੰਜਾਬੀਆਂ ਨੂੰ ਆਪਣੀ ਜਾਨ ਦੀ ਕੁਰਬਾਨੀ ਦੇਣੀ ਪਈ। ਇਸ ਦੇ ਨਾਲ ਹੀ ਪਾਕਿਸਤਾਨ ਵਿੱਚਲੇ 1817 ਹਿੰਦੂ-ਸਿੱਖ ਧਾਰਮਿਕ ਸਥਾਨਾਂ ਨੂੰ ਵੀ ਉਜਾੜੇ ਦਾ ਦਰਦ ਝੱਲਣਾ ਪਿਆ। ਪ੍ਰਾਪਤ ਜਾਣਕਾਰੀ ਅਨੁਸਾਰ ਪਾਕਿਸਤਾਨ ਦੇ ਵਿਚ ਹੁਣ ਸਿਰਫ ਤੇ ਸਿਰਫ 37 ਹਿੰਦੂ-ਸਿੱਖ ਗੁਰਦੁਆਰੇ ਅਤੇ ਮੰਦਰ ਹਨ। ਜਿੰਨ੍ਹਾਂ ਦੀ ਵੱਡੇ ਪੱਧਰ ਤੇ ਸਾਂਭ ਸੰਭਾਲ ਹੋ ਰਹੀ ਤੇ ਸਵੇਰੇ ਸ਼ਾਮ ਪਾਠ-ਪੂਜਾ, ਅਰਚਨਾ-ਅਰਾਧਨਾ, ਅਰਦਾਸ- ਬੇਨਤੀਆਂ ਹੁੰਦੀਆਂ ਹਨ। ਇਸ ਗੱਲ ਦਾ ਖੁਲਾਸਾ ਪਾਕਿਸਤਾਨ ਸੰਸਦੀ ਪੈਨਲ ਦੇ ਵੱਲੋਂ ਕੀਤਾ ਗਿਆ ਹੈ ਤੇ ਪਾਕਿ ਵਿਚ ਸਥਾਪਤ ਹਿੰਦੂ-ਸਿੱਖ ਧਾਰਮਿਕ ਸਥਾਨਾ ਦੀ ਸੁਰੱਖਿਆ ਅਤੇ ਮੁੜ ਉਸਾਰੀ ਤੇ ਸਾਂਭ ਸੰਭਾਲ ਨੂੰ ਲੈ ਕੇ ਚਰਚਾ ਵੀ ਹੋਈ ਹੈ। ਪੈਨਲ ਦਾ ਮੰਨਣਾ ਹੈ ਕਿ ਘੱਟ ਗਿਣਤੀ ਭਾਈਚਾਰੇ ਦੇ ਇਤਿਹਾਸਕ ਤੇ ਧਾਰਮਿਕ ਸਥਾਨਾਂ ਦੀ ਸੇਵਾ ਸੰਭਾਲ ਅਤੇ ਸੁਰੱਖਿਆ ਕਰਕੇ ਇਤਿਹਾਸ ਨੂੰ ਮੁੜ ਸੁਰਜੀਤ ਕੀਤਾ ਜਾਵੇਗਾ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਇਕ ਰਿਪੋਰਟ ਅਨੁਸਾਰ ਪਾਕਿਸਤਾਨ ਵਿਚਲੇ ਛੋਟੇ- ਵੱਡੇ 1285 ਦੇ ਕਰੀਬ ਮੰਦਰ ਅਤੇ 532 ਦੇ ਕਰੀਬ ਗੁਰਦੁਆਰੇ ਸਾਂਭ-ਸੰਭਾਲ ਖੁਣੋ ਖੰਡਰਾਂ ਦਾ ਰੂਪ ਧਾਰਨ ਕਰ ਚੁੱਕੇ ਹਨ। ਪਾਕਿਸਤਾਨ ਸਰਕਾਰ ਵਿਚ ਅਹਿਮ ਤੇ ਉਚ ਅਹੁੱਦੇ ਤੇ ਬਿਰਾਜਮਾਨ ਸੈਨੇਟਰ ਦਿਨੇਸ਼ ਕੁਮਾਰ ਦੇ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਪਾਕਿਸਤਾਨ ਕਾਇਦੇ ਕਾਨੂੰਨ ਦੇ ਵਿਚ ਸਭ ਧਰਮਾਂ ਦੇ ਅਧਿਕਾਰ ਬਰਾਬਰ ਹਨ ਤੇ ਸੱਭ ਦਾ ਆਦਰ ਮਾਨ-ਸਨਮਾਨ ਵੀ ਇੱਕੋ ਜਿਹਾ ਹੈ। ਇਸੇ ਸਿਲਸਿਲੇ ਦੇ ਚੱਲਦਿਆਂ ਪਾਕਿਸਤਾਨ ਮਨਿਉਰਟੀ ਕੋਕਿਸ ਨੇ ਵੀ ਵਿਸ਼ਵਾਸ਼ ਦਿਵਾਇਆ ਹੈ ਕਿ ਘੱਟ ਗਿਣਤੀ ਭਾਈਚਾਰੇ ਦੇ ਮੁੱਦੇ ਸੰਸਦ ਵਿੱਚ ਉਠਾਏ ਜਾਣਗੇ ਤੇ ਧਾਰਮਿਕ ਸਥਾਨਾ ਦੀ ਬਹਾਲੀ ਲਈ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ। ਜ਼ਿਕਰਯੋਗ ਹੈ ਕਿ ਕੁੱਲ ਹਿੰਦੂ ਸਿੱਖ ਧਾਰਮਿਕ ਸਥਾਨਾ ਦੇ ਵਿੱਚੋਂ 97ਵੇਂ ਪ੍ਰਤੀਸ਼ਤ ਜਾਂ ਤਾਂ ਢਹਿ ਢੇਰੀ ਹੋ ਚੁੱਕੇ ਹਨ ਜਾ ਫਿਰ ਪਹੁੰਚ ਤੋਂ ਵੀ ਬਾਹਰ ਹੋ ਚੁੱਕੇ ਹਨ।1947 ਦੀ ਭਾਰਤ-ਪਾਕ ਵੰਡ ਤੋਂ ਪਹਿਲਾਂ ਉਧਰਲੇ ਪਾਸੇ ਹਿੰਦੂ ਅਤੇ ਸਿੱਖਾਂ ਦੀ ਬਹੁਤਾਂਤ ਹੋਣ ਕਾਰਨ ਪੂਜਾ-ਪਾਠ ਵਾਸਤੇ ਉੱਪਰ ਦਰਸਾਏ ਗਏ ਧਾਰਮਿਕ ਸਥਾਨਾ ਦੀ ਉਸਾਰੀ ਕੀਤੀ ਗਈ ਸੀ ਤੇ ਫਿਰ ਭਾਰਤ ਪਾਕ ਵੰਡ ਤੋਂ ਬਾਅਦ ਪਾਕਿਸਤਾਨ ਵਿੱਚੋਂ ਹਿੰਦੂ-ਸਿੱਖ ਭਾਈਚਾਰੇ ਦੀ ਗਿਣਤੀ ਘੱਟਦੀ ਗਈ ਜਾਂ ਇੰਝ ਕਹਿ ਲਓ ਕਿ ਮਨਫੀ ਹੋ ਕੇ ਰਹਿ ਗਈ। ਜਿਸ ਦੇ ਚੱਲਦਿਆਂ ਸਮੁੱਚੇ ਧਾਰਮਿਕ ਸਥਾਨ ਸਮੁੱਚੀਆਂ ਸੇਵਾਵਾਂ ਤੋਂ ਮਹਿਰੂਮ ਹੋ ਕੇ ਰਹਿ ਗਏ ਤੇ ਸਿਰਫ 37 ਹਿੰਦੁੂ-ਸਿੱਖ ਧਾਰਮਿਕ ਸਥਾਨਾਂ ਦਾ ਪਾਕ ਵਿੱਚ ਰਹਿ ਰਹੇ ਹਿੰਦੂ-ਸਿੱਖ ਭਾਈਚਾਰੇ ਵੱਲੋਂ ਸੇਵਾ ਸੰਭਾਲ ਦਾ ਬੀੜਾ ਚੁੱਕਿਆ ਗਿਆ। ਪਾਕਿ ਸੰਸਦੀ ਪੈਨਲ ਤੇ ਮਨਿਓਰਟੀ ਕੋਕਿਸ ਦੇ ਵੱਲੋਂ ਬਾਕੀ ਦੇ ਹਿੰਦੂ-ਸਿੱਖ ਧਾਰਮਿਕ ਸਥਾਨਾਂ ਦੀ ਮੁੜ ਉਸਾਰੀ ਤੇ ਬਹਾਲੀ ਨੂੰ ਲੈ ਕੇ ਸੰਜੀਦਗੀ ਤੇ ਸੁਹਿਰਦਤਾ ਦਿਖਾਉਣਾ ਚੰਗੀ ਗੱਲ ਹੈ ਪਰ ਉਸ ਤੇ ਪਹਿਰਾ ਦੇਣਾ ਸੋਨੇ ਤੇ ਸੁਹਾਗੇ ਵਾਲੀ ਗੱਲ ਹੋਵੇਗੀ। ਜ਼ਿਕਰਯੋਗ ਹੈ ਕਿ ਅਗਰ ਪਾਕਿਸਤਾਨ ਦੇ ਵਿਚ ਵਾਕਿਆ ਹੀ ਇਸ ਤਰ੍ਹਾਂ ਹੋ ਜਾਂਦਾ ਹੈ ਤਾਂ ਉਹ ਦਿਨ ਦੂਰ ਨਹੀਂ ਜਦੋਂ ਉਨ੍ਹਾਂ ਧਾਰਮਿਕ ਸਥਾਨਾਂ ਦੇ ਦਰਸ਼ਨ ਦੀਦਾਰੇ ਕਰਨ ਵਾਸਤੇ ਭਾਰਤ ਤੋਂ ਵੱਡੀ ਗਿਣਤੀ ਵਿਚ ਜੱਥਿਆਂ ਦਾ ਜਾਣਾ ਲਗਭਗ ਤੈਅ ਮੰਨਿਆ ਜਾਵੇਗਾ ਜਿਸ ਨਾਲ ਉਪਰੋਕਤ ਧਾਰਮਿਕ ਸਥਾਨਾਂ ਦੀ ਸਾਂਭ ਸੰਭਾਲ ਦੇ ਸੇਵਾ ਕਾਰਜਾਂ ਵਿਚ ਬਣਦੀ ਹਿੱਸੇਦਾਰੀ ਵੀ ਪੈ ਜਾਵੇਗੀ ਤੇ ਪਾਕਿ ਨੂੰ ਆਰਥਿਕ ਹੁਲਾਰਾ ਵੀ ਮਿਲ ਸਕੇਗਾ।

Related Articles

Leave a Reply

Your email address will not be published. Required fields are marked *

Back to top button