
ਪਠਾਨਕੋਟ, , 4 ਅਗਸਤ : ਅੰਮ੍ਰਿਤਸਰ ਨੈਸ਼ਨਲ ਹਾਈਵੇ ਤੇ ਪੈਂਦੇ ਨਰੋਟ ਦੀ ਪੁਲੀ ’ਤੇ ਦਰਦਨਾਕ ਹਾਦਸਾ ਵਾਪਰ ਗਿਆ ਜਦੋਂ ਪਠਾਨਕੋਟ ਦਾ ਰਹਿਣ ਵਾਲਾ ਇੱਕ ਨੌਜਵਾਨ ਆਪਣੇ ਕਾਲਜ ਨੂੰ ਜਾਂਦੇ ਦੁਰਘਟਨਾ ਗ੍ਰਸਤ ਹੋ ਗਿਆ ਤੇ ਉਸ ਦੀ ਮੌਤ ਹੋ ਗਈ। ਜਾਣਕਾਰੀ ਦਿੰਦੇ ਹੋਏ ਉੱਥੇ ਮੌਜ਼ੂਦ ਨਰਿੰਦਰ ਪਾਲ ਸਿੰਘ ਨੇ ਦੱਸਿਆ ਕਿ ਜਦੋਂ ਮੰਤਰੀ ਲਾਲ ਚੰਦ ਕਟਾਰੂਚੱਕ ਦਾ ਕਾਫਲਾ ਅੰਮ੍ਰਿਤਸਰ ਵਾਲੀ ਸਾਈਡ ਤੋਂ ਆ ਰਿਹਾ ਸੀ ਤੇ ਨਰੋਟ ਪੁਲੀ ਤੋਂ ਯੂ ਟਰਨ ਕਰਕੇ ਵਾਪਸ ਅੰਮ੍ਰਿਤਸਰ ਨੂੰ ਮੁੜਨ ਲੱਗਾ ਉਸ ਵੇਲੇ ਇਹ ਦਰਦਨਾਕ ਹਾਦਸਾ ਵਾਪਰ ਗਿਆ, ਜਿਸ ਕਾਰਨ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਮ੍ਰਿਤਕ ਦੀ ਪਹਿਚਾਨ ਅਵੀਰਾਜ ਉਫ ਅੰਕੁਸ਼ ਵੱਜੋਂ ਹੋਈ ਹੈ ਜੋ ਅਮਨ ਭੱਲਾ ਇੰਸਟੀਚਿਊਟ ਕੋਟਲੀ ਵਿੱਚ ਐਡਮਿਸ਼ਨ ਲੈ ਕੇ ਪਹਿਲੇ ਦਿਨ ਕਾਲਜ ਜਾ ਰਿਹਾ ਸੀ ਤੇ ਉਸਦੀ ਉਮਰ ਤਕਰੀਬਨ 19 ਸਾਲ ਸੀ। ਜਦੋਂ ਇਸ ਸਬੰਧ ਵਿੱਚ ਮ੍ਰਿਤਕ ਦੇ ਪਰਿਵਾਰ ਦੇ ਮੈਂਬਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਉਹਨਾਂ ਦਾ ਬੇਟਾ ਅੱਜ ਪਹਿਲੇ ਦਿਨ ਕਾਲਜ ਜਾ ਰਿਹਾ ਸੀ ਜਿਸ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ। ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਨਰੋਟ ਪੁਲੀ ਉੱਪਰ ਧਰਨਾ ਲਗਾ ਕੇ ਰੋਡ ਜਾਮ ਕਰ ਦਿੱਤਾ ਗਿਆ। ਜਿਸ ਕਾਰਨ ਦੋਵੇਂ ਪਾਸੇ ਗੱਡੀਆਂ ਦੀਆਂ ਲੰਮੀਆਂ ਕਤਾਰਾਂ ਖੜੀਆਂ ਹੋ ਗਈਆਂ। ਮੌਕੇ ਉੱਪਰ ਪਹੁੰਚੇ ਐਸਪੀ ਮਨੋਜ ਠਾਕੁਰ ਵੱਲੋਂ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੂੰ ਸਮਝਾ ਕੇ ਧਰਨਾ ਹਟਾਇਆ ਗਿਆ। ਉਨਾਂ ਕਿਹਾ ਕਿ ਟਰੱਕ ਨਾਲ ਵੱਜ ਕੇ ਅਵਿਰਾਜ ਦੀ ਮੌਤ ਹੋਈ ਹੈ ਅਤੇ ਉਹਨਾਂ ਵੱਲੋਂ ਟਰੱਕ ਅਤੇ ਟਰੱਕ ਚਾਲਕ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।



