Punjab

ਪਹਿਲੀ ਜਮਾਤ ਦੇ ਵਿਦਿਆਰਥੀ ਨਾਲ ਬੈਂਕ ਦੀ ਛੱਤ ’ਤੇ ਲਿਜਾ ਕੀਤੀ ਬਦਫੈਲੀ

ਲੁਧਿਆਣਾ, 8 ਫਰਵਰੀ : ਲੁਧਿਆਣਾ ਵਿੱਚ ਹੈਵਾਨੀਅਤ ਭਰੀ ਇੱਕ ਸ਼ਰਮਨਾਕ ਘਟਨਾ ਸਾਹਮਣੇ ਆਈ। ਹਵਸ ਵਿੱਚ ਅੰਨ੍ਹੇ ਹੋਏ ਇੱਕ ਵਿਅਕਤੀ ਨੇ ਪਹਿਲੀ ਜਮਾਤ ਦੇ ਵਿਦਿਆਰਥੀ ਨੂੰ ਬਦਫੈਲੀ ਦਾ ਸ਼ਿਕਾਰ ਬਣਾਇਆ। ਬੁਰੀ ਤਰ੍ਹਾਂ ਕੁਰਲਾ ਰਹੇ ਮਾਸੂਮ ਬੱਚੇ ਨੇ ਜਦ ਚਾਹ ਦੀ ਰੇਹੜੀ ਲਗਾਉਣ ਵਾਲੀ ਆਪਣੀ ਨਾਨੀ ਨੂੰ ਮੁਲਜ਼ਮ ਦੀ ਸ਼ਰਮਨਾਕ ਕਰਤੂਤ ਦੱਸੀ ਤਾਂ ਸਾਰਾ ਮਾਮਲਾ ਉਜਾਗਰ ਹੋਇਆ। ਇਸ ਕੇਸ ਵਿੱਚ ਥਾਣਾ ਡਿਵੀਜ਼ਨ ਨੰਬਰ ਛੇ ਦੀ ਪੁਲਿਸ ਨੇ ਲੜਕੇ ਦੀ ਮਾਂ ਦੀ ਸ਼ਿਕਾਇਤ ’ਤੇ ਵਿਸ਼ਕਰਮਾ ਚੌਂਕ ਮਿਲਰਗੰਜ ਦੇ ਵਾਸੀ ਸੁਨੀਲ ਕੁਮਾਰ ਦੇ ਖ਼ਿਲਾਫ਼ 4 ਪੋਸਕੋ ਐਕਟ ਅਧੀਨ ਮੁਕਦਮਾ ਦਰਜ ਕਰ ਲਿਆ ਹੈ। ਤਫਤੀਸ਼ੀ ਅਫਸਰ ਜਸਵੰਤ ਸਿੰਘ ਨੇ ਦੱਸਿਆ ਕਿ ਸੱਤ ਸਾਲ ਦਾ ਮਾਸੂਮ ਵਿਸ਼ਕਰਮਾ ਚੌਂਕ ਦੇ ਲਾਗੇ ਪੈਂਦੇ ਇੱਕ ਸਕੂਲ ਦਾ ਪਹਿਲੀ ਜਮਾਤ ਦਾ ਵਿਦਿਆਰਥੀ ਹੈ। ਸਕੂਲ ਦੇ ਬਿਲਕੁਲ ਲਾਗੇ ਪੈਂਦੇ ਯੈਸ ਬੈਂਕ ਦੇ ਸਾਹਮਣੇ ਉਸਦੀ ਨਾਨੀ ਚਾਹ ਦੀ ਰੇਹੜੀ ਲਗਾਉਂਦੀ ਹੈ। ਸਕੂਲ ਦੀ ਛੁੱਟੀ ਤੋਂ ਬਾਅਦ ਲੜਕਾ ਆਪਣੀ ਨਾਨੀ ਦੇ ਕੋਲ ਰੇਹੜੀ ’ਤੇ ਆ ਜਾਂਦਾ ਸੀ। ਸ਼ਾਮ ਵੇਲੇ ਘਰ ਜਾਂਦੇ ਸਮੇਂ ਮਾਪੇ ਉਸਨੂੰ ਆਪਣੇ ਨਾਲ ਲੈ ਜਾਂਦੇ ਸਨ। ਸ਼ਿਕਾਇਤਕਰਤਾ ਨੇ ਪੁਲਿਸ ਨੂੰ ਦੱਸਿਆ ਕਿ ਬੀਤੇ ਦਿਨ ਛੁੱਟੀ ਤੋਂ ਬਾਅਦ ਲੜਕਾ ਆਪਣੀ ਨਾਨੀ ਦੇ ਕੋਲ ਆਇਆ। ਨਾਨੀ ਹਰ ਰੋਜ਼ ਵਾਂਗ ਲੜਕੇ ਨੂੰ ਰੇਹੜੀ ’ਤੇ ਬਿਠਾ ਕੇ ਗ੍ਰਾਹਕਾਂ ਨੂੰ ਚਾਹ ਦੇਣ ਚਲੀ ਗਈ। ਜਦ ਔਰਤ ਵਾਪਸ ਆਈ ਤਾਂ ਉਸਨੇ ਦੇਖਿਆ ਕਿ ਲੜਕਾ ਰੇਹੜੀ ’ਤੇ ਨਹੀਂ ਸੀ। ਔਰਤ ਨੇ ਬੱਚੇ ਦੀ ਤਲਾਸ਼ ਸ਼ੁਰੂ ਕੀਤੀ। ਕੁਝ ਸਮੇਂ ਬਾਅਦ ਉਹ ਯੈਸ ਬੈਂਕ ਦੀਆਂ ਪੌੜੀਆਂ ਤੋਂ ਰੋਂਦਾ ਹੋਇਆ ਹੇਠਾਂ ਉਤਰਿਆ। ਨਾਨੀ ਵੱਲੋਂ ਪੁੱਛਣ ’ਤੇ ਉਸਨੇ ਜੋ ਕੁਝ ਦੱਸਿਆ ਉਹ ਪਰੇਸ਼ਾਨ ਕਰ ਦੇਣ ਵਾਲਾ ਸੀ। ਬੱਚੇ ਨੇ ਦੱਸਿਆ ਕਿ ਥੋੜੀ ਦੂਰੀ ’ਤੇ ਚਾਹ ਦੀ ਰੇਹੜੀ ਲਗਾਉਣ ਵਾਲਾ ਵਿਸ਼ਵਕਰਮਾ ਚੌਂਕ ਦਾ ਵਾਸੀ ਸੁਨੀਲ ਉਸ ਨੂੰ ਬਹਾਨੇ ਨਾਲ ਯੈਸ ਬੈਂਕ ਦੀ ਛੱਤ ’ਤੇ ਲੈ ਗਿਆ ਸੀ। ਕੁਰਲਾਉਂਦੇ ਹੋਏ ਬੱਚੇ ਨੇ ਦੱਸਿਆ ਕਿ ਮੁਲਜ਼ਮ ਨੇ ਉਸ ਨੂੰ ਬਦਫੈਲੀ ਦਾ ਸ਼ਿਕਾਰ ਬਣਾਇਆ ਹੈ।ਇਸ ਮਾਮਲੇ ਵਿੱਚ ਥਾਣਾ ਡਿਵੀਜ਼ਨ ਨੰਬਰ ਛੇ ਦੇ ਏ.ਐੱਸ.ਆਈ. ਬਲਵੀਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਲੜਕੇ ਦੀ ਮਾਂ ਦੀ ਸ਼ਿਕਾਇਤ ’ਤੇ ਮੁਲਜ਼ਮ ਦੇ ਖ਼ਿਲਾਫ਼ 4 ਪੋਸਕੋ ਐਕਟ ਦੇ ਅਧੀਨ ਮੁਕਦਮਾ ਦਰਜ ਕਰਕੇ ਸੁਨੀਲ ਕੁਮਾਰ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਨੂੰ ਜਲਦੀ ਹੀ ਗ੍ਰਿਫਤਾਰ ਕੀਤਾ ਜਾਵੇਗਾ।

Related Articles

Leave a Reply

Your email address will not be published. Required fields are marked *

Back to top button