
ਮੋਗਾ, 15 ਅਗਸਤ : ਵਿਧਾਨ ਸਭਾ ਹਲਕਾ ਨਿਹਾਲ ਸਿੰਘ ਵਾਲਾ ਦੇ ਪਿੰਡ ਹਿੰਮਤਪੁਰਾ ਦੇ 30 ਸਾਲ ਦੀ ਉਮਰ ਤੋਂ ਉੱਪਰ ਦੇ ਨੌਜਵਾਨਾਂ ਨੇ ਸਰਪੰਚ ਬਾਦਲ ਸਿੰਘ ਹਿੰਮਤਪੁਰਾ ਨੂੰ ਚਿੱਠੀ ਲਿਖ ਦਿੱਤੀ। ਚਿੱਠੀ ’ਚ ਉਨ੍ਹਾਂ ਸਾਫ ਲਿਖਿਆ ਕਿ ਪਹਿਲਾਂ ਸਾਡੇ ਵਿਆਹ ਕਰਵਾ ਦਿੱਤੇ ਜਾਣ, ਪਿੰਡ ਦੇ ਕੰਮ ਤਾਂ ਬਾਅਦ ’ਚ ਵੀ ਹੁੰਦੇ ਰਹਿਣਗੇ। ਪਿੰਡ ਦੇ ਨੌਜਵਾਨਾਂ ਨੇ ਕਿਹਾ ਹੈ ਕਿ ਸਾਡੇ ਵਿਆਹ ਹੋਣ ਨਾਲ ਪਿੰਡ ਦੀ ਵੋਟ ਵਧੇਗੀ ਅਤੇ ਭਵਿੱਖ ’ਚ ਤੁਹਾਡੇ ਕੰਮ ਆਵੇਗੀ। ਨੌਜਵਾਨਾਂ ਨੇ ਲਿਖਿਆ ਹੈ ਕਿ ਜੇਕਰ ਸਰਪੰਚ ਸਾਡੀ ਗੱਲ ’ਤੇ ਗੌਰ ਨਹੀਂ ਕਰਦਾ ਤਾਂ ਅਸੀਂ ਸੰਘਰਸ਼ ਕਰਨ ਲਈ ਮਜਬੂਰ ਹੋਵਾਂਗੇ। ਉਨ੍ਹਾਂ ਕਿਹਾ ਕਿ ਇਹ ਮਸਲਾ ਇਕੱਲੇ ਪਿੰਡ ਦਾ ਨਹੀਂ ਹੈ ਅਸੀਂ ਇਸ ਨੂੰ ਪੰਜਾਬ ਪੱਧਰ ’ਤੇ ਲੈ ਕੇ ਜਾਵਾਂਗੇ। ਇਹ ਚਿੱਠੀ ਸ਼ੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋ ਰਹੀ ਹੈ ਅਤੇ ਲੋਕਾਂ ਵੱਲੋਂ ਵਿਅੰਗ ਕੱਸੇ ਜਾ ਰਹੇ ਹਨ। ਸਰਪੰਚ ਨੇ ਕੀਤੀ ਚਿੱਠੀ ਦੀ ਪੁਸ਼ਟੀ, ਕਿਹਾ; ਮਸਲਾ ਗੰਭੀਰ ਪਿੰਡ ਹਿੰਮਤਪੁਰਾ ਦੇ ਸਰਪੰਚ ਬਾਦਲ ਸਿੰਘ ਨਾਲ ਜਦੋਂ ਇਸ ਚਿੱਠੀ ਸਬੰਧੀ ਗੱਲ ਕੀਤੀ ਤਾਂ ਉਨ੍ਹਾਂ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਹ ਮਸਲਾ ਗੰਭੀਰ ਹੈ, ਇਸ ਬਾਰੇ ਸੋਚਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਪਿੰਡ ਦੇ ਨੌਜਵਾਨਾਂ ਨੇ ਪਿੰਡ ਦੀ ਬਿਹਤਰੀ ਲਈ ਵੋਟਾਂ ਸਮੇਂ ਚੰਗਾ ਕੰਮ ਕੀਤਾ ਸੀ। ਇਨ੍ਹਾਂ ਨੌਜਵਾਨਾਂ ਨੇ ਪਿੰਡ ਲਈ ਇਕ ਵੱਡੀ ਮੰਗ ਰੱਖੀ ਸੀ, ਉਨ੍ਹਾਂ ਹੁਣ ਇਹ ਚਿੱਠੀ ਦੇ ਦਿੱਤੀ ਕਿ ਸਾਡੇ ਵਿਆਹ ਕਰਵਾਓ।



