
ਪਟਿਆਲਾ, 9 ਜੁਲਾਈ: ਪੰਜਾਬੀ ਯੂਨੀਵਰਸਿਟੀ ਨੇੜੇ ਵਾਰ-ਵਾਰ ਕਾਰ ਦਾ ਹਾਰਨ ਵਜਾਉਣ ਤੋਂ ਗੁੱਸੇ ’ਚ ਆਏ ਇਕ ਸਿਪਾਹੀ ਨੇ ਦੂਸਰੀ ਕਾਰ ਚਾਲਕ ਸਿਪਾਹੀ ’ਤੇ ਏਕੇ 47 ਤਾਣ ਦਿੱਤੀ। ਸਿਪਾਹੀ ਨੇ ਘੋੜਾ ਵੀ ਦੱਬ ਦਿੱਤਾ ਪਰ ਫਾਇਰ ਨਾ ਹੋਣ ਕਰਕੇ ਵੱਡੀ ਘਟਨਾ ਵਾਪਰਨ ਤੋਂ ਬਚਾਅ ਹੋ ਗਿਆ ਜਿਸ ਤੋਂ ਬਾਅਦ ਦੋਹਾਂ ਧਿਰਾਂ ਵਿਚਕਾਰ ਹੱਥੋਪਾਈ ਹੋਈ ਤੇ ਤੈਸ਼ ਵਿਚ ਆਏ ਸਿਪਾਹੀ ਨੇ ਆਪਣੀ ਕਾਰ ਦੂਸਰੇ ਕਾਰ ਚਾਲਕ ’ਤੇ ਚੜ੍ਹਾ ਦਿੱਤੀ, ਜਿਸ ਦੀ ਲੱਤ ਟੁੱਟ ਗਈ ਹੈ। ਹਸਪਤਾਲ ਵਿਚ ਦਾਖਲ ਕਰਵਾਏ ਜ਼ਖਮੀ ਦੀ ਪਛਾਣ ਪ੍ਰਿੰਸ ਕੁਮਾਰ ਵਾਸੀ ਪਿੰਡ ਟਿੱਬਰ ਵਾਲਾ ਗੁਰਦਾਸਪੁਰ ਵਜੋਂ ਹੋਈ ਹੈ ਜੋ ਕਿ ਬਹਾਦਰਗੜ੍ਹ ਦੂਸਰੀ ਕਮਾਂਡੋ ਵਿਚ ਸਿਪਾਹੀ ਹੈ। ਪੁਲਿਸ ਨੇ ਸਿਪਾਹੀ ਪ੍ਰਿੰਸ ਕੁਮਾਰ ਦੇ ਬਿਆਨਾਂ ’ਤੇ ਦੂਸਰੇ ਸਿਪਾਹੀ ਜਗਦੀਪ ਸਿੰਘ ਤੇ ਉਸ ਦੇ ਸਾਥੀ ਗੁਰਪ੍ਰੀਤ ਸਿੰਘ, ਜਸਪ੍ਰੀਤ ਸਿੰਘ ਵਾਸੀ ਪਿੰਡ ਕਰਹੇੜੀ ਅਤੇ ਦੋ ਅਣਪਛਾਤਿਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਫਿਲਹਾਲ ਕਿਸੇ ਮੁਲਜ਼ਮ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ। ਸਿਪਾਹੀ ਪ੍ਰਿੰਸ ਕੁਮਾਰ ਅਨੁਸਾਰ ਚਾਰ ਜੁਲਾਈ ਨੂੰ ਉਹ ਆਪਣੇ ਦੋਸਤ ਕੁਲਵਿੰਦਰ ਸਿੰਘ ਨਾਲ ਕਾਰ ਵਿਚ ਸਵਾਰ ਹੋ ਕੇ ਪੰਜਾਬੀ ਯੂਨੀਵਰਸਿਟੀ ਕੋਲ ਜਾ ਰਿਹਾ ਸੀ। ਇਸ ਦੌਰਾਨ ਉਨਾਂ ਨੇ ਅੱਗੇ ਖੜ੍ਹੀ ਕਾਰ ਨੂੰ ਇਕ ਪਾਸੇ ਕਰਵਾਉਣ ਲਈ ਹਾਰਨ ਵਜਾਇਆ ਸੀ। ਪ੍ਰਿੰਸ ਅਨੁਸਾਰ ਅੱਗੇ ਖੜ੍ਹੀ ਕਾਰ ਵਿਚ ਜਗਦੀਪ ਸਿੰਘ ਸੀ ਜੋ ਕਿ ਆਪਣੇ ਆਪ ਨੂੰ ਸਿਪਾਹੀ ਦੱਸ ਰਿਹਾ ਸੀ। ਕਾਰ ਇਕ ਪਾਸੇ ਕਰਨ ਦੀ ਬਜਾਏ ਕਾਰ ਚਾਲਕ ਗਰੁਪ੍ਰੀਤ ਸਿੰਘ ਤੇ ਹੋਰ ਲੋਕ ਕਾਰ ਵਿਚੋਂ ਉੱਤਰੇ ਅਤੇ ਝਗੜਾ ਸ਼ੁਰੂ ਕਰਦਿਆਂ ਹੋਰ ਵਿਅਕਤੀਆਂ ਨੂੰ ਫੋਨ ਕਰਕੇ ਇਕੱਠਾ ਕਰ ਲਿਆ। ਜਗਦੀਪ ਸਿੰਘ ਤੇ ਗੁਰਪ੍ਰੀਤ ਸਿੰਘ ਨੇ ਆਪਣੇ ਆਪ ਨੂੰ ਪੁਲਿਸ ਮੁਲਾਜ਼ਮ ਦੱਸਦਿਆਂ ਕਾਰ ਵਿਚੋਂ ਏਕੇ 47 ਕੱਢ ਕੇ ਫਾਇਰ ਕਰਨ ਦੀ ਨੀਅਤ ਨਾਲ ਤਾਣ ਦਿੱਤੀ ਪਰ ਫਾਇਰ ਕਰਨ ਦੀ ਕੋਸ਼ਿਸ਼ ਵੀ ਕੀਤੀ ਪਰ ਗੋਲੀ ਨਹੀਂ ਚੱਲੀ। ਪ੍ਰਿੰਸ ਦਾ ਦੋਸ਼ ਹੈ ਕਿ ਮੁਲਜ਼ਮਾਂ ਨੇ ਜਾਂਦੇ ਹੋਏ ਕਾਰ ਉਸ ਦੇ ਉੱਪਰ ਚੜ੍ਹਾ ਦਿੱਤੀ, ਜਿਸ ਕਰਕੇ ਉਸ ਦੀ ਲੱਤ ਟੁੱਟ ਗਈ ਤੇ ਤਲਵਾਰਾਂ ਨਾਲ ਹਮਲਾ ਵੀ ਕੀਤਾ। ਥਾਣਾ ਅਰਬਨ ਅਸਟੇਟ ਮੁਖੀ ਇੰਸਪੈਕਟਰ ਅਮਨਦੀਪ ਸਿੰਘ ਬਰਾੜ ਨੇ ਦੱਸਿਆ ਕਿ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ। ਘਟਨਾ ਤੋਂ ਬਾਅਦ ਦੋਵੇਂ ਧਿਰਾਂ ਸਮਝੌਤੇ ਦੀ ਗੱਲ ਕਰ ਰਹੀਆਂ ਸਨ। ਦੇਸ਼ ਸ਼ਾਮ ਇਕ ਧਿਰ ਵੱਲੋਂ ਕਾਰਵਾਈ ਦੀ ਮੰਗ ਕੀਤੀ ਗਈ ਤੇ ਸੱਤ ਜੁਲਾਈ ਨੂੰ ਪਰਚਾ ਦਰਜ ਕੀਤਾ ਗਿਆ ਹੈ।



