ਪਹਿਲਗਾਮ ਹਮਲੇ ਨਾਲ ਪਾਕਿਸਤਾਨੀ ਲਿੰਕ! ਪਾਕਿਸਤਾਨੀ ਆਰਮੀ ਚੀਫ ਦਾ ਭੜਕਾਊ ਭਾਸ਼ਣ ਤੇ ਇੱਕ ਹਫ਼ਤੇ ਮਗਰੋਂ ਹੋਇਆ ਅਟੈਕ; ਜਾਣੋ ਪੂਰਾ ਮਾਮਲਾ

ਨਵੀਂ ਦਿੱਲੀ, 23 ਅਪ੍ਰੈਲ-ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਮਾਸੂਮ ਸੈਲਾਨੀਆਂ ‘ਤੇ ਹੋਏ ਅੱਤਵਾਦੀ ਹਮਲੇ ਤੋਂ ਪੂਰਾ ਦੇਸ਼ ਹੈਰਾਨ ਹੈ ਤੇ ਹਰ ਕੋਈ ਸਰਕਾਰ ਤੋਂ ਅੱਤਵਾਦੀਆਂ ਨੂੰ ਢੁਕਵਾਂ ਜਵਾਬ ਦੇਣ ਦੀ ਮੰਗ ਕਰ ਰਿਹਾ ਹੈ। ਅੱਤਵਾਦੀਆਂ ਨੇ ਪਹਿਲਗਾਮ ਵਿੱਚ ਬੈਸਰਨ ਜਾਣ ਵਾਲੇ ਸੈਲਾਨੀਆਂ ਦਾ ਨਾਮ ਤੇ ਧਰਮ ਪੁੱਛ ਕੇ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ। ਇਸ ਹਮਲੇ ਤੋਂ ਬਾਅਦ ਪੂਰੇ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਇਸ ਦੌਰਾਨ ਪਾਕਿਸਤਾਨੀ ਆਰਮੀ ਚੀਫ ਦੇ ਇੱਕ ਬਿਆਨ ਨੇ ਬਹੁਤ ਸੁਰਖੀਆਂ ਬਟੋਰੀਆਂ ਹਨ ਜਿਸ ਵਿੱਚ ਉਸ ਨੇ ਹਿੰਦੂਆਂ ਨੂੰ ਵੱਖਰਾ ਦੱਸਿਆ ਹੈ। ਪਾਕਿ ਆਰਮੀ ਚੀਫ ਅਸੀਮ ਮੁਨੀਰ ਨੇ ਕੁਝ ਦਿਨ ਪਹਿਲਾਂ ਇੱਕ ਬਿਆਨ ਦਿੱਤਾ ਸੀ ਜਿਸ ਵਿੱਚ ਉਸ ਨੇ ਕਸ਼ਮੀਰ ਨੂੰ ਇਸਲਾਮਾਬਾਦ ਦੀ ‘ਗਲੇ ਦੀ ਨਾੜੀ’ ਦੱਸਿਆ ਸੀ। ਹੁਣ ਪਹਿਲਗਾਮ ਹਮਲੇ ਤੋਂ ਬਾਅਦ ਇਹ ਸਵਾਲ ਲਗਾਤਾਰ ਉਠਾਇਆ ਜਾ ਰਿਹਾ ਹੈ ਕਿ ਅਸੀਮ ਮੁਨੀਰ ਨੇ ਅੱਤਵਾਦੀਆਂ ਨੂੰ ਹਿੰਦੂਆਂ ਵਿਰੁੱਧ ਭੜਕਾਉਣ ਦਾ ਕੰਮ ਕੀਤਾ ਸੀ। ਆਪਣੇ ਬਿਆਨ ਵਿੱਚ ਮੁਨੀਰ ਨੇ ਵੰਡ ਦਾ ਹਵਾਲਾ ਦਿੰਦੇ ਹੋਏ ਕਿਹਾ ਸੀ ਕਿ ਹਿੰਦੂ ਮੁਸਲਮਾਨਾਂ ਤੋਂ ਵੱਖਰੇ ਸਨ ਤੇ ਅਸੀਂ ਇਕੱਠੇ ਨਹੀਂ ਰਹਿ ਸਕਦੇ। ਹੁਣ ਇਹ ਮੰਨਿਆ ਜਾ ਰਿਹਾ ਹੈ ਕਿ ਮੁਨੀਰ ਦੇ ਇਸ ਬਿਆਨ ਨੇ ਅੱਤਵਾਦੀਆਂ ਨੂੰ ਹਿੰਦੂਆਂ ‘ਤੇ ਹਮਲਾ ਕਰਨ ਲਈ ਪ੍ਰੇਰਿਤ ਕੀਤਾ ਖਾਸ ਕਰਕੇ ਜਦੋਂ ਅਮਰੀਕਾ ਦੇ ਉਪ ਰਾਸ਼ਟਰਪਤੀ ਜੇਡੀ ਵੈਂਸ ਭਾਰਤ ਦੇ ਦੌਰੇ ‘ਤੇ ਹਨ। ਪਾਕਿਸਤਾਨੀ ਫੌਜ ਮੁਖੀ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਦੀ ਮੌਜੂਦਗੀ ਵਿੱਚ ਵਿਦੇਸ਼ਾਂ ਵਿੱਚ ਰਹਿੰਦੇ ਪਾਕਿਸਤਾਨੀਆਂ ਨਾਲ ਇੱਕ ਮੀਟਿੰਗ ਵਿੱਚ ਭਾਰਤ ਤੇ ਹਿੰਦੂਆਂ ਵਿਰੁੱਧ ਜ਼ਹਿਰੀਲਾ ਬਿਆਨ ਦਿੱਤਾ ਸੀ। ਮੁਨੀਰ ਨੇ ਜੰਮੂ ਤੇ ਕਸ਼ਮੀਰ ‘ਤੇ ਪਾਕਿਸਤਾਨ ਦੇ ਦਾਅਵੇ ਨੂੰ ਦੁਹਰਾਇਆ ਸੀ ਤੇ ਦੋ-ਰਾਸ਼ਟਰੀ ਸਿਧਾਂਤ ਦਾ ਬਚਾਅ ਕੀਤਾ ਸੀ, ਜਿਸ ਕਾਰਨ 1947 ਵਿੱਚ ਭਾਰਤ ਦੀ ਵੰਡ ਹੋਈ ਤੇ ਪਾਕਿਸਤਾਨ ਦੀ ਸਿਰਜਣਾ ਹੋਈ।
ਕਸ਼ਮੀਰ ਸਾਡੀ ਗਲੇ ਦੀ ਨਾੜੀ ਹੈ
ਮੀਟਿੰਗ ਨੂੰ ਸੰਬੋਧਨ ਕਰਦੇ ਹੋਏ, ਅਸੀਮ ਮੁਨੀਰ ਨੇ ਉੱਥੇ ਇਕੱਠੀ ਹੋਈ ਭੀੜ ਨੂੰ ਕਿਹਾ ਸੀ, “ਸਾਡਾ ਸਟੈਂਡ ਬਹੁਤ ਸਪੱਸ਼ਟ ਹੈ, ਇਹ ਸਾਡੀ ਗਲੇ ਦੀ ਨਾੜੀ ਸੀ ਤੇ ਇਹ ਸਾਡੀ ਗਲੇ ਦੀ ਨਾੜੀ ਰਹੇਗੀ। ਅਸੀਂ ਇਸ ਨੂੰ ਨਹੀਂ ਭੁੱਲਾਂਗੇ ਤੇ ਅਸੀਂ ਆਪਣੇ ਕਸ਼ਮੀਰੀ ਭਰਾਵਾਂ ਨੂੰ ਉਨ੍ਹਾਂ ਦੇ ਸੰਘਰਸ਼ ਵਿੱਚ ਨਹੀਂ ਛੱਡਾਂਗੇ।” ਮੁਨੀਰ ਨੇ ਕਿਹਾ, “ਹਿੰਦੂਆਂ ਤੇ ਮੁਸਲਮਾਨਾਂ ਵਿੱਚ ਬਹੁਤ ਸਾਰੇ ਅੰਤਰ ਹਨ ਤੇ ਪਾਕਿਸਤਾਨ ਦੇ ਮੁਸਲਮਾਨ ਹਰ ਤਰ੍ਹਾਂ ਨਾਲ ਹਿੰਦੂਆਂ ਤੋਂ ਵੱਖਰੇ ਹਨ। ਸਾਡੇ ਵਿਚਾਰ ਤੇ ਸਾਡੀਆਂ ਇੱਛਾਵਾਂ ਵੱਖਰੀਆਂ ਹਨ। ਇਹੀ ਉਹ ਥਾਂ ਹੈ ਜਿੱਥੇ ਦੋ-ਰਾਸ਼ਟਰੀ ਸਿਧਾਂਤ ਦੀ ਨੀਂਹ ਰੱਖੀ ਗਈ ਸੀ ਤੇ ਅਸੀਂ ਇੱਕ ਨਹੀਂ ਸਗੋਂ ਦੋ ਰਾਸ਼ਟਰ ਹਾਂ।”
ਮੁਨੀਰ ਦੇ ਬਿਆਨ ‘ਤੇ ਭਾਰਤ ਦਾ ਜਵਾਬ
ਭਾਰਤ ਨੇ ਮੁਨੀਰ ਦੇ ਬਿਆਨ ਦੀ ਸਖ਼ਤ ਆਲੋਚਨਾ ਕੀਤੀ ਸੀ ਤੇ ਕਿਹਾ ਸੀ ਕਿ ਪਾਕਿਸਤਾਨ ਨਾਲ ਇੱਕੋ ਇੱਕ ਰਿਸ਼ਤਾ ਉਸ ਦੇਸ਼ ਦੁਆਰਾ ਗੈਰ-ਕਾਨੂੰਨੀ ਤੌਰ ‘ਤੇ ਕਬਜ਼ੇ ਵਾਲੇ ਇਲਾਕਿਆਂ ਨੂੰ ਖਾਲੀ ਕਰਨਾ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ, “ਸਾਡੇ ਗਲੇ ਵਿੱਚ ਕੋਈ ਵਿਦੇਸ਼ੀ ਚੀਜ਼ ਕਿਵੇਂ ਫਸ ਸਕਦੀ ਹੈ? ਇਹ ਭਾਰਤ ਦਾ ਇੱਕ ਕੇਂਦਰ ਸ਼ਾਸਤ ਪ੍ਰਦੇਸ਼ ਹੈ।” ਉਸ ਨੇ ਕਿਹਾ, “ਮੁਨੀਰ ਦਾ ਬਿਆਨ ਪਾਕਿਸਤਾਨ ਦੀ ਗੰਭੀਰ ਆਰਥਿਕ ਤੇ ਰਾਜਨੀਤਿਕ ਸਥਿਤੀ ਤੋਂ ਧਿਆਨ ਹਟਾਉਣ ਦੀ ਕੋਸ਼ਿਸ਼ ਸੀ। ਪਾਕਿਸਤਾਨ ਵਿੱਚ ਇਹ ਭਾਵਨਾ ਵਧ ਰਹੀ ਹੈ ਕਿ ਫੌਜ ਤੇ ਸੱਤਾਧਾਰੀ ਸ਼ਕਤੀਆਂ ਨੇ ਲੋਕਾਂ ਨੂੰ ਨਿਰਾਸ਼ ਕੀਤਾ ਹੈ।”
ਹਮਲੇ ਨਾਲ ਪਾਕਿਸਤਾਨੀ ਲਿੰਕ
ਜ਼ਿਕਰਯੋਗ ਹੈ ਕਿ ਪਹਿਲਗਾਮ ਹਮਲੇ ਵਿੱਚ ਦੋ ਪਾਕਿਸਤਾਨੀ ਅੱਤਵਾਦੀਆਂ ਦੇ ਨਾਲ ਚੱਕ ਅੱਤਵਾਦੀਆਂ ਦੀ ਸ਼ਮੂਲੀਅਤ ਸਾਹਮਣੇ ਆਈ ਹੈ। ਸੁਰੱਖਿਆ ਏਜੰਸੀਆਂ ਨੇ ਤਿੰਨਾਂ ਅੱਤਵਾਦੀਆਂ ਦੇ ਸਕੈੱਚ ਵੀ ਜਾਰੀ ਕੀਤੇ ਹਨ ਤੇ ਉਨ੍ਹਾਂ ਦਾ ਪਤਾ ਲਗਾਉਣ ਲਈ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਹਮਲਾ ਕਰਨ ਵਾਲੇ ਦੋਵੇਂ ਅੱਤਵਾਦੀ ਪਸ਼ਤੋ ਭਾਸ਼ਾ ਵਿੱਚ ਗੱਲ ਕਰ ਰਹੇ ਸਨ, ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਉਹ ਪਾਕਿਸਤਾਨੀ ਨਾਗਰਿਕ ਹਨ। ਦੋ ਸਥਾਨਕ ਅੱਤਵਾਦੀਆਂ ਦੀ ਵੀ ਪਛਾਣ ਕੀਤੀ ਗਈ ਹੈ, ਜਿਨ੍ਹਾਂ ਦੇ ਨਾਮ ਆਦਿਲ ਅਹਿਮਦ ਤੇ ਆਸਿਫ ਸ਼ੇਖ ਦੱਸੇ ਗਏ ਹਨ।



