Punjab

ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਨੇ ਪਹਿਲੀ ਵਾਰ ਸਰਹੱਦੀ ਗੇਟ ਖੋਲ੍ਹ ਕੇ ਪਾਕਿ ਕੈਦੀ ਭੇਜੇ ਵਤਨ

ਅਟਾਰੀ, 10 ਸਤੰਬਰ : ਪਹਿਲਗਾਮ ਹਮਲੇ ਤੋਂ ਬਾਅਦ ਭਾਰਤ-ਪਾਕਿਸਤਾਨ ਦਰਮਿਆਨ ਵਿਗੜੇ ਰਿਸ਼ਤਿਆਂ ਤੋਂ ਬਾਅਦ ਭਾਰਤ ਨੇ ਪਾਕਿ ਨਾਲ ਹਰ ਰਿਸ਼ਤੇ ਤੋਂ ਕਿਨਾਰਾ ਕਰਦਿਆਂ ਅਟਾਰੀ ਬਾਰਡਰ ’ਤੇ ਆਈਸੀਪੀ ਅਤੇ ਜੇਸੀਪੀ ਵਿਚ ਬਣੇ ਸਰਹੱਦੀ ਗੇਟਾਂ ਨੂੰ ਵਪਾਰ ਅਤੇ ਆਵਾਜਾਈ ਲਈ ਬੰਦ ਕਰ ਦਿੱਤਾ ਸੀ ਪਰ ਮੰਗਲਵਾਰ ਨੂੰ ਭਾਰਤ ਨੇ ਦਰਿਆਦਿਲੀ ਦਾ ਸਬੂਤ ਦਿੰਦਿਆਂ ਪਾਕਿ ਕੈਦੀਆਂ ਨੂੰ ਰਿਹਾਅ ਕਰ ਕੇ ਬੰਦ ਗੇਟਾਂ ਨੂੰ ਖੋਲ੍ਹ ਕੇ ਪਾਕਿਸਤਾਨ ਰਵਾਨਾ ਕਰ ਦਿੱਤਾ। ਭਾਰਤ ਦੀਆਂ ਵੱਖ-ਵੱਖ ਜੇਲ੍ਹਾਂ ਵਿਚ ਸਜ਼ਾ ਪੂਰੀ ਕਰ ਚੁੱਕੇ, ਜਿਵੇਂ ਕਿ ਗੁਜਰਾਤ ਜੇਲ੍ਹ ’ਚੋਂ 21, ਪੋਰਬੰਦਰ ’ਚੋਂ 39, ਅੰਮ੍ਰਿਤਸਰ ਜੇਲ੍ਹ ’ਚੋਂ 4, ਹੈਦਰਰਬਾਦ ਜੇਲ੍ਹ, ਰਾਜਸਥਾਨ ਜੇਲ੍ਹ ਅਤੇ ਲੁਧਿਆਣਾ ਜੇਲ੍ਹ ’ਚੋਂ 1-1 ਕੈਦੀ ਜਿਨ੍ਹਾਂ ਦੀ ਗਿਣਤੀ 67 ਹੈ ਤੇ ਜਿਨ੍ਹਾਂ ਵਿਚ ਤਕਰੀਬਨ 14 ਦੇ ਕਰੀਬ ਸਿਵਲੀਅਨ ਅਤੇ ਬਾਕੀ ਮਛੇਰੇ ਹਨ, ਨੂੰ ਸੁਰੱਖਿਆ ਅਧਿਕਾਰੀਆਂ ਵੱਲੋਂ ਭਾਰੀ ਸੁਰੱਖਿਆ ਪ੍ਰਬੰਧਾਂ ਹੇਠ ਲਿਆਉਣ ਤੋਂ ਬਾਅਦ ਆਈਸੀਪੀ ਵਿਚ ਤਾਇਨਾਤ ਕਸਟਮ ਅਤੇ ਇਮੀਗ੍ਰੇਸ਼ਨ ਅਧਿਕਾਰੀਆਂ ਹਵਾਲੇ ਕਰ ਦਿੱਤਾ। ਕਸਟਮ ਅਤੇ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਉਨ੍ਹਾਂ ਦੀ ਕਾਗਜ਼ੀ ਕਾਰਵਾਈ ਨੂੰ ਅਮਲ ਵਿਚ ਲਿਆਉਣ ਉਪਰੰਤ ਸੀਮਾ ਸੁਰੱਖਿਆ ਬਲ ਹਵਾਲੇ ਕੀਤਾ, ਜਿਨ੍ਹਾਂ ਜੇਸੀਪੀ ਵਿਚ ਸਰਹੱਦ ’ਤੇ ਬੰਦ ਗੇਟ ਨੂੰ ਖੋਲ੍ਹ ਕੇ ਪਾਕਿ ਰੇਂਜਰਸ ਹਵਾਲੇ ਕਰ ਦਿੱਤਾ।ਇਸ ਮੌਕੇ ਰਿਹਾਅ ਹੋਏ ਮਛੇਰੇ ਰਹਿਮਤਅਲੀ, ਮੁਹੰਮਦ ਸਲੀਮ, ਅਖਤਰ ਅਲੀ ਅਤੇ ਮੁਹੰਮਦ ਇਲਿਆਸ ਨੇ ਆਪਣੀ ਦਾਸਤਾਨ ਸੁਣਾਉਂਦਿਆਂ ਕਿਹਾ ਕਿ ਪਾਕਿ ਤੱਟ ’ਤੇ ਮੱਛੀਆਂ ਫੜ ਰਹੇ ਸਨ ਤੇ ਰਾਤ ਦਾ ਹਨੇਰਾ ਹੋਣ ਦੀ ਸੂਰਤ ਵਿਚ ਉਨ੍ਹਾਂ ਨੂੰ ਭਾਰਤ-ਪਾਕਿਸਤਾਨ ਦਰਮਿਆਨ ਬਣੀਆਂ ਪਾਣੀ ਦੀ ਸਰਹੱਦਾਂ ਦੀ ਜਾਣਕਾਰੀ ਨਹੀਂ ਸੀ, ਜਿਸ ਕਾਰਨ ਉਹ ਭਾਰਤ ਤੱਕ ਅੰਦਰ ਦਾਖ਼ਲ ਹੋ ਗਏ। ਪਾਣੀ ਦੀ ਸਰਹੱਦ ’ਤੇ ਤਾਇਨਾਤ ਭਾਰਤ ਸੁਰੱਖਿਆ ਅਧਿਕਾਰੀਆਂ ਉਨ੍ਹਾਂ ਨੂੰ ਹਿਰਾਸਤ ਵਿਚ ਲੈਣ ਤੋਂ ਬਾਅਦ ਅਦਾਲਤ ਵਿਚ ਪੇਸ਼ ਕੀਤਾ, ਜਿਥੇ ਉਨ੍ਹਾਂ ਨੂੰ ਵੱਖ-ਵੱਖ ਸਜ਼ਾਵਾਂ ਸੁਣਾਈਆਂ ਗਈਆਂ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਭਾਰਤ ਸਰਕਾਰ ਰਿਹਾਅ ਕਰ ਕੇ ਆਪਣੇ ਵਤਨ ਭੇਜ ਰਹੀ ਹੈ, ਉਹ ਬਹੁਤ ਖੁਸ਼ ਹਨ।

Related Articles

Leave a Reply

Your email address will not be published. Required fields are marked *

Back to top button