
ਮੋਰਿੰਡਾ, 26 ਅਪ੍ਰੈਲ-ਜੰਮੂ ਕਸ਼ਮੀਰ ਵਿਚ ਵਿਚ ਅੱਤਵਾਦੀ ਹਮਲੇ ਦੌਰਾਨ ਮਾਰੇ ਗਏ ਸੈਲਾਨੀਆਂ ਦੇ ਰੋਸ ਵਜੋਂ ਅੱਜ ਮੋਰਿੰਡਾ ਸ਼ਹਿਰ ਪੂਰਨ ਤੌਰ ’ਤੇ ਬੰਦ ਰਿਹਾ। ਇਸ ਮੌਕੇ ਸ਼ਹਿਰ ਨਿਵਾਸੀਆਂ ਨੇ ਸਥਾਨਕ ਸਨਾਤਨ ਧਰਮ ਮੰਦਰ ਵਿਖੇ ਇਕੱਤਰ ਹੋ ਕੇ ਮਾਰੇ ਗਏ ਸੈਲਾਨੀਆਂ ਦੀ ਯਾਦ ਵਿਚ ਮੌਨ ਧਾਰ ਕੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਸੰਬੋਧਨ ਕਰਦਿਆਂ ਵਪਾਰ ਮੰਡਲ ਜ਼ਿਲ੍ਹਾ ਰੂਪਨਗਰ ਦੇ ਪ੍ਰਧਾਨ ਪਵਨ ਕੁਮਾਰ ਦਾਨੀਆ, ਭਾਜਪਾ ਆਗੂ ਜਤਿੰਦਰ ਗੁੰਬਰ ਤੇ ਨਗਰ ਕੌਂਸਲ ਮੋਰਿੰਡਾ ਦੇ ਪ੍ਰਧਾਨ ਜਗਦੇਵ ਸਿੰਘ ਭਟੋਆ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਬੇਕਸੂਰ ਲੋਕਾਂ ਨੂੰ ਮਾਰਨ ਵਾਲੇ ਅੱਤਵਾਦੀਆਂ ਨੂੰ ਫੜ ਕੇ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ। ਇਸ ਹਮਲੇ ਲਈ ਜ਼ਿਮੇਵਾਰ ਗਵਾਂਢੀ ਦੇਸ਼ ਪਾਕਿਸਤਾਨ ਨੂੰ ਵੀ ਮੂੰਹ ਤੋੜਵਾਂ ਜਵਾਬ ਦਿੱਤਾ ਜਾਵੇ। ਉਨ੍ਹਾਂ ਮੰਗ ਕੀਤੀ ਕਿ ਮਾਰੇ ਗਏ ਬੇਦੋਸ਼ੇ ਸੈਲਾਨੀਆਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਇਸ ਮੌਕੇ ਸ਼ਿਵ ਸੈਨਾ ਦੁਆਬਾ ਦੇ ਪ੍ਰਧਾਨ ਮਨਜੀਤ ਸਿੰਘ ਜੀਤੀ ਦੀ ਅਗਵਾਈ ਹੇਠ ਵਿਸ਼ਵਕਰਮਾ ਚੌਕ ਵਿਚ ਪਾਕਿਸਤਾਨ ਦਾ ਪੁਤਲਾ ਫੂਕਿਆ ਗਿਆ ਤੇ ਉਸ ਵਿਰੁੱਧ ਜੰਮ੍ਹ ਕੇ ਨਾਅਰੇਬਾਜ਼ੀ ਕੀਤੀ ਗਈ। ਉਨ੍ਹਾਂ ਮਾਰੇ ਗਏ ਸੈਲਾਨੀਆਂ ਦੇ ਪਰਿਵਾਰਾਂ ਨੂੰ 5 ਕਰੋੜ ਰੁਪਏ ਦਾ ਮੁਆਵਜ਼ਾ ਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ। ਇਸ ਮੌਕੇ ਮੋਰਿੰਡਾ ਸ਼ਹਿਰ ਦੀਆਂ ਦੁਕਾਨਾਂ ਸ਼ਾਮ 5 ਵਜੇ ਤੱਕ ਪੂਰਨ ਤੌਰ ਤੇ ਬੰਦ ਰਹੀਆਂ। ਇਸ ਮੌਕੇ ਸਾਬਕਾ ਨਗਰ ਕੌਂਸਲ ਪ੍ਰਧਾਨ ਅਤੇ ਹਲਕਾ ਖਰੜ ਦੇ ਇੰਚਾਰਜ ਵਿਜੇ ਸ਼ਰਮਾ ਟਿੰਕੂ, ਕਾਂਗਰਸ ਦੇ ਸ਼ਹਿਰੀ ਪ੍ਰਧਾਨ ਧਰਮਪਾਲ ਥੰਮਣ, ਟਰੱਕ ਯੂਨੀਅਨ ਦੇ ਪ੍ਰਧਾਨ ਸੁਖਵਿੰਦਰ ਸਿੰਘ ਮੁੰਡੀਆਂ, ਕੁਲਬੀਰ ਸਿੰਘ, ਰਾਹੁਲ ਸ਼ਰਮਾ, ਚਰਨਜੀਤ ਚੰਨੀ, ਸਰਜੀਤ ਕੁਮਾਰ, ਸਤੀਸ਼ ਕੌੜਾ, ਨੀਰਜ਼ ਸਾਰਮਾ, ਭਾਜਪਾ ਆਗੂ ਹਰਸ਼ ਕੋਹਲੀ, ਰਾਮ ਲਾਲ, ਜਤਿੰਦਰ ਸ਼ਰਮਾ, ਪਰਦੀਪ ਭਾਟੀਆ, ਰੋਹਿਤ ਵਿਸ਼ਿਸ਼ਟ, ਸ਼ਾਮਿਲ ਸੂਦ, ਮੰਗਤ ਰਾਮ ਮੰਗਾਂ, ਠੇਕੇਦਾਰ ਮਿਸਤਰੀ ਭਗਤ, ਸ਼ਿਵ ਸੈਨਾ ਦੇ ਸ਼ਹਿਰੀ ਪ੍ਰਧਾਨ ਬੰਟੀ ਬਲੀਮ, ਵਿਕਰਮ ਵਿੱਕੀ, ਗੁਰਿੰਦਰ ਸਿੰਘ ਸ਼ਿਵ ਸੈਨਾ ਜ਼ਿਲ੍ਹਾ ਐਸੀ ਵਿੰਗ ਦੇ ਪ੍ਰਧਾਨ, ਰਾਕੇਸ਼ ਅਰੋੜਾ ਤੇ ਸੰਦੀਪ ਕੁਮਾਰ ਆਦਿ ਸ਼ਹਿਰ ਨਿਵਾਸੀ ਹਾਜ਼ਰ ਸਨ।



