Punjab

ਪਰਾਲੀ ਦੇ ਡੰਪ ਨੂੰ ਲੱਗੀ ਅੱਗ ਨਾਲ ਕਰੋੜਾਂ ਦਾ ਨੁਕਸਾਨ, ਕਿਸਾਨ ਬੇਹਾਲ

ਮੋਰਿੰਡਾ, 12 ਮਈ- ਨਜ਼ਦੀਕੀ ਪਿੰਡ ਬਹਿਬਲਪੁਰ ਵਿਖੇ ਇੱਕ ਕਿਸਾਨ ਵੱਲੋਂ ਪਰਾਲੀ ਪ੍ਰਬੰਧਨ ਲਈ ਸ਼ੁਰੂ ਕੀਤੇ ਗਏ ਬੇਲਰ ਦੇ ਕੰਮ ਨਾਲ ਇਕੱਠੀ ਕੀਤੀ ਗਈ ਪਰਾਲੀ ਦੀਆਂ ਗੱਢਾਂ ਦੇ ਬਣਾਏ ਗਏ ਡੰਪ ਨੂੰ ਕਿਸੇ ਕਾਰਨ ਅੱਗ ਲੱਗਣ ਨਾਲ ਕਿਸਾਨ ਦੀਆਂ ਲਗਭਗ 350 ਟਰਾਲੀਆਂ ਪਰਾਲੀ ਦੀਆਂ ਗੰਢਾਂ ਸੜ ਕੇ ਸੁਆਹ ਹੋ ਗਈਆਂ। ਜਿਸ ਨਾਲ ਕਿਸਾਨ ਦਾ ਲਗਭਗ ਇਕ ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਹੋ ਗਿਆ। ਜਿਸ ਨੂੰ ਆਪਣੀਆਂ ਅੱਖਾਂ ਨਾਲ ਦੇਖਦੇ ਹੋਏ ਕਿਸਾਨ ਬੇਹਾਲ ਹੋ ਗਿਆ ਅਤੇ ਰੋਂਦਾ ਕਿਸਾਨ ਝੱਲਿਆ ਨਹੀਂ ਸੀ ਜਾਂਦਾ। ਕਿਸਾਨ ਦਲਜੀਤ ਸਿੰਘ ਪੁੱਤਰ ਲਖਬੀਰ ਸਿੰਘ ਵਾਸੀ ਪਿੰਡ ਬਹਿਬਲਪੁਰ ਨੇ ਦੱਸਿਆ ਕਿ ਅੱਗ ਲੱਗਣ ਦੀ ਘਟਨਾ ਦੀ ਉਸ ਨੂੰ ਪਿੰਡ ਦੇ ਹੀ ਮੁੰਡਿਆਂ ਵੱਲੋਂ ਜਾਣਕਾਰੀ ਦਿੱਤੀ ਗਈ ਅਤੇ ਉਹ ਉਸੇ ਸਮੇਂ ਡੰਪ ਤੇ ਪਹੁੰਚ ਗਿਆ।ਉਸ ਨੇ ਦੱਸਿਆ ਕਿ ਪਹਿਲਾਂ ਇੱਕ ਪਾਸੇ ਥੋੜੀ ਜਿਹੀ ਅੱਗ ਲੱਗੀ ਸੀ ਪ੍ਰੰਤੂ ਤੇਜ਼ ਹਵਾਵਾਂ ਕਾਰਨ ਅੱਗ ਤੇਜ਼ੀ ਨਾਲ ਭੜਕੀ ਅਤੇ ਦੇਖਦੇ ਹੀ ਦੇਖਦੇ ਪੂਰੇ ਡੰਪ ਵਿੱਚ ਫੈਲ ਗਈ। ਉੱਧਰ ਅੱਗ ਲੱਗਣ ਦੀ ਘਟਨਾ ਦੀ ਖਬਰ ਵੀ ਇਲਾਕੇ ਵਿੱਚ ਅੱਗ ਦੀ ਤਰ੍ਹਾਂ ਹੀ ਫੈਲ ਗਈ ਅਤੇ ਦੇਖਦੇ ਹੀ ਦੇਖਦੇ ਕਾਫੀ ਲੋਕ ਇਕੱਠੇ ਹੋ ਗਏ ਅਤੇ ਅੱਗ ਬੁਝਾਉਣ ਵਿੱਚ ਸਹਿਯੋਗ ਦੇਣ ਲੱਗੇ। ਲਖਬੀਰ ਸਿੰਘ ਨੇ ਦੱਸਿਆ ਕਿ ਉਨਾਂ ਦੀ ਪੰਜ ਛੇ ਮਹੀਨੇ ਦੀ ਮਿਹਨਤ ਥੋੜੇ ਜਿਹੇ ਸਮੇਂ ਵਿੱਚ ਹੀ ਅੱਗ ਨਾਲ ਰਾਖ ਵਿਚ ਬਦਲ ਗਈ ਤੇ ਉਨਾਂ ਦੀ ਲਗਭਗ ਸਵਾ ਕਰੋੜ ਰੁਪਏ ਦਾ ਨੁਕਸਾਨ ਹੋ ਗਿਆ। ਜਦਕਿ ਉਨਾਂ ਵੱਲੋਂ ਇਹ ਕੰਮ ਇਸ ਉਮੀਦ ਨਾਲ ਕਰਜ਼ਾ ਲੈ ਕੇ ਸ਼ੁਰੂ ਕੀਤਾ ਗਿਆ ਸੀ ਕਿ ਮਿਹਨਤ ਕਰਕੇ ਹੌਲੀ ਹੌਲੀ ਕਰਜਾ ਉਤਾਰ ਲਿਆ ਜਾਵੇਗਾ। ਉਨਾਂ ਮੰਗ ਕੀਤੀ ਕਿ ਉਹਨਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ, ਤਾਂ ਜੋ ਉਹ ਇਸ ਨੁਕਸਾਨ ਵਿੱਚੋਂ ਉੱਪਰ ਉੱਠ ਸਕਣ। ਅੱਗ ਲੱਗਣ ਦੀ ਸੂਚਨਾ ਮਿਲਣ ‘ਤੇ ਫਾਇਰ ਸਟੇਸ਼ਨ ਮੋਰਿੰਡਾ ਤੋਂ ਇਲਾਵਾ ਵੱਖ ਵੱਖ ਸਟੇਸ਼ਨਾਂ ਸ੍ਰੀ ਚਮਕੌਰ ਸਾਹਿਬ, ਸ੍ਰੀ ਫਤਿਹਗੜ੍ਹ ਸਾਹਿਬ, ਖਰੜ ਆਦਿ ਸ਼ਹਿਰਾਂ ਤੋਂ ਇਲਾਵਾ ਨਿੱਜੀ ਅਦਾਰਿਆਂ ਰੈਡਨਵਰਗ ਮੋਰਿੰਡਾ, ਬਾਈਵਰਾਕਾਸਟਿਕ ਇੰਡੀਆ ਪ੍ਰਾਈਵੇਟ ਲਿਮਿਟਡ ਮੋਹਾਲੀ ਆਦਿ ਤੋਂ ਵੀ ਅੱਗ ਬੁਝਾਊ ਗੱਡੀਆਂ ਬਹਿਬਲਪੁਰ ਡੰਪ ਵਿਖੇ ਪਹੁੰਚੀਆਂ ਅਤੇ ਅੱਗ ਤੇ ਕਾਬੂ ਪਾਉਣਾ ਸ਼ੁਰੂ ਕਰ ਦਿੱਤਾ। ਹਾਲਾਂਕਿ ਦੇਰ ਸ਼ਾਮ ਤੱਕ ਅੱਗ ਤੇ ਪੂਰੀ ਤਰ੍ਹਾਂ ਨਾਲ ਕਾਬੂ ਨਹੀਂ ਸੀ ਪਾਇਆ ਜਾ ਸਕਿਆ। ਮੌਕੇ ‘ਤੇ ਮੌਜੂਦ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਦਲਜੀਤ ਸਿੰਘ ਚਲਾਕੀ ਨੇ ਦੱਸਿਆ ਕਿ ਉਨਾਂ ਵੱਲੋਂ ਅਤੇ ਹੋਰਨਾਂ ਲੋਕਾਂ ਵੱਲੋਂ ਫਾਇਰ ਸਟੇਸ਼ਨ ਨੂੰ ਅੱਗ ਲੱਗਣ ਦੀ ਘਟਨਾ ਬਾਰੇ ਸੂਚਿਤ ਕੀਤਾ ਗਿਆ ਜਦ ਕਿ ਉਹਨਾਂ ਖੁਦ ਵੀ ਜਿਲ੍ਹੇ ਦੇ ਉਚ ਅਧਿਕਾਰੀਆਂ ਨੂੰ ਸੂਚਿਤ ਕਰਕੇ ਵੱਧ ਤੋਂ ਵੱਧ ਅੱਗ ਬੁਝਾਊ ਗੱਡੀਆਂ ਭੇਜਣ ਦੀ ਮੰਗ ਕੀਤੀ। ਉਧਰ ਇਸ ਦੌਰਾਨ ਫਾਇਰ ਬ੍ਰਿਗੇਡ ਮੋਰਿੰਡਾ ਦੇ ਕਰਮੀਆਂ ਨੇ ਦੱਸਿਆ ਕਿ ਉਨਾਂ ਵੱਲੋਂ ਦੂਸਰੇ ਫਾਇਰ ਸਟੇਸ਼ਨਾਂ ਨੂੰ ਵੀ ਅੱਗ ਲੱਗਣ ਦੀ ਇਸ ਘਟਨਾ ਬਾਰੇ ਸੂਚਿਤ ਕੀਤਾ ਗਿਆ। ਇਸ ਦੌਰਾਨ ਫਾਇਰ ਸਟੇਸ਼ਨ ਮਰਿੰਡਾ ਤੋਂ ਪਹੁੰਚੇ ਫਾਇਰ ਕਰਮੀਆਂ ਕੁਲਦੀਪ ਸਿੰਘ, ਅਮਨ ਸ਼ਰਮਾ ਇੰਚਾਰਜ, ਦਿਲਪ੍ਰੀਤ ਸਿੰਘ, ਗੁਰਦੀਪ ਸਿੰਘ, ਡਰਾਈਵਰ ਰਵਿੰਦਰ ਸਿੰਘ, ਡਰਾਈਵਰ ਰਾਜਵੀਰ ਸਿੰਘ, ਫਾਇਰਮੈਨ ਸਿਮਰਨਜੀਤ ਸਿੰਘ, ਫਾਇਰਮੈਨ ਪਰਮਜੀਤ ਸਿੰਘ, ਫਾਇਰਮੈਨ ਇੰਦਰਜੀਤ ਸਿੰਘ, ਲਾਲ ਸਿੰਘ, ਚਰਨ ਕਮਲ ਆਦਿ ਵੱਲੋਂ ਅੱਗ ਬੁਝਾਉਣ ਲਈ ਭਾਰੀ ਮਸ਼ੱਕਤ ਕੀਤੀ ਗਈ।

ਅੱਗ ਬੁਝਾਉਣ ਲਈ ਪਿੰਡ ਵਾਸੀ ਪਹੁੰਚੇ ਟਰੈਕਟਰਾਂ ਸਾਹਿਤ:

ਅੱਗ ਬੁਝਾਉਣ ਵਿੱਚ ਸਹਿਯੋਗ ਦੇਣ ਲਈ ਪਿੰਡ ਬਹਿਬਲਪੁਰ ਤੇ ਤਾਜਪੁਰ ਦੇ ਨੌਜਵਾਨਾਂ ਨੇ ਵੀ ਭਾਰੀ ਮੁਸ਼ੱਕਤ ਕੀਤੀ। ਅੱਗ ਲੱਗਣ ਦੀ ਘਟਨਾ ਦਾ ਇਹ ਸੂਚਨਾ ਮਿਲਦਿਆਂ ਹੀ ਬਹੁਤ ਸਾਰੇ ਲੋਕ ਟਰੈਕਟਰਾਂ ਸਮੇਤ ਪਹੁੰਚ ਗਏ ਅਤੇ ਅੱਗ ‘ਤੇ ਇਹ ਕਾਬੂ ਪਾਉਣ ਵਿੱਚ ਮਿਹਨਤ ਕੀਤੀ। ਜਿਨਾਂ ਨੌਜਵਾਨਾਂ ਵਿੱਚ ਇੰਦਰਜੀਤ ਸਿੰਘ ਬਹਿਬਲਪੁਰ, ਸੋਨੂ ਤਾਜਪੁਰਾ, ਬਾਬਾ ਸਿੰਘ ਤਾਜਪੁਰਾ, ਮੋਹਣ ਸਿੰਘ ਤਾਜਪੁਰਾ, ਬਬਲੂ ਤਾਜਪੁਰਾ ਵੱਲੋਂ ਆਪਣੇ ਟਰੈਕਟਰਾਂ ਨਾਲ ਅੱਗ ਬੁਝਾਉਣ ਵਿੱਚ ਸਹਿਯੋਗ ਪਾਇਆ ਗਿਆ ਅਤੇ ਉਹਨਾਂ ਤੋਂ ਇਲਾਵਾ ਦੀਪਾ, ਹਨੀ, ਲੱਖਾ ਆਦਿ ਨੌਜਵਾਨਾਂ ਨੇ ਵੀ ਕਾਫੀ ਮਿਹਨਤ ਕੀਤੀ ਪ੍ਰੰਤੂ ਖਬਰਾਂ ਲਿਖੇ ਜਾਣ ਤੱਕ ਅੱਗ ਤੇ ਪੂਰੀ ਤਰ੍ਹਾਂ ਨਾਲ ਕਾਬੂ ਨਹੀਂ ਸੀ ਪਾਇਆ ਜਾ ਸਕਿਆ।

Related Articles

Leave a Reply

Your email address will not be published. Required fields are marked *

Back to top button