ਪਨਬਸ ਅਤੇ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਵੱਲੋਂ ਕਿਲੋਮੀਟਰ ਸਕੀਮ ਦੇ ਵਿਰੋਧ ਵਿਚ ਸੂਬਾ ਪੱਧਰੀ ਰੋਸ ਪ੍ਰਦਰਸ਼ਨ ਕੀਤਾ

ਬਾਲ ਕਿਸ਼ਨ
ਫਿਰੋਜ਼ਪੁਰ, 14 ਅਕਤੂਬਰ : ਪੰਜਾਬ ਰੋਡਵੇਜ਼, ਪਨਬਸ ਅਤੇ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਵੱਲੋਂ ਅੱਜ ‘ਕਿਲੋਮੀਟਰ ਸਕੀਮ’ ਵਿਰੁੱਧ ਸੂਬਾ ਪੱਧਰੀ ਰੋਸ ਪ੍ਰਦਰਸ਼ਨ ਕੀਤਾ ਗਿਆ, ਜਿਸ ਕਾਰਨ ਪੂਰੇ ਪੰਜਾਬ ਵਿਚ ਬੱਸ ਸਟੈਂਡ ਬੰਦ ਰਹੇ ਅਤੇ ਬਾਅਦ ਵਿਚ ਮੁੱਖ ਚੌਂਕਾਂ ਵਿਚ 4 ਘੰਟੇ ਤੱਕ ਜਾਮ ਲੱਗੇ। ਫਿਰੋਜ਼ਪੁਰ ਵਿਖੇ ਬੋਲਦਿਆਂ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਨੇ ਕਿਹਾ ਕਿ ਪੰਜਾਬ ਸਰਕਾਰ ਪਿਛਲੇ 4 ਸਾਲਾਂ ਵਿਚ ਟਰਾਂਸਪੋਰਟ ਵਿਭਾਗ ਦੇ ਇਕ ਵੀ ਕੱਚੇ ਮੁਲਾਜ਼ਮ ਨੂੰ ਪੱਕਾ ਕਰਨ ਵਿਚ ਅਸਫ਼ਲ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਵਿਭਾਗਾਂ ਨੂੰ ਬਚਾਉਣ ਦੀ ਬਜਾਏ ਨਿੱਜੀਕਰਨ ਵੱਲ ਵੱਧ ਰਹੀ ਹੈ ਅਤੇ ਵਾਰ-ਵਾਰ ਨਵੇਂ ਠੇਕੇਦਾਰ ਲਿਆ ਕੇ ਮੁਲਾਜ਼ਮਾਂ ਦਾ ਸੋਸ਼ਣ ਕਰ ਰਹੀ ਹੈ। ਉਨ੍ਹਾਂ ਮੁੱਖ ਮੰਤਰੀ ਵੱਲੋਂ 1 ਜੁਲਾਈ 2024 ਨੂੰ 7 ਮੰਗਾਂ ਇਕ ਮਹੀਨੇ ਵਿੱਚ ਹੱਲ ਕਰਨ ਦੇ ਲਿਖਤੀ ਭਰੋਸੇ ਨੂੰ ਪੂਰਾ ਨਾ ਕਰਨ ਦਾ ਵੀ ਜ਼ਿਕਰ ਕੀਤਾ। ਯੂਨੀਅਨ ਦਾ ਮੁੱਖ ਵਿਰੋਧ ‘ਕਿਲੋਮੀਟਰ ਸਕੀਮ’ ਤਹਿਤ ਪ੍ਰਾਈਵੇਟ ਬੱਸਾਂ ਨੂੰ ਸਰਕਾਰੀ ਪਰਮਿਟਾਂ ’ਤੇ ਚਲਾਉਣ ਦੀ ਤਿਆਰੀ ਵਿਰੁੱਧ ਹੈ। ਰੇਸ਼ਮ ਸਿੰਘ ਗਿੱਲ ਨੇ ਕਿਹਾ ਕਿ ਇਸ ਸਕੀਮ ਰਾਹੀਂ ਪ੍ਰਾਈਵੇਟ ਮਾਲਕਾਂ ਨੂੰ ਪ੍ਰਤੀ ਕਿਲੋਮੀਟਰ 30-35 ਰੁਪਏ ਦੇ ਕੇ ਵਿਭਾਗ ਦੀ ਕਰੋੜਾਂ ਦੀ ਲੁੱਟ ਕਰਵਾਈ ਜਾ ਰਹੀ ਹੈ, ਜਿਸ ਨਾਲ ਟਰਾਂਸਪੋਰਟ ਮਾਫੀਆ ਨੂੰ ਬੜਾਵਾ ਮਿਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮੁਫ਼ਤ ਸਫ਼ਰ ਸਹੂਲਤਾਂ ਦੇ ਕਰੋੜਾਂ ਰੁਪਏ ਵੀ ਸਰਕਾਰ ਵੱਲੋਂ ਵਿਭਾਗਾਂ ਨੂੰ ਨਹੀਂ ਦਿੱਤੇ ਜਾ ਰਹੇ, ਜਿਸ ਕਾਰਨ 400 ਤੋਂ ਵੱਧ ਸਰਕਾਰੀ ਬੱਸਾਂ ਖੜ੍ਹੀਆਂ ਹਨ ਅਤੇ ਵਿਭਾਗ ਕਰਜ਼ਾ ਲੈ ਕੇ ਬੱਸਾਂ ਪਾਉਣ ਲਈ ਮਜ਼ਬੂਰ ਹੈ। ਡਿਪੂ ਪ੍ਰਧਾਨ ਜਤਿੰਦਰ ਸਿੰਘ ਨੇ ਕਿਹਾ ਕਿ ਕੱਚੇ ਮੁਲਾਜ਼ਮਾਂ ਨੂੰ ਹਰ ਮਹੀਨੇ ਤਨਖਾਹਾਂ ਲਈ ਸੰਘਰਸ਼ ਕਰਨਾ ਪੈਂਦਾ ਹੈ ਅਤੇ ਟਰਾਂਸਪੋਰਟ ਮੰਤਰੀ ਮੰਗਾਂ ਦਾ ਹੱਲ ਕੱਢਣ ਦੀ ਬਜਾਏ ਮੁਲਾਜ਼ਮਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਕੱਚੇ ਮੁਲਾਜ਼ਮਾਂ ਨੂੰ ਸਰਵਿਸਜ਼ ਰੂਲਾਂ ਤਹਿਤ ਪੱਕਾ ਕੀਤਾ ਜਾਵੇ, ਕਿਲੋਮੀਟਰ ਸਕੀਮ ਦੇ ਟੈਂਡਰ ਰੱਦ ਕੀਤੇ ਜਾਣ, ਠੇਕੇਦਾਰ ਬਾਹਰ ਕੱਢੇ ਜਾਣ ਅਤੇ ਬਰਾਬਰ ਕੰਮ ਬਰਾਬਰ ਤਨਖਾਹ ਲਾਗੂ ਕੀਤੀ ਜਾਵੇ। ਯੂਨੀਅਨ ਦੀ ਚੇਤਾਵਨੀ ਤੋਂ ਬਾਅਦ ਕਿਲੋਮੀਟਰ ਸਕੀਮ ਦਾ ਟੈਂਡਰ 23 ਅਕਤੂਬਰ 2025 ਤੱਕ ਮੁਲਤਵੀ ਕਰ ਦਿੱਤਾ ਗਿਆ ਹੈ ਅਤੇ ਪੀਆਰਟੀਸੀ ਚੇਅਰਮੈਨ ਨੇ ਦੋ ਦਿਨਾਂ ਵਿਚ ਤਨਖਾਹ ਦੇਣ ਦਾ ਭਰੋਸਾ ਦਿੱਤਾ ਹੈ। ਇਸ ਕਾਰਨ 17 ਅਕਤੂਬਰ ਤੱਕ ਸੰਘਰਸ਼ ਪ੍ਰੋਗਰਾਮ ਮੁਲਤਵੀ ਕਰ ਦਿੱਤੇ ਗਏ ਹਨ। ਯੂਨੀਅਨ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਕਿਲੋਮੀਟਰ ਸਕੀਮ ਦਾ ਟੈਂਡਰ ਰੱਦ ਨਾ ਹੋਇਆ ਅਤੇ ਮੰਗਾਂ ਹੱਲ ਨਾ ਹੋਈਆਂ ਤਾਂ 25-26 ਅਕਤੂਬਰ ਨੂੰ ਤਰਨਤਾਰਨ ਹਲਕੇ ਵਿਚ ਸਰਕਾਰ ਵਿਰੁੱਧ ਪ੍ਰਚਾਰ ਕੀਤਾ ਜਾਵੇਗਾ ਅਤੇ ਤਿੱਖੇ ਸੰਘਰਸ਼ ਕੀਤੇ ਜਾਣਗੇ।



