
ਅੰਮ੍ਰਿਤਸਰ, 14 ਦਸੰਬਰ : ਅੰਮ੍ਰਿਤਸਰ ‘ਚ ਇੱਕ ਵਿਅਕਤੀ ਨੇ ਆਪਣੀ ਪਤਨੀ ‘ਤੇ ਨਾਜਾਇਜ਼ ਸਬੰਧਾਂ ਦੇ ਗੰਭੀਰ ਦੋਸ਼ ਲਗਾਉਂਦੇ ਹੋਏ ਉਸਦੇ ਆਸ਼ਕ ਦੁਆਰਾ ਕੁੱਟਮਾਰ ਕਰਨ ਦੇ ਇਲਜ਼ਾਮ ਲਗਾਏ ਹਨ। ਪਤੀ ਨੇ ਦਾਅਵਾ ਕੀਤਾ ਹੈ ਕਿ ਉਸਨੂੰ ਪਤਨੀ ਦੇ ਮੋਬਾਈਲ ਫੋਨ ਤੋਂ ਇਤਰਾਜ਼ਯੋਗ ਤਸਵੀਰਾਂ ਮਿਲੀਆਂ ਹਨ। ਕੁੱਟਮਾਰ ਕੀਤੇ ਜਾਣ ਤੋਂ ਬਾਅਦ ਪੀੜਤ ਹੁਣ ਪੁਲਿਸ ਕੋਲ ਇਸ ਸਬੰਧ ਵਿੱਚ ਸ਼ਿਕਾਇਤ ਲੈ ਕੇ ਪਹੁੰਚਿਆ ਹੈ। ਪੀੜਤ ਪਤੀ ਪ੍ਰਿੰਸ ਕੁਮਾਰ ਨਿਵਾਸੀ ਬਾਂਕੇ ਬਿਹਾਰੀ ਵਾਲੀ ਗਲੀ ਬਟਾਲਾ ਰੋਡ ਨੇ ਦੱਸਿਆ ਕਿ ਇਸ ਪੂਰੇ ਘਟਨਾਕ੍ਰਮ ਦੇ ਪਿੱਛੇ ਉਸਦੀ ਪਤਨੀ ਅਤੇ ਉਸਦਾ ਕਥਿਤ ਆਸ਼ਕ ਸ਼ਾਮਲ ਹਨ। ਪੀੜਤ ਨੇ ਆਪਣੀ ਅਤੇ ਆਪਣੇ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਵੀ ਚਿੰਤਾ ਜਤਾਈ ਹੈ ਅਤੇ ਇਨਸਾਫ਼ ਦੀ ਮੰਗ ਕੀਤੀ ਹੈ।
ਦੋਸ਼ੀ ਖਿਲਾਫ ਮਾਮਲਾ ਦਰਜ
ਮਾਮਲੇ ਨੂੰ ਲੈ ਕੇ ਪੁਲਿਸ ਨਾਲ ਸੰਪਰਕ ਕੀਤਾ ਗਿਆ ਤਾਂ ਅਧਿਕਾਰੀਆਂ ਨੇ ਦੱਸਿਆ ਕਿ ਇਹ ਮਾਮਲਾ ਕਥਿਤ ਨਾਜਾਇਜ਼ ਸਬੰਧਾਂ ਕਾਰਨ ਹੋਏ ਆਪਸੀ ਵਿਵਾਦ ਅਤੇ ਕੁੱਟਮਾਰ ਨਾਲ ਜੁੜਿਆ ਹੈ। ਪੁਲਿਸ ਅਨੁਸਾਰ, ਉਨ੍ਹਾਂ ਨੂੰ ਜੋ ਸ਼ਿਕਾਇਤ ਪ੍ਰਾਪਤ ਹੋਈ ਹੈ, ਉਸਦੇ ਆਧਾਰ ‘ਤੇ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾ ਰਹੀ ਹੈ। ਪਤਨੀ ਦੇ ਆਸ਼ਕ ਖਿਲਾਫ ਪੁਲਿਸ ਨੇ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੋਹਾਂ ਧਿਰਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ ਤੇ ਮੈਡੀਕਲ ਰਿਪੋਰਟ ਸਮੇਤ ਹੋਰ ਸਬੂਤਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਪੂਰੀ ਹੋਣ ਤੋਂ ਬਾਅਦ ਹੀ ਇਹ ਸਪੱਸ਼ਟ ਹੋ ਪਾਵੇਗਾ ਕਿ ਦੋਸ਼ ਕਿੰਨੇ ਸਹੀ ਹਨ ਅਤੇ ਕਿਸਦੀ ਭੂਮਿਕਾ ਕੀ ਰਹੀ ਹੈ।



