
ਫਿਰੋਜ਼ਾਬਾਦ, 14 ਜਨਵਰੀ : ਉੱਤਰ ਪ੍ਰਦੇਸ਼ ਦੇ ਫਿਰੋਜ਼ਾਬਾਦ ਵਿੱਚ ਇੱਕ ਅਜਿਹਾ ਭਿਆਨਕ ਕਤਲ ਕਾਂਡ ਸਾਹਮਣੇ ਆਇਆ ਹੈ, ਜਿਸ ਨੇ ਸਾਰਿਆਂ ਦੇ ਦਿਲ ਦਹਿਲਾ ਦਿੱਤੇ ਹਨ। ਇੱਥੇ ਇੱਕ ਪਤੀ ਨੇ ਆਪਣੀ ਪਤਨੀ ਦਾ ਕੁਹਾੜੀ ਨਾਲ ਬੇਰਹਿਮੀ ਨਾਲ ਕਤਲ ਕਰ ਦਿੱਤਾ। ਹੈਰਾਨੀ ਦੀ ਗੱਲ ਇਹ ਹੈ ਕਿ ਕਤਲ ਕਰਨ ਤੋਂ ਬਾਅਦ ਮੁਲਜ਼ਮ ਪਤੀ ਕਰੀਬ ਤਿੰਨ ਘੰਟੇ ਤੱਕ ਆਰਾਮ ਨਾਲ ਸੌਂਦਾ ਰਿਹਾ।
ਵਾਰਦਾਤ ਤੋਂ ਬਾਅਦ ਗੁਮਰਾਹ ਕਰਨ ਦੀ ਕੋਸ਼ਿਸ਼
ਜਦੋਂ ਮੁਲਜ਼ਮ ਆਸ਼ੂਤੋਸ਼ ਦੀ ਨੀਂਦ ਖੁੱਲ੍ਹੀ ਤਾਂ ਉਸ ਨੇ ਪੁਲਿਸ ਤੋਂ ਬਚਣ ਲਈ ਸਾਜ਼ਿਸ਼ ਰਚੀ। ਉਸ ਨੇ ਪਹਿਲਾਂ ਪਿੰਡ ਵਾਸੀਆਂ ਅਤੇ ਪੁਲਿਸ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕੀਤੀ। ਉਸ ਨੇ ਰੌਲਾ ਪਾਇਆ ਕਿ ਕਿਸੇ ਅਣਪਛਾਤੇ ਵਿਅਕਤੀ ਨੇ ਉਸ ਦੀ ਪਤਨੀ ਲਤਾ ਦਾ ਕਤਲ ਕਰ ਦਿੱਤਾ ਹੈ ਪਰ ਪੁਲਿਸ ਦੀ ਸਖ਼ਤੀ ਅੱਗੇ ਉਹ ਟਿਕ ਨਾ ਸਕਿਆ ਅਤੇ ਆਪਣਾ ਗੁਨਾਹ ਕਬੂਲ ਕਰ ਲਿਆ। ਉਸ ਨੇ ਪੁਲਿਸ ਨੂੰ ਦੱਸਿਆ ਕਿ ਉਸ ਨੂੰ ਸ਼ੱਕ ਸੀ ਕਿ ਉਸ ਦੀ ਪਤਨੀ ਉਸ ਨੂੰ ਮਰਵਾਉਣਾ ਚਾਹੁੰਦੀ ਸੀ।
ਝਗੜਾਲੂ ਸੁਭਾਅ ਦਾ ਸੀ ਮੁਲਜ਼ਮ
ਇੰਸਪੈਕਟਰ ਗਿਰੀਸ਼ ਕੁਮਾਰ ਨੇ ਦੱਸਿਆ ਕਿ ਆਸ਼ੂਤੋਸ਼ ਬਹੁਤ ਹੀ ਝਗੜਾਲੂ ਕਿਸਮ ਦਾ ਵਿਅਕਤੀ ਸੀ। ਉਹ ਗੱਲ-ਗੱਲ ‘ਤੇ ਗਾਲੀ-ਗਲੋਚ ਕਰਦਾ ਸੀ, ਜਿਸ ਕਾਰਨ ਪਿੰਡ ਦੇ ਲੋਕ ਵੀ ਉਸ ਤੋਂ ਦੂਰੀ ਬਣਾ ਕੇ ਰੱਖਦੇ ਸਨ। ਪਿੰਡ ਵਾਸੀਆਂ ਮੁਤਾਬਕ ਲਤਾ ਬਹੁਤ ਹੀ ਸ਼ਾਂਤ ਸੁਭਾਅ ਦੀ ਔਰਤ ਸੀ ਪਰ ਆਸ਼ੂਤੋਸ਼ ਅਕਸਰ ਉਸ ਨਾਲ ਕੁੱਟਮਾਰ ਕਰਦਾ ਰਹਿੰਦਾ ਸੀ।



