Punjab

ਪਟਿਆਲਾ-ਰਾਜਪੁਰਾ ਰੋਡ ’ਤੇ ਵਾਪਰਿਆ ਹਾਦਸਾ, ਦੋ ਕਾਰਾਂ ਦੀ ਆਹਮੋ-ਸਾਹਮਣੇ ਟੱਕਰ, ਪਤੀ-ਪਤਨੀ ਸਮੇਤ ਜਵਾਈ ਦੀ ਮੌਤ

ਬਹਾਦਰਗੜ੍ਹ , 30 ਮਈ- ਵੀਰਵਾਰ ਦੁਪਹਿਰ 12 ਵਜੇ ਦੇ ਕਰੀਬ ਪਟਿਆਲਾ-ਰਾਜਪੁਰਾ ਰੋਡ ’ਤੇ ਦੌਣਕਲਾਂ ਮੋੜ ਨੇੜੇ ਪਟਿਆਲਾ ਸਾਈਡ ਤੋਂ ਜਾ ਰਹੀ ਇਕ ਤੇਜ਼ ਰਫ਼ਤਾਰ ਕਾਰ ਬੇਕਾਬੂ ਹੋ ਕੇ ਡਿਵਾਈਡਰ ਟੱਪਦੇ ਹੋਏ ਦੂਜੀ ਸਾਈਡ ਸਾਹਮਣੇ ਤੋਂ ਆ ਰਹੀ ਇਕ ਕਾਰ ਨਾਲ ਟੱਕਰਾਅ ਗਈ। ਇਸ ਹਾਦਸੇ ’ਚ ਪਤੀ-ਪਤਨੀ ਤੇ ਉਨ੍ਹਾਂ ਦੇ ਜਵਾਈ ਦੀ ਮੌਤ ਹੋ ਗਈ, ਜਦੋਂਕਿ ਤਿੰਨ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ ਹਨ। ਮ੍ਰਿਤਕਾ ਦੀ ਪਛਾਣ ਪਵਨ ਕੁਮਾਰ ਤੇ ਉਸ ਦੀ ਪਤਨੀ ਪੁਸ਼ਪਾ ਲਤਾ ਵਾਸੀ ਸਿਰਸਾ ਤੇ ਉਨ੍ਹਾਂ ਦੇ ਜਵਾਈ ਸਿਧਾਂਤ ਬੱਬਰ ਵਜੋਂ ਹੋਈ ਹੈ ਜਦਕਿ ਜ਼ਖ਼ਮੀਆਂ ’ਚ ਨਵਨੀਤ ਕੌਰ (14) ਤੇ ਮਹਿਕ (18) ਵਾਸੀ ਭਾਦਸੋਂ ਤੇ ਸੁਖਚੈਨ ਸਿੰਘ ਵਾਸੀ ਨਾਭਾ ਸ਼ਾਮਲ ਹਨ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਚੌਕੀ ਬਹਾਦਰਗੜ੍ਹ ਦੀ ਪੁਲਿਸ ਮੌਕੇ ’ਤੇ ਪਹੁੰਚੀ ਤੇ ਜ਼ਖ਼ਮੀਆਂ ਨੂੰ ਪੁਲਿਸ ਨੇ ਰਾਹਗੀਰਾਂ ਦੀ ਮਦਦ ਨਾਲ ਬਹੁਤ ਮੁਸ਼ੱਕਤ ਕਰ ਕੇ ਕਾਰਾਂ ’ਚੋਂ ਬਾਹਰ ਕੱਢ ਕੇ ਤਿੰਨ ਐਂਬੂਲੈਂਸਾਂ ਰਾਹੀਂ ਰਜਿੰਦਰਾ ਹਸਪਤਾਲ ਪਟਿਆਲਾ ਦੀ ਐਂਮਰਜੈਂਸੀ ’ਚ ਇਲਾਜ ਲਈ ਪਹੁੰਚਾਇਆ। ਜਾਣਕਾਰੀ ਅਨੁਸਾਰ ਬਰੀਜਾ ਕਾਰ, ਜੋ ਕਿ ਲੜਕੀ ਚਲਾ ਰਹੀ ਸੀ, ’ਚ ਉਸ ਦੇ ਨਾਲ ਇਕ ਹੋਰ ਲੜਕੀ ਤੇ ਇਕ ਲੜਕਾ ਸਵਾਰ ਸਨ ਤੇ ਜਦੋਂ ਇਸ ਸਥਾਨ ’ਤੇ ਪੁੱਜੀ ਤਾਂ ਅਚਾਨਕ ਬੇਕਾਬੂ ਹੋ ਕੇ ਡਿਵਾਈਡਰ ਟੱਪਦੇ ਹੋਏ ਰਾਜਪੁਰਾ ਸਾਈਡ ਤੋਂ ਆ ਰਹੀ ਹੁੰਡਈ ਦੀ ਅਲਕਜ਼ਾਰ ਕਾਰ ਨਾਲ ਜਾ ਟਕਰਾਈ। ਅਲਕਜ਼ਾਰ ਕਾਰ ’ਚ ਵੀ ਤਿੰਨ ਵਿਅਕਤੀ ਸਵਾਰ ਸਨ। ਹਾਦਸੇ ’ਚ ਦੋਵੇਂ ਕਾਰਾਂ ਚਕਨਾਚੂਰ ਹੋ ਗਈਆਂ, ਜਦਕਿ ਦੋਵੇਂ ਕਾਰਾਂ ’ਚ ਸਵਾਰ 6 ਜਣੇ ਗੰਭੀਰ ਜ਼ਖ਼ਮੀ ਹੋ ਗਏ। ਹਾਦਸੇ ਦਾ ਕਾਰਨ ਬਰੀਜਾ ਕਾਰ, ਜਿਸ ਨੂੰ ਲੜਕੀ ਚਲਾ ਰਹੀ ਸੀ, ਦੀ ਓਵਰ ਸਪੀਡਿ ਨੂੰ ਮੰਨਿਆਂ ਜਾ ਰਿਹਾ ਹੈ। ਹਾਦਸੇ ਤੋਂ ਬਾਅਦ ਬਰੀਜਾ ਕਾਰ ਦਾ ਮੀਟਰ 130 ਦੀ ਸਪੀਡ ਦਰਸਾ ਰਿਹਾ ਸੀ ਤੇ ਗੱਡੀ ’ਚ ਬੀਅਰ ਦੇ ਕੇਨ ਵੀ ਮਿਲੇ ਹਨ। ਇਸ ਹਾਦਸੇ ’ਚ ਜ਼ਖ਼ਮੀਆਂ ਨੂੰ ਪੁਲਿਸ ਨੇ ਰਜਿੰਦਰਾ ਹਸਪਤਾਲ ਵਿਖੇ ਇਲਾਜ ਲਈ ਦਾਖਲ ਕਰਵਾ ਦਿੱਤਾ ਹੈ। ਇਸ ਸਬੰਧੀ ਪੁਲਸ ਚੌਕੀ ਬਹਾਦਰਗੜ੍ਹ ਵੱਲੋਂ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਪੁਲਿਸ ਅਨੁਸਾਰ ਪਤੀ-ਪਤਨੀ ਦੀ ਪਹਿਲਾ ਮੌਤ ਹੋ ਗਈ ਸੀ ਤੇ ਇਲਾਜ ਦੌਰਾਨ ਉਨ੍ਹਾਂ ਦੇ ਜਵਾਈ ਦੀ ਵੀ ਮੌਤ ਹੋ ਗਈ।

Related Articles

Leave a Reply

Your email address will not be published. Required fields are marked *

Back to top button