Punjab

ਪਟਾਕਾ ਫੈਕਟਰੀ ਧਮਾਕਾ : ਮਾਲਕ AAP ਆਗੂ ਤੇ ਪੁੱਤਰ ਸਮੇਤ ਤਿੰਨ ਜਣੇ ਗ੍ਰਿਫ਼ਤਾਰ

ਸ੍ਰੀ ਮੁਕਤਸਰ ਸਾਹਿਬ, 31 ਮਈ 2025: ਸ੍ਰੀ ਮੁਕਤਸਰ ਸਾਹਿਬ  ਜ਼ਿਲ੍ਹਾ ਪੁਲੀਸ ਨੇ ਪਿੰਡ ਫਤੂਹੀਵਾਲਾ ਵਿਖੇ ਇੱਕ ਕਥਿਤ ਤੌਰ ਤੇ ਗੈਰ-ਕਾਨੂੰਨੀ ਪਟਾਕਾ ਫੈਕਟਰੀ ਵਿੱਚ ਹੋਏ ਭਿਆਨਕ ਧਮਾਕੇ ਦੇ ਸਬੰਧ ਵਿੱਚ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਵਿਅਕਤੀਆਂ ਵਿੱਚ ਆਮ ਆਦਮੀ ਪਾਰਟੀ (ਆਪ) ਦਾ ਕਾਰਕੰੁਨ ਤਰਸੇਮ ਸਿੰਘ, ਉਸ ਦਾ ਪੁੱਤਰ ਨਵਰਾਜ ਸਿੰਘ ਅਤੇ ਮਜ਼ਦੂਰ ਠੇਕੇਦਾਰ ਰਾਜ ਕੁਮਾਰ ਸ਼ਾਮਲ ਹਨ। ਇਸ ਮਾਮਲੇ ਵਿੱਚ ਨਾਮਜਦ ਕੀਤੀ ਗਈ  ਤਰਸੇਮ ਦੀ ਪਤਨੀ ਸੁਖਚੈਨ ਕੌਰ ਫਿਲਹਾਲ ਫਰਾਰ ਦੱਸੀ ਜਾ ਰਹੀ  ਹੈ। ਮੁਕਤਸਰ ਜਿਲ੍ਹੇ ਦੇ ਥਾਣਾ ਲੰਬੀ ਪੁਲੀਸ ਨੇ ਫੈਕਟਰੀ ਦੇ ਮਾਲਕ ‘ਆਪ’ ਆਗੂ ਤਰਸੇਮ ਸਿੰਘ, ਉਸ ਦੀ ਪਤਨੀ ਸੁਖਚੈਨ ਕੌਰ ਅਤੇ ਲੜਕੇ ਨਵਰਾਜ ਸਿੰਘ ਖ਼ਿਲਾਫ਼ ਬੀਐੱਨਐੱਸ ਦੀ ਧਾਰਾ 105, 18 (2), 3(5), ਵਿਸਫੋਟਕ ਐਕਟ 1884 ਦੀ ਧਾਰਾ 9,12 ਅਤੇ ਫੈਕਟਰੀ ਐਕਟ ਦੀ ਧਾਰਾ 98 ਤਹਿਤ ਕੇਸ ਦਰਜ ਕੀਤਾ ਹੈ।  ਮੁਢਲੇ ਤੌਰ ਤੇ ਇਹ ਵੀ ਸਾਹਮਣੇ ਆਇਆ ਹੈ ਕਿ ਪਟਾਕਾ ਫੈਕਟਰੀ ਗੈਰਕਾਨੂੰਨੀ ਤੌਰ ਤੇ ਚੱਲ ਰਹੀ ਸੀ ।  ਫੈਕਟਰੀ ਸੰਚਾਲਕ ਨੇ ਮਨਜੂਰੀ ਲਈ ਅਪਲਾਈ ਕੀਤਾ ਹੋਇਆ ਸੀ ਪਰ ਹਾਲੇ ਤੱਕ ਪ੍ਰਵਾਨਗੀ ਨਹੀਂ ਮਿਲੀ ਸੀ। ਮਹੱਤਵਪੂਰਨ ਇਹ ਵੀ ਹੈ ਕਿ ਮਾਮਲਾ ਸੱਤਾਧਾਰੀ ਪਾਰਟੀ ਦੇ ਕਾਰਕੁੰਨ ਨਾਲ ਜੁੜਿਆ ਹੋਣ ਕਰਕੇ ਜਿਲ੍ਹਾ ਪੁਲਿਸ ਮੁਕਤਸਰ ਦੇ ਅਫਸਰ ਕੁੱਝ ਵੀ ਬੋਲਣ ਤੋਂ ਪਾਸਾ ਵੱਟ ਹਨ।ਨਿੱਕਾ ਮੋਟਾ ਨਸ਼ਾ ਬਰਾਮਦ ਹੋਣ ਜਾਂ ਫਿਰ ਕੋਈ ਸਧਾਰਨ ਅਪਰਾਧੀ ਫੜ੍ਹਕੇ ਆਪਣੀ ਪ੍ਰਾਪਤੀਆਂ ਦਾ ਚਿੱਠਾ ਲੋਕ ਕਚਹਿਰੀ ਵਿੱਚ ਪੇਸ਼ ਕਰਨ ਲਈ ਰੋਜਾਨਾ ਹੀ ਵੱਡੇ ਵੱਡੇ ਪ੍ਰੈਸ ਬਿਆਨ ਅਤੇ ਫੋਟੋਆਂ ਜਾਰੀ ਕਰਨ ਵਾਲੀ ਮੁਕਤਸਰ ਪੁਲਿਸ ਨੇ ਮਾਮਲਾ ਹਾਕਮ ਧਿਰ ਨਾਲ ਜੁੜਿਆ ਹੋਣ ਕਰਕੇ ਮੁਕਤਸਰ ਜਿਲ੍ਹੇ ’ਚ ਵਾਪਰੇ ਦਿਲ ਦਹਿਲਾ ਦੇਣ ਵਾਲੇ ਇਸ ਹੌਲਨਾਕ ਕਾਂਡ ਸਬੰਧੀ ਮੀਡੀਆ ਲਈ ਇੱਕ ਸ਼ਬਦ ਵੀ ਨਹੀਂ ਜਾਰੀ ਕੀਤਾ ਹੈ। ਅੱਜ ਵੀ ਸੰਪਰਕ ਕਰਨ ਤੇ ਐਸਐਸਪੀ ਅਖਿਲ ਚੌਧਰੀ ਨੇ ਤਿੰਨ ਜਣਿਆਂ ਨੂੰ ਗ੍ਰਿਫਤਾਰ ਕਰਨ ਦੀ ਪੁਸ਼ਟੀ ਤਾਂ ਕੀਤੀ ਪਰ ਪੁਲਿਸ ਪ੍ਰਸ਼ਾਸ਼ਨ ਵੱਲੋਂ ਅਧਿਕਾਰਕ ਤੌਰ ਤੇ ਜਾਣਕਾਰੀ ਦੇਣ ਸਬੰਧੀ ਸਵਾਲ ਪੁੱਛੇ ਜਾਣ ਤੇ ਤੁਰੰਤ ਫੋਨ ਕੱਟ ਦਿੱਤਾ। ਜ਼ਿਕਰਯੋਗ ਹੈ ਕਿ ਫੈਕਟਰੀ ਵਿਚ ਹੋਏ ਇਸ ਧਮਾਕੇ ਕਾਰਨ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਕੁੱਝ ਔਰਤਾਂ ਤੇ ਨਾਬਾਲਗਾਂ ਸਮੇਤ ਲਗਭਗ 30 ਜਣੇ ਜ਼ਖਮੀ ਹੋਏ ਸਨ। ਫੈਕਟਰੀ ਵਿੱਚ ਕਰੀਬ 40 ਮੁਲਾਜ਼ਮ ਦੋ ਸ਼ਿਫਟਾਂ ਵਿੱਚ ਪਟਾਕੇ ਬਣਾਉਦੇ ਸਨ, ਜਿਨ੍ਹਾਂ ’ਚੋਂ ਕੁੱਝ ਕਾਰੀਗਰ ਆਪਣੇ ਪਰਿਵਾਰਾਂ ਸਮੇਤ ਵੀ ਰਹਿੰਦੇ ਸਨ। ਜਿਆਦਾਤਰ ਕਾਮੇ ਪ੍ਰਵਾਸੀ ਅਤੇ ਉੱਤਰ ਪ੍ਰਦੇਸ਼ ਨਾਲ ਸਬੰਧਤ ਹਨ। ਮੁਕਤਸਰ ਦੇ ਐੱਸਐੱਸਪੀ ਅਖਿਲ ਚੌਧਰੀ ਨੇ ਕਿਹਾ ਕਿ ਧਮਾਕੇ ਦੇ ਸਹੀ ਕਾਰਨਾਂ ਦਾ ਪਤਾ ਲਾਉਣ ਅਤੇ ਸ਼ਾਮਲ ਕਿਸੇ ਵੀ ਹੋਰ ਵਿਅਕਤੀ ਦੀ ਪਛਾਣ ਕਰਨ ਲਈ ਜਾਂਚ ਕੀਤੀ ਜਾ ਰਹੀ ਹੈ।

Related Articles

Leave a Reply

Your email address will not be published. Required fields are marked *

Back to top button