
ਨੰਗਲ 11 ਮਈ 2025- ਕੇਂਦਰ ਦੀ ਬੀਜੇਪੀ ਸਰਕਾਰ ਦੇ ਇਸ਼ਾਰਿਆਂ ‘ਤੇ BBMB ਆਪਣੀਆਂ ਗੰਦੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਹੈ। ਜਿੱਥੇ ਪੰਜਾਬ ਆਪਣੀ ਸਰਹੱਦ ‘ਤੇ ਮੁਸਤੈਦੀ ਨਾਲ ਪਾਕਿਸਤਾਨ ਦੇ ਖ਼ਿਲਾਫ਼ ਡਟਿਆ ਹੋਇਆ ਹੈ, ਉੱਥੇ ਹੀ ਕੇਂਦਰ ਵਿੱਚ ਬੈਠੀ ਬੀਜੇਪੀ ਸਰਕਾਰ BBMB ਦੇ ਅਧਿਕਾਰੀਆਂ ਰਾਹੀਂ ਇੱਕ ਵਾਰ ਫਿਰ ਪੰਜਾਬ ਦੇ ਪਾਣੀ ‘ਤੇ ਡਾਕਾ ਮਾਰਨ ਜਾ ਰਹੀ ਹੈ। ਮੈਂ ਅਜਿਹਾ ਹਰਗਿਜ਼ ਨਹੀਂ ਹੋਣ ਦਿਆਂਗਾ। ਥੋੜ੍ਹੀ ਦੇਰ ‘ਚ ਨੰਗਲ ਪਹੁੰਚ ਕੇ ਮੈਂ ਉਨ੍ਹਾਂ ਦੀ ਇਸ ਸਾਜ਼ਿਸ਼ ਨੂੰ ਪੂਰਾ ਹੋਣ ਤੋਂ ਰੋਕਾਂਗਾ। ਹਰਿਆਣਾ ਸਰਕਾਰ ਨੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ (BBMB) ਨੂੰ 4500 ਕਿਊਸਿਕ ਵਾਧੂ ਪਾਣੀ ਦੇਣ ਲਈ ਇਨਡੈਂਟ ਦੇ ਦਿੱਤਾ ਹੈ ਅਤੇ ਹੁਣ ਨੰਗਲ ਡੈਮ ਤੋਂ ਗੇਟ ਖੋਲ੍ਹੇ ਜਾਣੇ ਬਾਕੀ ਹਨ। ਬੀਬੀਐੱਮਬੀ ਨੇ ਸਮੁੱਚੀ ਤਸਵੀਰ ’ਚੋਂ ਪੰਜਾਬ ਨੂੰ ਪੂਰੀ ਤਰ੍ਹਾਂ ਆਊਟ ਕਰ ਦਿੱਤਾ ਹੈ। ਹਰਿਆਣਾ ਦੇ ਐਕਸੀਅਨ ਨੇ 4500 ਕਿਊਸਿਕ ਵਾਧੂ ਪਾਣੀ ਦੇਣ ਲਈ ਇਨਡੈਂਟ ਬੀਬੀਐੱਮਬੀ ਦੇ ਨਵੇਂ ਲਾਏ ਡਾਇਰੈਕਟਰ (ਵਾਟਰ ਰੈਗੂਲੇਸ਼ਨ) ਸੰਜੀਵ ਕੁਮਾਰ (ਜੋ ਹਰਿਆਣਾ ਦੇ ਹਨ) ਨੂੰ ਦੇ ਦਿੱਤਾ ਹੈ। ਬੀਬੀਐੱਮਬੀ ਨੇ ਪੰਜਾਬ ਦੇ ਅਫ਼ਸਰਾਂ ਤੇ ਮੁਲਾਜ਼ਮਾਂ ਨੂੰ ਲਾਂਭੇ ਕਰ ਦਿੱਤਾ ਹੈ। ਨੰਗਲ ਡੈਮ ਦੇ ਗੇਟ ਖੋਲ੍ਹਣ ਦੀ ਜ਼ਿੰਮੇਵਾਰੀ ਹੁਣ ਹਿਮਾਚਲ ਪ੍ਰਦੇਸ਼ ਦੇ ਐਕਸੀਅਨ ਕੋਲ ਹੈ। ਨੰਗਲ ਡੈਮ ਤੋਂ ਵਾਧੂ ਪਾਣੀ ਛੱਡਣ ਲਈ ਤਕਨੀਕੀ ਪ੍ਰਕਿਰਿਆ ਮੁਕੰਮਲ ਹੋ ਗਈ ਹੈ ਅਤੇ ਹੁਣ ਕਿਸੇ ਵੇਲੇ ਵੀ ਡੈਮ ਦੇ ਗੇਟ ਖੁੱਲ੍ਹਣੇ ਸੰਭਵ ਹਨ। ਇਸੇ ਦੌਰਾਨ ਪਤਾ ਲੱਗਿਆ ਹੈ ਕਿ ਥੋੜ੍ਹੀ ਦੇਰ ’ਚ ਮੁੱਖ ਮੰਤਰੀ ਭਗਵੰਤ ਮਾਨ ਨੰਗਲ ਡੈਮ ’ਤੇ ਪੁੱਜ ਰਹੇ ਹਨ ਜਦੋਂ ਕਿ ਇਸ ਵੇਲੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ ਵਿੱਚ ‘ਆਪ’ ਵਰਕਰਾਂ ਨੇ ਡੈਮ ’ਤੇ ਧਰਨਾ ਲਗਾ ਦਿੱਤਾ ਹੈ। ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਪਹਿਲਾਂ ਹੀ ਅਦਾਲਤੀ ਮਾਣਹਾਨੀ ਦੇ ਮਾਮਲੇ ’ਚ ਮੁੱਖ ਸਕੱਤਰ ਅਤੇ ਡੀਜੀਪੀ ਨੂੰ ਨੋਟਿਸ ਦੇ ਕੇ ਨੰਗਲ ਡੈਮ ਦੇ ਗੇਟ ਖੋਲ੍ਹਣ ਵਿੱਚ ਅੜਿੱਕਾ ਬਣਨ ਵਾਲੇ ਅਧਿਕਾਰੀਆਂ ਦੇ ਨਾਮ ਦੱਸਣ ਲਈ ਆਖਿਆ ਹੈ। ਹੁਣ ਮਾਮਲਾ ਸਿਆਸੀ ਰੰਗਤ ਲੈ ਗਿਆ ਹੈ।



