International

ਨੌਜਵਾਨ ਪੀੜ੍ਹੀ ’ਚ ਵਧ ਰਿਹੈ ਅਪੈਂਡਿਕਸ ਕੈਂਸਰ ਦਾ ਖ਼ਤਰਾ

ਵਾਸ਼ਿੰਗਟਨ , 16 ਜੂਨ : ਅਪੈਂਡਿਕਸ ਕੈਂਸਰ ਦੇ ਮਾਮਲੇ ਵੱਧ ਰਹੇ ਹਨ। ਪਹਿਲਾਂ ਜਿਥੇ ਇਹ ਅਕਸਰ ਬਜ਼ੁਰਗਾਂ ’ਚ ਦੇਖਿਆ ਜਾਂਦਾ ਸੀ, ਹੁਣ 30-40 ਸਾਲ ਤੇ ਇਥੋਂ ਤੱਕ ਕਿ ਉਸ ਤੋਂ ਵੀ ਘੱਟ ਲੋਕਾਂ ਪ੍ਰਭਾਵਿਤ ਕਰ ਰਿਹਾ ਹੈ। ਇਸ ਬਦਲਾਅ ਨੇ ਕਈ ਮਾਹਿਰਾਂ ਨੂੰ ਹੈਰਾਨ ਕਰ ਦਿੱਤਾ ਹੈ ਤੇ ਉਹ ਇਸਦਾ ਜਵਾਬ ਲੱਭ ਰਹੇ ਹਨ। ਅਪੈਂਡਿਕਸ ਵੱਡੀ ਆਂਤ ਨਾਲ ਜੁੜੀ ਇਕ ਛੋਟੀ ਉਂਗਲੀ ਦੇ ਆਕਾਰ ਦੀ ਥੈਲੀ ਹੁੰਦੀ ਹੈ। ਐਨਲਸ ਆਫ ਇੰਟਰਨਲ ਮੈਡੀਸਿਨ ’ਚ ਪ੍ਰਕਾਸ਼ਿਤ ਖੋਜ ਤੋਂ ਪਤਾ ਲੱਗਾ ਹੈ ਕਿ 1970 ਦੇ ਦਹਾਕੇ ਤੋਂ ਬਾਅਦ ਪੈਦਾ ਹੋਏ ਲੋਕਾਂ ’ਚ ਅਪੈਂਡਿਕਸ ਕੈਂਸਰ ਦੇ ਮਾਮਲਿਆਂ ਦੀ ਗਿਣਤੀ ’ਚ ਨਾਟਕੀ ਤੌਰ ’ਤੇ ਵਾਧਾ ਹੋਇਆ ਹੈ। ਅਸਲ ’ਚ 1940 ਦੇ ਦਹਾਕੇ ’ਚ ਪੈਦਾ ਹੋਏ ਲੋਕਾਂ ਦੇ ਮੁਕਾਬਲੇ ਨੌਜਵਾਨ ਪੀੜ੍ਹੀ ’ਚ ਇਸਦੇ ਮਾਮਲਿਆਂ ’ਚ ਤਿੰਨ ਗੁਣਾ ਜਾਂ ਚਾਰ ਗੁਣਾ ਵਾਧਾ ਹੋਇਆ ਹੈ। ਹਾਲਾਂਕਿ ਕੁੱਲ ਗਿਣਤੀ ਹਾਲੇ ਵੀ ਘੱਟ ਹੈ ਪਰ ਜਿੰਨਾ ਵੀ ਵਾਧਾ ਹੋ ਰਿਹਾ ਹੈ, ਉਹ ਹੈਰਾਨ ਕਰਨ ਵਾਲਾ ਹੈ। ਇਸ ਨਾਲ ਵੀ ਜ਼ਿਆਦਾ ਜ਼ਿਕਰਯੋਗ ਹੈ ਕਿ ਹੁਣ ਲਗਪਗ ਤਿੰਨ ’ਚੋਂ ਇਕ ਮਾਮਲਾ 50 ਤੋਂ ਘੱਟ ਉਮਰ ਦੇ ਬਾਲਗਾਂ ’ਚ ਹੁੰਦਾ ਹੈ, ਜੋ ਹੋਰਨਾਂ ਤਰ੍ਹਾਂ ਦੇ ਗੈਸਟ੍ਰੋਇੰਟੈਸਟਾਈਨਲ ਕੈਂਸਰ ਦੇ ਮੁਕਾਬਲੇ ’ਚ ਬਹੁਤ ਜ਼ਿਆਦਾ ਹੈ।ਇਸਦਾ ਕਾਰਨ ਨਿਸ਼ਚਤ ਨਹੀਂ ਹੋ ਸਕਿਆ ਹੈ ਪਰ ਖ਼ਦਸ਼ਾ ਹੈ ਕਿ ਅਪੈਂਡਿਕਸ ਕੈਂਸਰ ਦੇ ਵਧਦੇ ਮਾਮਲਿਆਂ ਦਾ ਇਕ ਮੁੱਖ ਕਾਰਨ ਜੀਵਨਸ਼ੈਲੀ ਤੇ ਵਾਤਾਵਰਨ ’ਚ ਬਦਲਾਅ ਵੀ ਹੈ। 1970 ਦੇ ਦਹਾਕੇ ’ਚ ਮੋਟਾਪੇ ਦੀ ਦਰ ਵਧੀ ਹੈ ਤੇ ਜ਼ਿਆਦਾ ਭਾਰ ਹੋਣਾ ਕਈ ਕੈਂਸਰਾਂ ਦੇ ਲਈ ਇਕ ਜੋਖਮ ਕਾਰਕ ਹੈ, ਜਿਸ ਵਿਚ ਪਾਚਨ ਤੰਤਰ ਦੇ ਕੈਂਸਰ ਵੀ ਸ਼ਾਮਲ ਹਨ। ਇਸ ਤੋਂ ਇਲਾਵਾ ਪ੍ਰੋਸੈਸਡ ਖ਼ੁਰਾਕੀ ਤੱਤ, ਮਿੱਠੇ ਤਰਲ ਪਦਾਰਥ ਤੇ ਰੈੱਡ ਮੀਟ ਵੱਲ ਝੁਕਾਅ ਵੀ ਇਸਦੇ ਵਧਦੇ ਖ਼ਤਰਿਆਂ ’ਚ ਸ਼ਾਮਲ ਹੈ। ਲੋਕ ਸਰੀਰਕ ਕੰਮ ਵੀ ਨਹੀਂ ਕਰ ਰਹੇ। ਉਹ ਵੱਧ ਸਮਾਂ ਡੈਸਕ ਜਾਂ ਸਕ੍ਰੀਨ ਦੇ ਸਾਹਮਣੇ ਬੈਠ ਕੇ ਬਿਤਾਉਂਦੇ ਹਨ। ਅਪੈਂਡਿਕਸ ਕੈਂਸਰ ਨੂੰ ਵਿਸ਼ੇਸ਼ ਤੌਰ ’ਤੇ ਚੁਣੌਤੀਪੂਰਨ ਬਣਾਉਣ ਵਾਲੀ ਗੱਲ ਇਹ ਹੈ ਕਿ ਇਸਦਾ ਪਤਾ ਲਗਾਉਣਾ ਔਖਾ ਹੁੰਦਾ ਹੈ। ਕੋਲਨ ਕੈਂਸਰ ਨੂੰ ਤਾਂ ਕਦੀ-ਕਦੀ ਸਕ੍ਰੀਨਿੰਗ ਕੋਲੋਨੋਸਕੋਪੀ ਦੇ ਰਾਹੀਂ ਜਲਦੀ ਪਤਾ ਲਗਾਇਆ ਜਾ ਸਕਦਾ ਹੈ ਪਰ ਇਸਦੇ ਉਲਟ ਅਪੈਂਡਿਕਸ ਕੈਂਸਰ ਦਾ ਪਤਾ ਆਸਾਨੀ ਨਾਲ ਨਹੀਂ ਲੱਗਦਾ। ਜੇ ਲੱਛਣ ਦਿਖਾਈ ਵੀ ਦਿੰਦੇ ਹਨ ਤਾਂ ਉਹ ਅਸਪੱਸ਼ਟ ਤੇ ਆਸਾਨੀ ਨਾਲ ਖ਼ਾਰਜ ਕਰਨ ਦੇ ਯੋਗ ਹੁੰਦੇ ਹਨ। ਲੋਕਾਂ ਨੂੰ ਹਲਕਾ ਢਿੱਡ ਦਰਦ, ਸੋਜ ਜਾਂ ਮਲ ਤਿਆਗ ਦੀਆਂ ਆਦਤਾਂ ’ਚ ਬਦਲਾਅ ਮਹਿਸੂਸ ਹੋ ਸਕਦੇ ਹਨ, ਜੋ ਕਈ ਹਾਲਾਤ ’ਚ ਆਮ ਸ਼ਿਕਾਇਤਾਂ ਹਨ। ਨਜੀਜੇ ਵਜੋਂ ਜ਼ਿਆਦਾਤਰ ਮਾਮਲਿਆਂ ਦਾ ਪਤਾ ਸਿਰਫ ਸ਼ੱਕੀ ਅਪੈਂਡੀਸਾਈਟਿਸ ਲਈ ਆਪ੍ਰੇਸ਼ਨ ਤੋਂ ਬਾਅਦ ਹੀ ਲੱਗਦਾ ਹੈ, ਜਦੋਂ ਅਕਸਰ ਸ਼ੁਰੂਆਤੀ ਦਖ਼ਲ ਲਈ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ।

Related Articles

Leave a Reply

Your email address will not be published. Required fields are marked *

Back to top button