
ਕਿਲਾ ਲਾਲ ਸਿੰਘ, 12 ਅਪ੍ਰੈਲ- ਕਿਲਾ ਲਾਲ ਸਿੰਘ ਬੀਤੀ ਰਾਤ ਪੁਰਾਣੀ ਰੰਜਿਸ਼ ’ਤੇ ਚੱਲਦਿਆਂ ਇੱਕ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਵੱਲੋਂ ਇਕ ਜਿਮ ਸੰਚਾਲਕ ਨੌਜਵਾਨ ’ਤੇ ਗੋਲੀ ਚਲਾਈ ਗਈ ਸੀ, ਥਾਣਾ ਕਿਲਾ ਲਾਲ ਸਿੰਘ ਦੀ ਪੁਲਿਸ ਨੇ ਉਕਤ ਮਾਮਲੇ ਵਿੱਚ ਇਕ ਔਰਤ ਸਮੇਤ ਤਿੰਨ ਵਿਰੁੱਧ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਕਿਲਾ ਲਾਲ ਸਿੰਘ ਮੁਖੀ ਐੱਸਐੱਚਓ ਪ੍ਰਭਜੋਤ ਸਿੰਘ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਉਗਰੇਵਾਲ ਨੇ ਪੁਲਿਸ ਨੂੰ ਆਪਣੀ ਸ਼ਿਕਾਇਤ ਦਰਜ ਕਰਵਾਉਂਦੇ ਹੋਏ ਦੱਸਿਆ ਕਿ ਉਹ ਅੱਡਾ ਦਾਲਮ ’ਚ ਜਿਮ ਚਲਾਉਂਦਾ ਹੈ ਤੇ ਜਨਵਰੀ 2025 ਵਿੱਚ ਸਰਬਜੀਤ ਸਿੰਘ ਪੁੱਤਰ ਬਲਜੀਤ ਸਿੰਘ ਵਾਸੀ ਦਾਲਮ ਉਸਦੀ ਜਿਮ ਵਿੱਚ ਆਉਣ ਲੱਗਾ ਤੇ ਜਦ ਉਨਾਂ ਉਸ ਪਾਸੋਂ ਫੀਸ ਦੀ ਮੰਗ ਕੀਤੀ ਤਾਂ ਉਹ ਝਗੜਨ ਲੱਗ ਪਿਆ ਤੇ ਫਿਰ ਉਸ ਵੱਲੋਂ ਆਪਣੇ ਸਾਥੀਆਂ ਸਮੇਤ ਜਿਮ ਵਿੱਚ ਆ ਕੇ ਜਿਮ ਦੀ ਭੰਨ ਤੋੜ ਕੀਤੀ ਤੇ ਕੁਝ ਸਾਮਾਨ ਵੀ ਨਾਲ ਲੈ ਗਏ, ਜਿਸ ਸਬੰਧੀ ਉਨਾਂ ਵੱਲੋਂ ਥਾਣਾ ਕਿਲਾ ਲਾਲ ਸਿੰਘ ਵਿਖੇ ਸ਼ਿਕਾਇਤ ਦਰਜ ਕਰਵਾਈ ਗਈ ਸੀ ਤੇ ਸਰਬਜੀਤ ਸਿੰਘ ਤੇ 8 ਹੋਰ ਅਣਪਛਾਤਿਆਂ ਖਿਲਾਫ਼ 5/25 ਦੇ ਤਹਿਤ ਮੁਕਦਮਾ ਦਰਜ ਹੋ ਗਿਆ ਸੀ, ਤੇ ਸਰਬਜੀਤ ਭਗੌੜਾ ਸੀ। ਉਨ੍ਹਾਂ ਦੱਸਿਆ ਕਿ ਉਸ ਕੇਸ ਨੂੰ ਵਾਪਸ ਲੈਣ ਸਬੰਧੀ ਉਸ ਨੂੰ ਸਰਬਜੀਤ ਸਿੰਘ ਦੀ ਮਾਤਾ ਦਵਿੰਦਰ ਕੌਰ ਵੱਲੋਂ ਦਬਾਅ ਪਾਇਆ ਜਾ ਰਿਹਾ ਸੀ ਤੇ ਉਸ ਨੂੰ ਬਾਰ ਬਾਰ ਜਾਨ ਤੋਂ ਮਾਰਨ ਦੀਆਂ ਧਮਕੀਆਂ ਵੀ ਮਿਲ ਰਹੀਆਂ ਸਨ। ਉਨਾਂ ਦੱਸਿਆ ਕਿ ਸ਼ੁਕਰਵਾਰ ਸ਼ਾਮ ਕਰੀਬ 7:40 ’ਤੇ ਉਹ ਅੱਡਾ ਦਾਲਮ ਵਿਖੇ ਆਇਆ ਸੀ ਕਿ ਇੱਕ ਮੋਟਰਸਾਈਕਲ ਤੇ ਸਵਾਰ ਦੋ ਨੌਜਵਾਨਾਂ ਵੱਲੋਂ ਉਸ ’ਤੇ ਗੋਲੀ ਚਲਾ ਦਿੱਤੀ ਗਈ ਸੀ, ਪਰ ਉਹ ਬਾਲ ਬਾਲ ਬਚ ਗਿਆ ਤੇ ਗੋਲੀ ਸਾਹਮਣੇ ਠੇਕੇ ਦੀ ਕੈਂਡੀ ਵਿੱਚ ਜਾ ਲੱਗੀ। ਐੱਸਐੱਚਓ ਪ੍ਰਭਜੋਤ ਸਿੰਘ ਨੇ ਦੱਸਿਆ ਕਿ ਘਟਨਾ ਵਾਲੀ ਥਾਂ ਤੋਂ ਪੁਲਿਸ ਨੂੰ ਇਕ ਖੋਲ ਬਰਾਮਦ ਹੋਇਆ ਹੈ ਤੇ ਗੁਰਪ੍ਰੀਤ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਸਰਬਜੀਤ ਸਿੰਘ ਉਰਫ ਸ਼ੱਬਾ ਪੁੱਤਰ ਬਲਜੀਤ ਸਿੰਘ ਵਾਸੀ ਦਾਲਮ, ਸਰਬਜੀਤ ਸਿੰਘ ਦੀ ਮਾਤਾ ਦਵਿੰਦਰ ਕੌਰ ਪਤਨੀ ਬਲਜੀਤ ਸਿੰਘ ਅਤੇ ਕੀਰਤ ਪੁੱਤਰ ਕਾਲਾ ਵਾਸੀ ਨੰਗਲ ਦੇ ਖਿਲਾਫ ਮੁਕੱਦਮਾ ਨੰਬਰ 26 ਤੇ 109, 3 (5), 25, 54, 59 ਦੇ ਤਹਿਤ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।



