Punjab

ਨਿਹੰਗ ਸਿੰਘ ਨੇ ਹਸਪਤਾਲ ਦੇ ਕੰਪਿਊਟਰ ਆਪ੍ਰੇਟਰ ਦਾ ਕਿਰਪਾਨ ਨਾਲ ਹੱਥ ਨਾਲ ਵੱਢਿਆ

ਬਠਿੰਡਾ, 5 ਜੁਲਾਈ : ਤਲਵੰਡੀ ਸਾਬੋ ਸਿਵਲ ਹਸਪਤਾਲ ’ਚ ਸਥਿਤ ਨਸ਼ਾ ਛੁਡਾਊ ਕੇਂਦਰ ’ਚ ਦਵਾਈ ਲੈਣ ਲਈ ਪਰਚੀ ਕਟਵਾਉਣ ਨੂੰ ਲੈ ਕੇ ਹੋਏ ਝਗੜੇ ਪਿੱਛੋਂ ਇਕ ਨਿਹੰਗ ਸਿੰਘ ਨੇ ਹਸਪਤਾਲ ਦੇ ਕੰਪਿਊਟਰ ਆਪ੍ਰੇਟਰ ਗੁਰਸੇਵਕ ਸਿੰਘ ਤੇ ਤਲਵਾਰ ਨਾਲ ਹਮਲਾ ਕਰ ਕੇ ਉਸ ਦਾ ਹੱਥ ਵੱਢ ਦਿੱਤਾ। ਘਟਨਾ ਤੋਂ ਬਾਅਦ ਮੁਲਜ਼ਮ ਨਿਹੰਗ ਕਾਲਾ ਸਿੰਘ ਮੌਕੇ ਤੋਂ ਫ਼ਰਾਰ ਹੋ ਗਿਆ। ਜ਼ਖ਼ਮੀ ਕੰਪਿਊਟਰ ਆਪ੍ਰੇਟਰ ਨੂੰ ਤਲਵੰਡੀ ਸਾਬੋ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ’ਚ ਦਾਖ਼ਲ ਕਰਵਾਇਆ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਤਲਵੰਡੀ ਸਾਬੋ ਦੇ ਡੀਐੱਸਪੀ ਰਾਜੇਸ਼ ਕੁਮਾਰ ਸਨੇਹੀ ਆਪਣੀ ਪੁਲਿਸ ਟੀਮ ਨਾਲ ਮੌਕੇ ਤੇ ਪਹੁੰਚੇ ਅਤੇ ਹਸਪਤਾਲ ਦੇ ਐੱਸਐੱਮਓ ਤੇ ਜ਼ਖ਼ਮੀ ਆਪ੍ਰੇਟਰ ਤੋਂ ਪੂਰੇ ਮਾਮਲੇ ਦੀ ਜਾਣਕਾਰੀ ਹਾਸਲ ਕੀਤੀ। ਦੂਜੇ ਪਾਸੇ ਤਲਵੰਡੀ ਸਾਬੋ ਪੁਲਿਸ ਸਟੇਸ਼ਨ ਨੇ ਜ਼ਖ਼ਮੀ ਕੰਪਿਊਟਰ ਆਪ੍ਰੇਟਰ ਗੁਰਸੇਵਕ ਸਿੰਘ ਦੇ ਬਿਆਨਾਂ ਤੇ ਮੁਲਜ਼ਮ ਨਿਹੰਗ ਕਾਲਾ ਸਿੰਘ ਵਿਰੁੱਧ ਕਤਲ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕਰ ਲਿਆ ਹੈ ਅਤੇ ਸੀਸੀਟੀਵੀ ਕੈਮਰੇ ਦੀ ਫੁਟੇਜ਼ ਦੇ ਆਧਾਰ ਤੇ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਦਾਅਵਾ ਹੈ ਕਿ ਦੋਸ਼ੀ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਦੂਜੇ ਪਾਸੇ ਸ਼ੁੱਕਰਵਾਰ ਨੂੰ ਹਸਪਤਾਲ ਅੰਦਰ ਦਿਨ-ਦਿਹਾੜੇ ਵਾਪਰੀ ਇਸ ਘਟਨਾ ਤੋਂ ਬਾਅਦ ਪੂਰੇ ਹਸਪਤਾਲ ਸਟਾਫ ’ਚ ਦਹਿਸ਼ਤ ਦਾ ਮਾਹੌਲ ਦੇਖਣ ਨੂੰ ਮਿਲਿਆ, ਜਿਸ ਮਗਰੋਂ ਤਲਵੰਡੀ ਸਾਬੋ ਹਸਪਤਾਲ ਦੇ ਐੱਸਐੱਮਓ ਡਾ. ਰਵੀਕਾਂਤ ਗੁਪਤਾ ਨੇ ਡੀਐੱਸਪੀ ਤਲਵੰਡੀ ਸਾਬੋ ਨੂੰ ਪੱਤਰ ਲਿਖ ਕੇ ਹਸਪਤਾਲ ਦੇ ਅਹਾਤੇ ’ਚ ਦੋ ਪੁਲਿਸ ਮੁਲਾਜ਼ਮਾਂ ਨੂੰ ਸਥਾਈ ਤੌਰ ਤੇ ਤਾਇਨਾਤ ਕਰਨ ਦੀ ਮੰਗ ਕੀਤੀ ਤਾਂ ਜੋ ਭਵਿੱਖ ’ਚ ਅਜਿਹੀ ਕੋਈ ਘਟਨਾ ਨਾ ਵਾਪਰ ਸਕੇ। ਸਿਵਲ ਹਸਪਤਾਲ ਤਲਵੰਡੀ ਸਾਬੋ ਦੇ ਐੱਸਐੱਮਓ ਡਾ. ਰਵੀਕਾਂਤ ਗੁਪਤਾ ਨੇ ਦੱਸਿਆ ਕਿ ਸ਼ੁੱਕਰਵਾਰ ਸਵੇਰੇ ਵੀ ਹਰ ਰੋਜ਼ ਵਾਂਗ ਕੰਪਿਊਟਰ ਆਪ੍ਰੇਟਰ ਗੁਰਸੇਵਕ ਸਿੰਘ ਓਪੀਡੀ ’ਚ ਹਸਪਤਾਲ ਆਉਣ ਵਾਲੇ ਮਰੀਜ਼ਾਂ ਦੀਆਂ ਪਰਚੀਆਂ ਕੱਟ ਰਿਹਾ ਸੀ। ਇਸ ਦੌਰਾਨ ਮੁਲਜ਼ਮ ਨਿਹੰਗ ਸਿੰਘ ਕਾਲਾ ਸਿੰਘ ਨੂੰ ਪਹਿਲਾਂ ਹਸਪਤਾਲ ’ਚ ਦਿਖਾਉਣ ਲਈ ਜਾਰੀ ਕੀਤੀ ਗਈ ਪਰਚੀ ਮਿਲੀ, ਉਸ ਨੇ ਇਸਦਾ ਭੁਗਤਾਨ ਕੀਤਾ, ਪਰ ਇਸ ਤੋਂ ਬਾਅਦ ਦੁਬਾਰਾ ਨਿਹੰਗ ਨੇ ਆਪ੍ਰੇਟਰ ਨੂੰ ਨਸ਼ਾ ਛੁਡਾਊ ਕੇਂਦਰ ’ਚ ਆਪਣੇ ਆਪ ਨੂੰ ਦਿਖਾਉਣ ਲਈ ਪਰਚੀ ਜਾਰੀ ਕਰਨ ਲਈ ਕਿਹਾ। ਐੱਸਐੱਮਓ ਨੇ ਦੱਸਿਆ ਕਿ ਜਦੋਂ ਆਪ੍ਰੇਟਰ ਗੁਰਸੇਵਕ ਸਿੰਘ ਨੇ ਨਿਹੰਗ ਤੋਂ ਦੁਬਾਰਾ ਪਰਚੀ ਲਈ ਪੈਸੇ ਮੰਗੇ ਤਾਂ ਨਿਹੰਗ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਕੰਪਿਊਟਰ ਆਪ੍ਰੇਟਰ ਦੇ ਸਿਰ ਤੇ ਤਲਵਾਰ ਨਾਲ ਹਮਲਾ ਕਰ ਦਿੱਤਾ। ਇਸ ਲਈ ਆਪਰੇਟਰ ਨੇ ਆਪਣੇ ਬਚਾਅ ਲਈ ਆਪਣਾ ਹੱਥ ਅੱਗੇ ਕੀਤਾ, ਜਿਸ ਕਾਰਨ ਆਪ੍ਰੇਟਰ ਗੁਰਸੇਵਕ ਸਿੰਘ ਦਾ ਹੱਥ ਕੱਟ ਦਿੱਤਾ ਗਿਆ। ਐੱਸਐੱਮਓ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਭੱਜ ਗਿਆ। ਉਨ੍ਹਾਂ ਕਿਹਾ ਕਿ ਜ਼ਖ਼ਮੀ ਆਪ੍ਰੇਟਰ ਨੂੰ ਇਲਾਜ ਲਈ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ’ਚ ਦਾਖਲ ਕਰਵਾਇਆ ਗਿਆ ਸੀ। ਜਿੱਥੇ ਜ਼ਖਮੀ ਦੇ ਹੱਥ ’ਚ ਕਈ ਵਾਰ ਟਾਂਕੇ ਲੱਗੇ ਤੇ ਜੋੜ ਦਿੱਤੇ ਗਏ। ਇਸ ਦੇ ਨਾਲ ਹੀ ਘਟਨਾ ਤੋਂ ਬਾਅਦ ਪੁਲਿਸ ਟੀਮ ਨਾਲ ਮੌਕੇ ਤੇ ਪਹੁੰਚੇ ਤਲਵੰਡੀ ਸਾਬੋ ਦੇ ਡੀਐੱਸਪੀ ਰਾਜੇਸ਼ ਕੁਮਾਰ ਸਨੇਹੀ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਤਲਵੰਡੀ ਸਾਬੋ ਪੁਲਿਸ ਸਟੇਸ਼ਨ ਨੇ ਜ਼ਖਮੀਆਂ ਦੇ ਬਿਆਨਾਂ ਤੇ ਮੁਲਜ਼ਮ ਨਿਹੰਗ ਕਾਲਾ ਸਿੰਘ ਵਿਰੁੱਧ ਮਾਮਲਾ ਦਰਜ ਕਰਕੇ ਉਸਨੂੰ ਗ੍ਰਿਫ਼ਤਾਰ ਕਰਨ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਹਨ।

Related Articles

Leave a Reply

Your email address will not be published. Required fields are marked *

Back to top button