
ਲੁਧਿਆਣਾ, 17 ਅਕਤੂਬਰ : ਲੁਧਿਆਣਾ ਸਥਾਨਕ ਜੋਸ਼ੀ ਨਗਰ ਇਲਾਕੇ ’ਚ ਨਗਰ ਨਿਗਮ ਵੱਲੋਂ ਸੀਲ ਕੀਤੀਆਂ ਗਈਆਂ ਦੁਕਾਨਾਂ ਦੀ ਗੈਰ-ਕਾਨੂੰਨੀ ਢੰਗ ਨਾਲ ਸੀਲ ਤੋੜ ਕੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰਨ ਵਾਲੇ ਪਿਓ-ਪੁੱਤਰ ਖਿਲਾਫ ਥਾਣਾ ਹੈਬੋਵਲ ਪੁਲਿਸ ਵੱਲੋਂ ਸੰਗੀਨ ਦੋਸ਼ਾਂ ਅਧੀਨ ਪਰਚਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਇਹ ਮਾਮਲਾ ਥਾਣੇਦਾਰ ਰਾਮ ਕ੍ਰਿਸ਼ਨ ਦੇ ਬਿਆਨ ’ਤੇ ਅਨੁਜ ਬਿਸਵਾਹਾ ਤੇ ਉਸ ਦੇ ਪਿਤਾ ਸੂਰਜ ਵਿਸਵਾਹਾ ਖਿਲਾਫ਼ ਦਰਜ ਕੀਤਾ ਹੈ। ਥਾਣੇਦਾਰ ਰਾਮ ਕ੍ਰਿਸ਼ਨ ਮੁਤਾਬਕ ਸਥਾਨਕ ਜੋਸ਼ੀ ਨਗਰ ਇਲਾਕੇ ’ਚ ਨੰਦ ਆਟੋ ਸੈਂਟਰ ਨਾਂ ਦੀ ਦੁਕਾਨ ਨੂੰ ਨਗਰ ਨਿਗਮ ਵੱਲੋਂ 4 ਅਕਤੂਬਰ ਨੂੰ ਸਰਕਾਰੀ ਤੌਰ ’ਤੇ ਸੀਲ ਕੀਤਾ ਗਿਆ ਸੀ। ਉਕਤ ਜਾਇਦਾਦ ਸੀਲ ਕਰਨ ਤੋਂ ਅਗਲੇ ਹੀ ਦਿਨ ਮੁਲਜ਼ਮ ਅਨੁਜ ਵਿਸਵਾਹਾ ਤੇ ਉਸ ਦੇ ਪਿਤਾ ਸੂਰਜ ਵਿਸਵਾਹਾ ਨੇ ਸਾਜ਼ਿਸ਼ ਤਹਿਤ ਸਰਕਾਰੀ ਸੀਲਾਂ ਨੂੰ ਤੋੜ ਦਿੱਤਾ ਤੇ ਉਕਤ ਜਾਇਦਾਦ ਉਪਰ ਦੁਬਾਰਾ ਆਪਣਾ ਕਬਜ਼ਾ ਕਰ ਲਿਆ। ਅਜਿਹਾ ਕਰਦੇ ਹੋਏ ਮੁਲਜ਼ਮਾਂ ਨੇ ਸਰਕਾਰੀ ਕਾਰਵਾਈ ’ਚ ਵਿਘਨ ਪਾਉਣ ਸਮੇਤ ਹੋਰ ਜੁਰਮ ਅੰਜਾਮ ਦਿੱਤੇ। ਨਗਰ ਨਿਗਮ ਅਧਿਕਾਰੀਆਂ ਵੱਲੋਂ ਇਹ ਮਾਮਲਾ ਥਾਣਾ ਹੈਬੋਵਾਲ ਪੁਲਿਸ ਦੇ ਧਿਆਨ ’ਚ ਲਿਆਂਦਾ ਗਿਆ ਤਾਂ ਪੁਲਿਸ ਨੇ ਦੋਨਾਂ ਮੁਲਜ਼ਮਾਂ ਖਿਲਾਫ ਪਰਚਾ ਦਰਜ ਕਰ ਕੇ ਅਗਲੇਰੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਬਾਕਸ– ਲਾਈਆਂ ਸੀਲਾਂ ਤੋੜਨ ਵਾਲੇ ਪ੍ਰਾਪਰਟੀ ਮਾਲਕਾਂ ਖ਼ਿਲਾਫ਼ ਕੇਸ ਦਰਜ ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ ਲੁਧਿਆਣਾ ਨਗਰ ਨਿਗਮ ਵੱਲੋਂ ਸੀਲ ਕੀਤੀਆਂ ਜਾਇਦਾਦਾਂ ਦੀਆਂ ਸੀਲਾਂ ਤੋੜ ਕੇ ਗੈਰ-ਕਾਨੂੰਨੀ ਤਰੀਕੇ ਨਾਲ ਦੁਕਾਨਾਂ ਦੁਬਾਰਾ ਖੋਲ੍ਹਣ ਦੇ ਮਾਮਲੇ ’ਚ ਪੁਲਿਸ ਨੇ ਕਈ ਪ੍ਰਾਪਰਟੀ ਮਾਲਕਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਹ ਸ਼ਿਕਾਇਤ ਨਗਰ ਨਿਗਮ ਦੇ ਵਧੀਕ ਕਮਿਸ਼ਨਰ ਵੱਲੋਂ ਦਰਜ ਕਰਵਾਈ ਗਈ ਹੈ, ਜਿਨ੍ਹਾਂ ਦੱਸਿਆ ਕਿ ਇਹ ਜਾਇਦਾਦਾਂ ਬਿਲਡਿੰਗ ਕਨੂੰਨ ਦੀ ਉਲੰਘਣਾ ਕਰਨ ’ਤੇ ਸੀਲ ਕੀਤੀਆਂ ਗਈਆਂ ਸਨ ਪਰ ਹਾਲ ਹੀ ’ਚ ਮਾਲਕਾਂ ਨੇ ਆਪਣੇ ਪੱਧਰ ’ਤੇ ਸੀਲਾਂ ਤੋੜ ਕੇ ਦੁਕਾਨਾਂ ਖੋਲ੍ਹ ਲਈਆਂ। ਇਸ ਮਾਮਲੇ ’ਚ ਪੰਜਾਬ ਸਰਕਾਰ ਦੇ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ। ਪੁਲਿਸ ਮੁਤਾਬਕ ਨਾਮਜ਼ਦ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਨਿਊ ਭਾਈ ਰਣਧੀਰ ਸਿੰਘ ਨਗਰ ਵਾਸੀ 4 ਦੁਕਾਨਾਂ ਦੇ ਮਾਲਕ ਤਜਿੰਦਰ ਕੁਮਾਰ, ਕਿੰਗਸ ਗੈਸਟ ਹਾਊਸ ਨਿਊ ਭਾਈ ਰਣਧੀਰ ਸਿੰਘ ਨਗਰ ਦੇ ਮਾਲਕ, ਨਿਊ ਭਾਈ ਰਣਧੀਰ ਸਿੰਘ ਨਗਰ ਸਥਿਤ ਵਰਮਾ ਕਰਿਆਨਾ ਸਟੋਰ ਦੇ ਮਾਲਕ, ਨਿਊ ਭਾਈ ਰਣਧੀਰ ਸਿੰਘ ਨਗਰ ਸਥਿਤ ਸਿੰਗਲਾ ਗੋਦਾਮ ਦੇ ਮਾਲਕ ਤੇ ਸਿਲਵਰ ਸਕਾਈ ਹੋਟਲ ਗਾਬਾ ਕੰਪਨੀ ਦੇ ਮਾਲਕ ਵਜੋਂ ਹੋਈ ਹੈ। ਥਾਣਾ ਦੁੱਗਰੀ ਦੀ ਪੁਲਿਸ ਇਸ ਮਾਮਲੇ ’ਚ ਅਗਲੇਰੀ ਕਾਰਵਾਈ ਕਰ ਰਹੀ ਹੈ।



