
ਲੁਧਿਆਣਾ, 7 ਅਗਸਤ : ਲੁਧਿਆਣਾ- ਚੰਡੀਗੜ੍ਹ ਰੋਡ ਤੇ ਭਗਵਾਨ ਵਾਲਮੀਕਿ ਭਵਨ ਦੇ ਨਵੀਨੀਕਰਨ ਦੇ ਪ੍ਰੋਜੈਕਟ ਨੂੰ ਪੂਰਾ ਕਰਨ ਵਿੱਚ ਦੇਰੀ ਦਾ ਸਖ਼ਤ ਨੋਟਿਸ ਲੈਂਦੇ ਹੋਏ, ਨਗਰ ਨਿਗਮ ਕਮਿਸ਼ਨਰ ਆਦਿਤਿਆ ਡੇਚਲਵਾਲ ਨੇ ਨਗਰ ਨਿਗਮ ਅਧਿਕਾਰਿਆ ਅਤੇ ਠੇਕੇਦਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਮੌਕੇ ਤੇ ਹੁਣ ਕੋਈ ਪ੍ਰਗਤੀ ਨਹੀਂ ਦਿਖਾਈ ਦਿੱਤੀ ਤਾਂ ਠੇਕੇਦਾਰ ਨੂੰ ਡੀਬਾਰ ਕਰਨ ਦੇ ਨਾਲ ਸਬੰਧਤ ਅਧਿਕਾਰੀਆਂ ਵਿਰੁੱਧ ਵੀ ਕਾਰਵਾਈ ਕੀਤੀ ਜਾਵੇਗੀ। ਨਗਰ ਨਿਗਮ ਕਮਿਸ਼ਨਰ ਡੇਚਲਵਾਲ ਨੇ ਬੁੱਧਵਾਰ ਨੂੰ ਭਗਵਾਨ ਵਾਲਮੀਕਿ ਭਵਨ ਵਿਖੇ ਚੱਲ ਰਹੇ ਕੰਮਾਂ ਦਾ ਨਿਰੀਖਣ ਕੀਤਾ ਅਤੇ ਸਬੰਧਤ ਅਧਿਕਾਰੀਆਂ ਨੂੰ ਕੰਮ ਵਿੱਚ ਤੇਜ਼ੀ ਲਿਆਉਣ ਲਈ ਜ਼ਰੂਰੀ ਨਿਰਦੇਸ਼ ਜਾਰੀ ਕੀਤੇ ਅਤੇ ਠੇਕੇਦਾਰ ਨੂੰ 7 ਅਕਤੂਬਰ, 2025 (ਮਹਾਰਿਸ਼ੀ ਵਾਲਮੀਕਿ ਜੈਅੰਤੀ) ਤੋਂ ਪਹਿਲਾਂ ਪ੍ਰੋਜੈਕਟ ਪੂਰਾ ਕਰਨ ਦੇ ਨਿਰਦੇਸ਼ ਦਿੱਤੇ ਗਏ । ਨਿਰੀਖਣ ਦੌਰਾਨ ਨਿਗਰਾਨ ਇੰਜੀਨੀਅਰ ਪ੍ਰਵੀਨ ਸਿੰਗਲਾ, ਕਾਰਜਕਾਰੀ ਇੰਜੀਨੀਅਰ ਨਰਾਇਣ ਦਾਸ, ਸੀ.ਐਸ.ਓ ਅਸ਼ਵਨੀ ਸਹੋਤਾ, ਠੇਕੇਦਾਰ ਸਮੇਤ ਹੋਰ ਅਧਿਕਾਰੀ ਮੌਜੂਦ ਸਨ। ਇੱਥੇ ਇਹ ਦੱਸਣਾ ਉਚਿਤ ਹੈ ਕਿ ਭਗਵਾਨ ਵਾਲਮੀਕਿ ਭਵਨ ਦੀ ਸਥਾਪਨਾ ਪਹਿਲਾਂ ਗ੍ਰੇਟਰ ਲੁਧਿਆਣਾ ਏਰੀਆ ਡਿਵੈਲਪਮੈਂਟ ਅਥਾਰਟੀ (ਗਲਾਡਾ) ਦੁਆਰਾ ਕੀਤੀ ਗਈ ਸੀ। ਨਗਰ ਨਿਗਮ ਹੁਣ ਇਮਾਰਤ ਨੂੰ ਨਵਾਂ ਰੂਪ ਦੇਣ ਲਈ ਵੱਡੇ ਪੱਧਰ ਤੇ ਮੁਰੰਮਤ ਦਾ ਕੰਮ ਕਰ ਰਿਹਾ ਹੈ। ਨਗਰ ਨਿਗਮ ਕਮਿਸ਼ਨਰ ਆਦਿਤਿਆ ਡੇਚਲਵਾਲ ਨੇ ਕਿਹਾ ਕਿ ਉਹ ਵਿਕਾਸ ਪ੍ਰੋਜੈਕਟਾਂ ਦੀ ਨਿਯਮਤ ਤੌਰ ਤੇ ਨਿਗਰਾਨੀ ਕਰ ਰਹੇ ਹਨ ਅਤੇ ਨਿਰਧਾਰਤ ਸਮੇਂ ਦੇ ਅੰਦਰ ਪ੍ਰੋਜੈਕਟਾਂ ਨੂੰ ਪੂਰਾ ਕਰਨ ਲਈ ਜ਼ਰੂਰੀ ਨਿਰਦੇਸ਼ ਜਾਰੀ ਕੀਤੇ ਗਏ ਹਨ। ਸਬੰਧਤ ਅਧਿਕਾਰੀਆਂ ਨੂੰ ਇਹ ਵੀ ਨਿਰਦੇਸ਼ ਦਿੱਤੇ ਗਏ ਹਨ ਕਿ ਕੰਮ ਦੀ ਗੁਣਵੱਤਾ ਨਾਲ ਕੋਈ ਸਮਝੌਤਾ ਨਾ ਹੋਵੇ।



