
ਫਿਰੋਜ਼ਪੁਰ 11 ਫਰਵਰੀ (ਬਾਲ ਕਿਸ਼ਨ)- ਫਿਰੋਜ਼ਪੁਰ ਵਿਖੇ ਨਾਜਾਇਜ਼ ਸਬੰਧ ਦੇ ਸ਼ੱਕ ਵਿਚ ਇਕ ਵਿਅਕਤੀ ਦੀ ਕੁੱਟਮਾਰ ਕਰਕੇ ਹਵਾਈ ਫਾਇਰ ਕਰਨ ਦੇ ਦੋਸ਼ ਵਿਚ ਥਾਣਾ ਸਦਰ ਫਿਰੋਜ਼ਪੁਰ ਪੁਲਿਸ ਨੇ 2 ਬਾਏ ਨੇਮ ਵਿਅਕਤੀਆਂ ਅਤੇ 4 ਅਣਪਛਾਤੇ ਵਿਅਕਤੀਆਂ ਖਿਲਾਫ 125, 115 (2), 191 (3), 190 ਬੀਐੱਨਐੱਸ ਅਤੇ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਲਾਡੀ ਸੰਧੂ ਪੁੱਤਰ ਉਡੀਕ ਉਰਫ ਹੀਰਾ ਲਾਲ ਵਾਸੀ ਗੁੱਜਰਾਂ ਵਾਲੀ ਗਲੀ ਮਖੂ ਗੇਟ ਸਿਟੀ ਫਿਰੋਜ਼ਪੁਰ ਨੇ ਦੱਸਿਆ ਕਿ ਉਹ ਜੋ ਸੰਜੀਵ ਪੁੱਤਰ ਰਤਨ ਲਾਲ ਵਾਸੀ ਬਗਦਾਦੀ ਗੇਟ ਸਿਟੀ ਫਿਰੋਜ਼ਪੁਰ ਦੇ ਪਿੰਡ ਬਹਾਦਰ ਵਾਲਾ ਦੇ ਇੱਟਾਂ ਵਾਲੇ ਭੱਠੇ ’ਤੇ ਕੱਚੀਆਂ ਇੱਟਾਂ ਰੋਹੜੇ ਤੇ ਭਰਨ ਦਾ ਕੰਮ ਪਿਛਲੇ 8 ਸਾਲਾਂ ਤੋਂ ਕਰਦਾ ਹੈ। ਮਿਤੀ 10 ਫਰਵਰੀ 2025 ਨੂੰ ਵਕਤ ਕਰੀਬ 10 ਵਜੇ ਦਿਨ ਉਹ ਆਪਣੇ ਰੇਹੜੇ ’ਤੇ ਇੱਟਾਂ ਭਰਨ ਲਈ ਭੱਠੇ ਦੇ ਦਫਤਰ ਖਾਸ ਖਾਲੀ ਰੇਹੜੇ ਲੈ ਕੇ ਜਾ ਰਿਹਾ ਸੀ ਤਾਂ ਦੋਸ਼ੀਅਨ ਕੁਲਦੀਪ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਪਿੰਡ ਝੋਕ ਹਰੀਹਰ, ਦੇਬੂ ਪੁੱਤਰ ਮਹਿੰਦਰ ਸਿੰਘ ਵਾਸੀ ਪਿੰਡ ਖਲਚੀਆਂ ਕਦੀਮ ਅਤੇ 4 ਅਣਪਛਾਤੇ ਵਿਅਕਤੀ ਜੋ ਬੁਲਟ ਅਤੇ ਪਲਟੀਨਾ ਮੋਟਰਸਾਈਕਲਾਂ ’ਤੇ ਸਵਾਰ ਹੋ ਕੇ ਆਏ, ਜਿਨ੍ਹਾਂ ਪਾਸ ਡਾਂਗਾ ਸੌਅੇ ਸਨ ਨੇ ਉਸ ਦੀ ਕੁੱਟਮਾਰ ਕੀਤੀ। ਭੱਠੇ ਦੇ ਲੇਬਰ ਨੇ ਇਨ੍ਹਾਂ ਨੂੰ ਰੋਕਿਆ ਤੇ ਦੋਸ਼ੀ ਦੇਬੂ ਪੁੱਤਰ ਪੂਰਨ ਨੂੰ ਕਾਬੂ ਕਰ ਲਿਆ ਇਨ੍ਹਾਂ ਵਿਚੋਂ ਇਕ ਅਣਪਛਾਤੇ ਲੜਕੇ ਨੇ ਦਸਤੀ ਪਿਸਤੌਲ ਕੱਢ ਕੇ ਦੋ ਹਵਾਈ ਫਾਇਰ ਕੀਤੇ ਤਾਂ ਲੇਬਰ ਨੇ ਡਰਦਿਆਂ ਦੋਸ਼ੀ ਦੇਬੂ ਨੂੰ ਛੱਡ ਦਿੱਤਾ। ਲਾਡੀ ਸੰਧੂ ਨੇ ਦੱਸਿਆ ਕਿ ਉਸ ਵੱਲੋਂ ਰੌਲਾ ਪਾਉਣ ਤੇ ਦੋਸ਼ੀਅਨ ਮੌਤੇ ਤੋਂ ਆਪਣੇ ਮੋਟਰਸਾਈਕਲ ਛੱਡ ਕੇ ਫਰਾਰ ਹੋ ਗਏ। ਵਜ਼ਾ ਰੰਜ਼ਿਸ਼ ਇਹ ਹੈ ਕਿ ਦੋਸ਼ੀ ਕੁਲਦੀਪ ਸਿੰਘ ਨੂੰ ਸ਼ੱਕ ਹੈ ਕਿ ਮੁੱਦਈ ਲਾਡੀ ਸੰਧੂ ਦੇ ਉਸ ਦੀ ਪਤਨੀ ਸੋਨੂੰ ਨਾਲ ਨਾਜਾਇਜ਼ ਸਬੰਧ ਹਨ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਸੁਰਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਉਕਤ ਦੋਸ਼ੀਅਨ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।



