
ਐੱਸਏਐੱਸ ਨਗਰ, 10 ਜੂਨ : ਮੁਹਾਲੀ ਪੁਲਿਸ ਵੱਲੋਂ ਮਾੜੇ ਅਨਸਰਾਂ ਵਿਰੁੱਧ ਚਲਾਈ ਮੁਹਿੰਮ ਦੌਰਾਨ ਵੱਡੀ ਸਫ਼ਲਤਾ ਹਾਸਲ ਕੀਤੀ ਗਈ ਹੈ। ਸੀਆਈਏ ਸਟਾਫ਼ ਦੀ ਟੀਮ ਨੇ ਇਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਉਸ ਕੋਲੋਂ ਇਕ ਨਾਜਾਇਜ਼ ਹਥਿਆਰ ਪਿਸਟਲ ਪੁਆਇੰਟ 32 ਬੋਰ ਸਮੇਤ 03 ਜ਼ਿੰਦਾ ਰੌਂਦ ਬਰਾਮਦ ਕੀਤੇ ਹਨ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਇੰਸਪੈਕਟਰ ਹਰਮਿੰਦਰ ਸਿੰਘ ਨੇ ਦੱਸਿਆ ਕਿ ਸੀਆਈਏ ਸਟਾਫ਼ ਦੇ ਏਐੱਸਆਈ ਗੁਰਦੀਪ ਸਿੰਘ ਨੂੰ ਸੂਚਨਾ ਮਿਲੀ ਕਿ ਹਰੀਸ਼ ਵਰਮਾ ਉਰਫ਼ ਬੱਬੂ ਪੁੱਤਰ ਸੁਰੇਸ਼ ਕੁਮਾਰ ਵਾਸੀ ਪਿੰਡ ਝੰਜੇੜੀ, ਜ਼ਿਲ੍ਹਾ ਐੱਸਏਐੱਸ ਨਗਰ, ਜਿਸ ਵਿਰੁੱਧ ਪਹਿਲਾਂ ਵੀ ਲੜਾਈ-ਝਗੜੇ ਦਾ ਮੁਕੱਦਮਾ ਦਰਜ ਹੈ। ਉਸ ਕੋਲ ਨਾਜਾਇਜ਼ ਹਥਿਆਰ ਰੱਖਿਆ ਹੋਇਆ ਹੈ। ਇਸਦੇ ਨਾਲ ਹੀ ਹਰੀਸ਼ ਵਰਮਾ ਦੇ ਹੋਰ ਸਾਥੀਆਂ ਪਾਸ ਵੀ ਨਾਜਾਇਜ਼ ਹਥਿਆਰ ਹਨ। ਇਸ ਤੋਂ ਬਾਅਦ ਮੁਲਜ਼ਮ ਨੂੰ ਉਸਦੀ ਦੁਕਾਨ ਵਰਮਾ ਜਿਊਲਰਜ਼, ਪਿੰਡ ਝੰਜੇੜੀ ਤੋਂ ਕਾਬੂ ਕਰਕੇ ਇਕ ਪਿਸਟਲ ਪੁਆਇੰਟ 32 ਬੋਰ ਸਮੇਤ 03 ਜ਼ਿੰਦਾ ਰੌਂਦ ਪੁਆਇੰਟ 32 ਬੋਰ ਬਰਾਮਦ ਕੀਤੇ ਗਏ। ਹਰੀਸ਼ ਵਰਮਾ ਉਕਤ ਵਿਰੁੱਧ ਮੁਕੱਦਮਾ ਨੰ: 181 ਮਿਤੀ 06 ਜੂਨ 2025 ਅਧੀਨ ਧਾਰਾ 25-54-59 ਅਸਲਾ ਐਕਟ ਥਾਣਾ ਸਦਰ ਖਰੜ ਵਿਖੇ ਦਰਜ ਰਜਿਸਟਰ ਕੀਤਾ ਗਿਆ। ਮੁਲਜ਼ਮ ਵਿਰੁੱਧ ਪਹਿਲਾਂ ਵੀ ਮੁਕੱਦਮਾ ਨੰ: 225 ਮਿਤੀ 30 ਅਗਸਤ 2024 ਅਧੀਨ ਧਾਰਾ 115(2), 118(1), 126(2), 109, 324(4), 351(2), 191(3), 190, 326 ਬੀਐੱਨਐੱਸ ਅਤੇ 25-54-59 ਅਸਲਾ ਐਕਟ ਤਹਿਤ ਥਾਣਾ ਸਦਰ ਖਰੜ ਵਿਖੇ ਦਰਜ ਰਜਿਸਟਰ ਹੈ। ਉਸ ਪਾਸੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਮੁਕੱਦਮੇ ਦੀ ਤਫ਼ਤੀਸ਼ ਜਾਰੀ ਹੈ। ਇਸ ਮੁਕੱਦਮੇ ਵਿੱਚ ਹੋਰ ਨਾਜਾਇਜ਼ ਅਸਲਾ ਬਰਾਮਦ ਹੋਣ ਦੀ ਸੰਭਾਵਨਾ ਹੈ।



