
ਫਾਜਿਲਕਾ, 12 ਮਈ- ਫਾਜ਼ਿਲਕਾ ਪੁਲਿਸ ਵਲੋਂ ਵੱਲੋਂ ਨਾਕਾਬੰਦੀ ਦੌਰਾਨ 03 ਨਸ਼ਾ ਤਸਕਰਾਂ ਨੂੰ ਕਾਬੂ ਕਰਕੇ 60,000 ਨਸ਼ੀਲੀਆਂ ਗੋਲੀਆਂ ਬ੍ਰਾਮਦ ਕੀਤੀਆਂ। ਜਾਣਕਾਰੀ ਦਿੰਦਿਆਂ ਇੰਸਪੈਕਟਰ ਸੁਨੀਲ ਕੁਮਾਰ ਇੰਚਾਰਜ ਸੀ.ਆਈ.ਏ ਫਾਜਿਲਕਾ-2 ਨੇ ਦੱਸਿਆ ਕਿ ਐਸਐਸਪੀ ਵਰਿੰਦਰ ਸਿੰਘ ਬਰਾੜ ਦੀ ਅਗਵਾਈ ਹੇਠ ਫਾਜਿਲਕਾ ਪੁਲਿਸ ਵੱਲੋਂ ਹਰੇਕ ਤਰਾਂ ਦੇ ਨਸ਼ਿਆਂ ਖਿਲਾਫ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਮੁਹਿੰਮ ਦੇ ਤਹਿਤ ਐਸ.ਆਈ. ਅਮਰੀਕ ਸਿੰਘ ਵੱਲੋਂ ਨਾਕਾਬੰਦੀ ਦੌਰਾਨ ਤਿੰਨ ਨਸ਼ਾ ਤਸਕਰਾਂ ਨੂੰ ਕਾਰ ਸਮੇਤ ਕਾਬੂ ਕਰਕੇ ਉਹਨਾਂ ਪਾਸੋਂ 60,000 ਨਸ਼ੀਲੀਆਂ ਗੋਲੀਆਂ ਬ੍ਬ੍ਰਾਮਦ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਗਈ ਹੈ।ਪੁਲਿਸ ਪਾਰਟੀ ਸਣੇ ਜਲਾਲਾਬਾਦ-ਸ੍ਰੀ ਮੁਕਤਸਰ ਰੋਡ ਤੇ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਲੱਧੂ ਵਾਲਾ ਉਤਾੜ ਨੇੜੇ ਨਾਕਾਬੰਦੀ ਕੀਤੀ ਹੋਈ ਸੀ ਤਾਂ ਸ੍ਰੀ ਮੁਕਤਸਰ ਸਾਹਿਬ ਵਾਲੀ ਸਾਈਡ ਤੋਂ ਇੱਕ ਆਲਟੋ ਕਾਰ ਨੰਬਰੀ DL-2AF-7049 ਆਈ, ਜਿਸ ਵਿੱਚ ਤਿੰਨ ਵਿਅਕਤੀ ਸਵਾਰ ਸਨ। ਪੁਲਿਸ ਪਾਰਟੀ ਨੇ ਕਾਰ ਨੂੰ ਚੈਕਿੰਗ ਲਈ ਰੋਕਿਆ ਤਾਂ ਕਾਰ ਵਿੱਚ ਕੋਈ ਨਸ਼ੀਲੀ ਚੀਜ ਹੋਣ ਦਾ ਸ਼ੱਕ ਜਾਹਰ ਹੋਣ ਤੇ ਉਪ ਕਪਤਾਨ ਪੁਲਿਸ ਸਬ ਡਵੀਜਨ ਜਲਾਲਾਬਾਦ ਦੀ ਹਾਜਰੀ ਵਿੱਚ ਕਾਰ ਦੀ ਤਲਾਸ਼ੀ ਕੀਤੀ ਤਾਂ ਇਸਦੀ ਪਿਛਲੀ ਸੀਟ ਤੇ ਗੱਤੇ ਦੇ ਡੱਬਿਆਂ ਵਿੱਚੋਂ 60,000 ਨਸ਼ੀਲੀਆਂ ਗੋਲੀਆਂ ਅਤੇ ਕਾਰ ਚਾਲਕਾਂ ਨੂੰ ਕਾਰ ਸਮੇਤ ਕਾਬੂ ਕੀਤਾ ਗਿਆ। ਜਿਹਨਾਂ ਦੀ ਪਹਿਚਾਣ ਪ੍ਰਿੰਸ ਕੁਮਾਰ ਪੁੱਤਰ ਖਾਨ ਸਿੰਘ ਵਾਸੀ ਮੋਹਕਮ ਅਰਾਈਆਂ ਥਾਣਾ ਸਦਰ ਜਲਾਲਬਾਦ, ਸੰਦੀਪ ਕੁਮਾਰ ਉਰਫ ਸੰਜੂ ਪੁੱਤਰ ਸਤਪਾਲ ਸਿੰਘ ਵਾਸੀ ਕਮਰੇਵਾਲਾ ਥਾਣਾ ਸਿਟੀ ਜਲਾਲਬਾਦ ਅਤੇ ਜਸ਼ਨਪ੍ਰੀਤ ਸਿੰਘ ਉਰਫ ਜਸ਼ਨ ਪੁੱਤਰ ਭੋਲਾ ਸਿੰਘ ਵਾਸੀ ਕਮਰੇਵਾਲਾ ਥਾਣਾ ਸਿਟੀ ਜਲਾਲਾਬਾਦ ਵਜੋਂ ਹੋਈ। ਜਿਹਨਾਂ ਦੇ ਖਿਲਾਫ ਮੁਕੱਦਮਾ ਨੰਬਰ 52 ਮਿਤੀ 11-05-2025 ਜੁਰਮ 22-ਸੀ,29/61/85 ਐਨ.ਡੀ.ਪੀ.ਐਸ ਐਕਟ ਥਾਣਾ ਵੈਰੋਕਾ ਦਰਜ ਰਜਿਸਟਰ ਕੀਤਾ ਗਿਆ ਹੈ। ਗ੍ਰਿਫਤਾਰ ਕੀਤੇ ਗਏ ਨਸ਼ਾ ਤਸਕਰਾਂ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਉਹਨਾਂ ਦੇ ਬੈਕਵਰਡ ਤੇ ਫਾਰਵਰਡ ਲਿੰਕਾਂ ਬਾਰੇ ਜਾਂਚ ਕੀਤੀ ਜਾ ਰਹੀ ਹੈ। ਮੁਕੱਦਮਾ ਦੀ ਤਫਤੀਸ਼ ਜਾਰੀ ਹੈ।



