
ਜਲੰਧਰ, 22 ਅਗਸਤ : ਅੱਜ ਹਾਸਿਆਂ ਦਾ ਬਾਦਸ਼ਾਹ ਖਾਮੋਸ਼ ਹੋ ਗਿਆ। ਛਣਕਾਟਿਆਂ ਦੀ ਬਹਾਰ ਲਾਉਣ ਵਾਲਾ, ਕੋਕੇ ਜੜਨ ਵਾਲਾ ਹਰਦਿਲ ਆਜ਼ੀਜ਼, ਪੰਜਾਬੀ ਸਿਨੇਮਾ ਦੀ ਧੜਕਣ ਡਾ. ਜਸਵਿੰਦਰ ਸਿੰਘ ਭੱਲਾ ਅੱਜ ਇਸ ਫਾਨੀ ਦੁਨੀਆ ਨੂੰ ਅਲਵਿਦ ਕਹਿ ਗਏ ਹਨ। ਉਨ੍ਹਾਂ ਨੂੰ ਚਾਹੁਣ ਵਾਲਿਆਂ ਦੀਆਂ ਤਾਂ ਅੱਖਾਂ ਨਮ ਹਨ ਪਰ ਸਦਾ ਹਾਸੇ ਵੰਡਣ ਵਾਲਾ ਚਾਚਾ ਚਤਰਾ ਅੱਜ ਹਰ ਪਾਸੇ ਦੁੱਖ, ਉਦਾਸੀ ਤੇ ਹਰ ਇਕ ਪੰਜਾਬੀ ਨੂੰ ਪਿਆਰ ਕਰਨ ਵਾਲੇ ਨੂੰ ਗਮਗੀਨ ਕਰ ਗਿਆ ਹੈ। ਡਾ. ਜਸਵਿੰਦਰ ਭੱਲਾ ਆਪਣੀ ਕਾਮੇਡੀ ਸਦਕਾ ਪ੍ਰਸਿੱਧ ਹੋਏ। ਫਿਲਮੀ ਪਰਦੇ ਦੀ ਸ਼ਾਨ ਬਣ ਚੁੱਕੇ ਜਸਵਿੰਦਰ ਭੱਲਾ ਨੂੰ ਇਸ ਮੁਕਾਮ ‘ਤੇ ਪਹੁੰਚਣ ਲਈ ਕਾਫੀ ਲੰਬਾ ਸੰਘਰਸ਼ ਵੀ ਕਰਨਾ ਪਿਆ। ਗਾਇਕੀ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਜਸਵਿੰਦਰ ਭੱਲਾ ਨੂੰ ਸਫਲਤਾ ਅਤੇ ਪਛਾਣ ਇਕ ਕਾਮੇਡੀਅਨ ਤੇ ਅਦਾਕਾਰ ਵਜੋਂ ਜ਼ਿਆਦਾ ਮਿਲੀ। ਅੱਜ ਵੀ ਜਦੋਂ ਸੱਥਾਂ ਅੰਦਰ ਉਸ ਦੇ ਮਸ਼ਹੂਰ ਹੋਏ ਛਣਕਾਟਿਆਂ ਦੀ ਛਣਕਾਰ ਦੀਆਂ ਗੱਲਾਂ ਹੁੰਦੀਆਂ ਹਨ ਤਾਂ ਚਾਚੇ ਚਤਰੇ ਦੀਆਂ ਸ਼ੁਰਲੀਆਂ ਅਤੇ ਯਾ..ਯਾ.. ਵਾਲੇ ਐੱਨਆਰਆਈ ਭਾਨੇ ਦੀਆਂ ਜੱਬਲੀਆਂ ਦੇ ਨਾਲ ਸਾਥੀ ਕਲਾਕਾਰਾਂ ਦੀ ਤਿੱਕੜੀ ਦੇ ਸੁਮੇਲ ਦੀ ਚਰਚਾ ਵੀ ਜ਼ਰੂਰ ਹੁੰਦੀ ਹੈ। ਇਸ ਤਿੱਕੜੀ ‘ਚ ਜਸਵਿੰਦਰ ਭੱਲਾ, ਭਤੀਜ ਬਾਲ ਮੁਕੰਦ ਸ਼ਰਮਾ ਤੇ ਮੈਡਮ ਨੀਲੂ ਆਉਂਦੇ ਹਨ। ਇਨ੍ਹਾਂ ਤਿੰਨਾਂ ਨੇ ਲੰਮਾ ਸਮਾਂ ‘ਛਣਕਾਟਾ’ ਟਾਈਟਲ ਹੇਠ ਆਈਆਂ ਐਲਬਮਜ਼ ‘ਚ ਆਪਣੀ ਕਲਾ ਦਾ ਖ਼ੂਬ ਪ੍ਰਦਰਸ਼ਨ ਕੀਤਾ ਤੇ ਸਰੋਤਿਆਂ ਨੇ ਵੀ ਇਨ੍ਹਾਂ ਦੀ ਕਲਾ ਨੂੰ ਰੱਜਵਾਂ ਪਿਆਰ ਦਿੱਤਾ ਹੈ।
ਜਨਮ ਅਤੇ ਪੜ੍ਹਾਈ
ਜਸਵਿੰਦਰ ਭੱਲਾ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਰੱਕਬਾ ਵਿਖੇ ਪਿਤਾ ਬਹਾਦਰ ਸਿੰਘ ਭੱਲਾ ਅਤੇ ਮਾਤਾ ਸਤਵੰਤ ਕੌਰ ਦੇ ਘਰ ਦਾ ਜਨਮ 4 ਮਈ 1960 ਨੂੰ ਪੈਦਾ ਹੋਏ। ਉਸ ਦੇ ਪਿਤਾ ਸਿੱਖਿਆ ਵਿਭਾਗ ‘ਚ ਅਫਸਰ ਸਨ। ਸਕੂਲ ਦੌਰਾਨ ਹੀ ਜਸਵਿੰਦਰ ਨੇ ਗਾਉਣਾ ਸ਼ੁਰੂ ਕਰ ਦਿੱਤਾ ਸੀ। ਉਹ ਆਪਣੇ ਗੀਤਾਂ ਨਾਲ ਸਕੂਲ ਦੇ ਹਰ ਸਮਾਗਮ ਵਿਚ ਹਾਜ਼ਰੀ ਲਗਵਾ ਕੇ ਸਕੂਲ ਅਧਿਆਪਕਾਂ ਤੋਂ ਸ਼ਾਬਾਸ਼ ਦੇ ਨਾਲ-ਨਾਲ ਕਈ ਇਨਾਮ ਵੀ ਪ੍ਰਾਪਤ ਕਰਦਾ। ਉਨ੍ਹਾਂਂ ਆਪਣੀ ਮੁੱਢਲੀ ਪੜ੍ਹਾਈ ਦੋਰਾਹਾ ਤੋਂ ਹਾਸਲ ਕੀਤੀ। ਨੌਵੀਂ ਜਮਾਤ ‘ਚ ਪੜ੍ਹਦਿਆਂ ਹੀ 1975 ਦੇ ਕਰੀਬ ਭੱਲਾ ਦਾ ਪਹਿਲਾ ਗੀਤ ਆਲ ਇੰਡੀਆ ਰੇਡੀਓ ਸਰੋਤਿਆਂ ਤਕ ਪਹੁੰਚਾਇਆ। ਉਨ੍ਹਾਂ ਬੀਐੱਸਸੀ ਅਤੇ ਐੱਮਐੱਸਸੀ ਦੀ ਡਿਗਰੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਤੋਂ ਪ੍ਰਾਪਤ ਕੀਤੀ। ਫਿਰ ਪੀਐੱਚਡੀ ਕਰ ਕੇ ਇਸੇ ਯੂਨੀਵਰਸਿਟੀ ‘ਚ ਹੀ ਬਤੌਰ ਪ੍ਰੋਫੈਸਰ ਸੇਵਾ ਵੀ ਨਿਭਾਈ।



