
ਲੁਧਿਆਣਾ, 17 ਅਗਸਤ : ਲੁਧਿਆਣਾ ਸਥਾਨਕ ਸਰਪੰਚ ਕਾਲੋਨੀ ਜਮਾਲਪੁਰ ਰਹਿਣ ਵਾਲੇ ਸੁਖਰਾਜ ਸਿੰਘ ਨਾਮਦੇਵ ਵਿਅਕਤੀ ਨੂੰ ਉਸ ਦੀ ਪਤਨੀ ਬਾਥਰੂਮ ’ਚ ਬੰਦ ਕਰ ਕੇ ਫਰਾਰ ਹੋ ਗਈ। ਜਾਣ ਲੱਗੇ ਉਸ ਦੀ ਪਤਨੀ ਘਰ ’ਚੋਂ ਗਹਿਣੇ ਤੇ ਉਸ ਦਾ ਮੋਬਾਈਲ ਫੋਨ ਵੀ ਲੈ ਗਈ। ਇਸ ਮਾਮਲੇ ਦੀ ਜਾਣਕਾਰੀ ਮਿਲਣ ਮਗਰੋਂ ਥਾਣਾ ਜਮਾਲਪੁਰ ਪੁਲਿਸ ਨੇ ਸੁਖਰਾਜ ਸਿੰਘ ਦੇ ਬਿਆਨ ’ਤੇ ਉਸ ਦੀ ਪਤਨੀ ਅਮਨਦੀਪ ਕੌਰ ਖਿਲਾਫ਼ ਪਰਚਾ ਦਰਜ ਕਰ ਕੇ ਅਗਲੇਰੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਸੁਖਰਾਜ ਸਿੰਘ ਮੁਤਾਬਕ ਉਸ ਦਾ ਵਿਆਹ ਮਈ ਮਹੀਨੇ ’ਚ ਅਮਨਦੀਪ ਕੌਰ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਘਰ ’ਚ ਸਭ ਕੁੱਝ ਠੀਕ-ਠਾਕ ਚੱਲ ਰਿਹਾ ਸੀ। 11 ਜੂਨ ਨੂੰ ਉਹ ਆਪਣੇ ਘਰ ਦੇ ਬਾਥਰੂਮ ’ਚ ਨਹਾਉਣ ਲਈ ਗਿਆ ਤਾਂ ਉਸ ਦੀ ਪਤਨੀ ਨੇ ਬਾਹਰੋਂ ਬਾਥਰੂਮ ਦੇ ਦਰਵਾਜ਼ੇ ਨੂੰ ਕੁੰਡੀ ਲਾ ਦਿੱਤੀ। ਇਸ ਤੋਂ ਬਾਅਦ ਉਸ ਦੀ ਪਤਨੀ ਨੇ ਘਰ ’ਚ ਪਈ ਸੋਨੇ ਦੇ ਮੁੰਦਰੀ, ਸੋਨੇ ਦੇ ਇਕ ਜੋੜਾ ਟੌਪਸ ਤੇ ਮੋਬਾਈਲ ਫੋਨ ਚੁੱਕਿਆ ਤੇ ਘਰੋਂ ਫਰਾਰ ਹੋ ਗਈ। ਨਹਾਉਣ ਮਗਰੋਂ ਜਦ ਸੁਖਰਾਜ ਨੇ ਦਰਵਾਜ਼ ਖੋਲਣ ਦੀ ਕੋਸ਼ਿਸ਼ ਕੀਤੀ ਤਾਂ ਪਤਾ ਲੱਗਾ ਕਿ ਦਰਵਾਜ਼ੇ ਨੂੰ ਬਾਹਰ ਤੋਂ ਕੁੰਡੀ ਲੱਗੀ ਹੋਈ ਸੀ। ਉਸ ਨੇ ਰੌਲਾ ਪਾ ਕੇ ਕਿਸੇ ਨੂੰ ਸੱਦਿਆ ਤੇ ਬਾਥਰੂਮ ਦੀ ਕੁੰਡੀ ਖੁੱਲ੍ਹਵਾਈ, ਜਦੋਂ ਬਾਹਰ ਆ ਕੇ ਉਸ ਨੇ ਪਤਨੀ ਦੀ ਭਾਲ ਕੀਤੀ ਤਾਂ ਪਤਾ ਲੱਗਾ ਕਿ ਉਸ ਦੀ ਪਤਨੀ ਅਮਨਦੀਪ ਕੌਰ ਘਰੋਂ ਸੋਨੇ ਦੇ ਗਹਿਣੇ ਅਤੇ ਮੋਬਾਈਲ ਫੋਨ ਲੈ ਕੇ ਕਿੱਧਰੇ ਚਲੀ ਗਈ ਸੀ। ਉਸ ਨੇ ਆਪਣੀ ਪਤਨੀ ਦੇ ਪੇਕੇ ਪਰਿਵਾਰ ਵਾਲਿਆਂ ਨੂੰ ਸੂਚਿਤ ਕੀਤਾ ਤੇ ਆਪਣੇ ਪੱਧਰ ’ਤੇ ਭਾਲ ਕਰਨੀ ਸ਼ੁਰੂ ਕੀਤੀ ਤਾਂ ਪਤਾ ਲੱਗਾ ਕਿ ਉਸ ਦੀ ਪਤਨੀ ਦੇ ਕਿਸੇ ਨਿਖਿਲ ਨਾਂ ਦੇ ਵਿਅਕਤੀ ਨਾਲ ਕਰੀਬੀ ਸਬੰਧ ਸਨ ਤੇ ਉਸ ਦੀ ਪਤਨੀ ਉਸ ਨਾਲ ਅੰਮ੍ਰਿਤਸਰ ਦੇ ਪਿੰਡ ਛੇਹਰਟਾ ’ਚ ਰਹਿ ਰਹੀ ਹੈ। ਉਨ੍ਹਾਂ ਉਕਤ ਮਾਮਲੇ ਦੀ ਸ਼ਿਕਾਇਤ ਪੁਲਿਸ ਦੇ ਉੱਚ ਅਧਿਕਾਰੀਆਂ ਕੋਲ ਦਰਜ ਕਰਵਾ ਦਿੱਤੀ।



