
ਬਾਲ ਕਿਸ਼ਨ
ਫ਼ਿਰੋਜ਼ਪੁਰ, 8 ਅਗਸਤ : ਪੰਜਾਬ ਸਰਕਾਰ ਨਸ਼ਿਆਂ ਖ਼ਿਲਾਫ਼ ਜੰਗ ਦੇ ਦਾਅਵੇ ਕਰਦੀ ਹੈ, ਪਰ ਜ਼ਮੀਨੀ ਹਕੀਕਤ ਇਹ ਹੈ ਕਿ ਨਸ਼ਾ ਮਾਫੀਆ ਬੇਖੌਫ਼ ਹੋਕੇ ਕਾਰੋਬਾਰ ਕਰ ਰਿਹਾ ਹੈ। ਇਸ ਦੀ ਇਕ ਮਿਸਾਲ ਜ਼ੀਰਾ ਨੇੜਲੇ ਪਿੰਡ ਚੱਬਾ ਵਿਚ ਸਾਹਮਣੇ ਆਈ, ਜਿੱਥੇ 25 ਸਾਲ ਦੇ ਨੌਜਵਾਨ ਗੋਬਿੰਦ ਸਿੰਘ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ। ਉਸਦੇ ਵੱਡੇ ਭਰਾ ਅਵਤਾਰ ਸਿੰਘ ਦੇ ਅਨੁਸਾਰ, ਗੋਬਿੰਦ ਪਿਛਲੇ ਕਈ ਸਾਲਾਂ ਤੋਂ ਨਸ਼ਿਆਂ ਦਾ ਆਦੀ ਸੀ, ਅਤੇ ਪਿੰਡ ਵਿਚ ਖੁੱਲ੍ਹੇਆਮ ਨਸ਼ਾ ਵਿਕ ਰਿਹਾ ਹੈ। ਅਵਤਾਰ ਸਿੰਘ ਨੇ ਦੋਸ਼ ਲਗਾਉਂਦਿਆਂ ਕਿਹਾ ਕਿ ਕਿ ਪੁਲਿਸ ਨਸ਼ਾ ਵਿਕਣ ਵਾਲਿਆਂ ਨੂੰ ਫੜ ਕੇ ਛੱਡ ਦਿੰਦੀ ਹੈ, ਜਿਸ ਕਾਰਨ ਇਹ ਸਮੱਸਿਆ ਲਗਾਤਾਰ ਵਧ ਰਹੀ ਹੈ। ਇੱਥੇ ਜ਼ਿਕਰਯੋਗ ਹੈ ਕਿ ਚਾਰ ਸਾਲ ਪਹਿਲਾਂ ਗੋਬਿੰਦ ਦੇ ਚਾਚਾ ਸੁਖਸੈਨ ਸਿੰਘ ਵੀ ਨਸ਼ਿਆਂ ਦੀ ਭੇਟ ਚੜ੍ਹ ਚੁੱਕੇ ਹਨ। ਇਸ ਘਟਨਾ ਨੇ ਸਵਾਲ ਖੜ੍ਹੇ ਕੀਤੇ ਹਨ ਕੀ ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਸਿਰਫ਼ ਦਿਖਾਵਾ ਹੈ? ਜਦੋਂ ਤੱਕ ਨਸ਼ਾ ਮਾਫੀਆ ਨੂੰ ਸਖ਼ਤ ਸਜ਼ਾਵਾਂ ਨਹੀਂ ਦਿੱਤੀਆਂ ਜਾਂਦੀਆਂ ਅਤੇ ਪੁਲਿਸ ਦੀ ਕਥਿਤ ਮਿਲੀਭੁਗਤ ਨੂੰ ਖ਼ਤਮ ਨਹੀਂ ਕੀਤਾ ਜਾਂਦਾ, ਤਦ ਤੱਕ ਗੋਬਿੰਦ ਜਿਹੇ ਨੌਜਵਾਨਾਂ ਦੀ ਜਾਨ ਜਾਂਦੀ ਰਹੇਗੀ। ਸਰਕਾਰ ਨੂੰ ਕੇਵਲ ਦਾਅਵੇਬਾਜ਼ੀ ਛੱਡ ਕੇ ਕਾਰਵਾਈ ਕਰਨੀ ਹੋਵੇਗੀ, ਨਹੀਂ ਤਾਂ ਪੰਜਾਬ ਨਸ਼ਿਆਂ ਦੀ ਅੱਗ ਵਿਚ ਸੜਦਾ ਰਹੇਗਾ।



