
ਬਠਿੰਡਾ, 29 ਨਵੰਬਰ : ਜ਼ਿਲ੍ਹੇ ਅੰਦਰ ਸ਼ੁੱਕਰਵਾਰ ਨੂੰ ਨਸ਼ੇ ਦੀ ਓਵਰਡੋਜ਼ ਨਾਲ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ। ਪਿੰਡ ਝੁੰਬਾ ਵਿਖੇ ਤਿੰਨ ਛੋਟੀਆਂ ਛੋਟੀਆਂ ਧੀਆਂ ਦੇ ਪਿਤਾ ਦੀ ਚਿੱਟੇ ਦਾ ਟੀਕਾ ਲਗਾਉਣ ਕਾਰਨ ਮੌਤ ਹੋ ਗਈ। ਇਸੇ ਤਰ੍ਹਾਂ ਸ਼ੁੱਕਰਵਾਰ ਸਵੇਰੇ ਸਰਕਾਰੀ ਹਾਈ ਸਕੂਲ ਬੰਗੀ ਰੂਘੂ ਨੇੜੇ ਇਕ 24 ਸਾਲਾਂ ਨੌਜਵਾਨ ਬੇਹੋਸ਼ੀ ਦੀ ਹਾਲਤ ਵਿਚ ਮਿਲਿਆ। ਨੌਜਵਾਨ ਦੀ ਬਾਂਹ ’ਚ ਚਿੱਟੇ ਦਾ ਇੰਜੈਕਸ਼ਨ ਲਗਾਇਆ ਹੋਇਆ ਸੀ। ਸਰਿੰਜ ਤੇ ਸੂਈ ਉਸ ਦੀ ਬਾਂਹ ਦੀ ਨਾੜ ’ਚ ਲੱਗੀ ਹੋਈ ਸੀ। ਉਕਤ ਨੌਜਵਾਨ ਦੀ ਚਿੱਟੇ ਦੀ ਓਵਰਡੋਜ਼ ਨਾਲ ਮੌਤ ਹੋ ਚੁੱਕੀ ਸੀ। ਮ੍ਰਿਤਕ ਨੌਜਵਾਨ ਰਾਮਾ ਮੰਡੀ ਨੇੜਲੇ ਇਕ ਪਿੰਡ ਦਾ ਰਹਿਣ ਵਾਲਾ ਸੀ, ਪਰ ਉਸ ਦੇ ਪਰਿਵਾਰਕ ਮੈਂਬਰਾਂ ਨੇ ਬਿਨਾਂ ਪੋਸਟਮਾਰਟਮ ਤੋਂ ਹੀ ਨੌਜਵਾਨ ਦਾ ਸਸਕਾਰ ਕਰ ਦਿੱਤਾ। ਨੌਜਵਾਨ ਨਸ਼ੇ ਦਾ ਆਦੀ ਦੱਸਿਆ ਜਾ ਰਿਹਾ ਹੈ। ਇਸ ਤਰ੍ਹਾਂ ਹੀ ਰਾਮਪੁਰਾ ਸ਼ਹਿਰ ਵਿਚ ਵੀ ਇਕ ਨੌਜਵਾਨ ਦੀ ਚਿੱਟੇ ਦੀ ਓਵਰਡੋਜ਼ ਨਾਲ ਮੌਤ ਹੋ ਗਈ ਹੈ। ਮ੍ਰਿਤਕ ਦੀ ਉਮਰ 22 ਸਾਲ ਦੱਸੀ ਜਾ ਰਹੀ ਹੈ ਅਤੇ ਉਹ ਪਿਛਲੇ ਕੁਝ ਸਮੇਂ ਤੋਂ ਚਿੱਟੇ ਦਾ ਸੇਵਨ ਕਰਦਾ ਆ ਰਿਹਾ ਸੀ। ਰਾਮਪੁਰਾ ਮੰਡੀ ਦੀ ਸਾਧਾਂ ਵਾਲੀ ਗਲੀ ਦੇ ਨੌਜਵਾਨ ਨੇ ਆਪਣੀ ਬਾਂਹ ’ਚ ਚਿੱਟੇ ਦਾ ਇੰਜੈਕਸ਼ਨ ਲਗਾ ਲਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਬਿਨਾਂ ਕੋਈ ਕਾਰਵਾਈ ਕਰਵਾਏ ਨੌਜਵਾਨ ਦਾ ਸਸਕਾਰ ਕਰ ਦਿੱਤਾ। ਦੋਵਾਂ ਮਾਮਲਿਆਂ ਵਿਚ ਪੁਲਿਸ ਜਾਂਚ ਕਰ ਰਹੀ। ਪਿੰਡ ਝੁੰਬਾ ’ਚ ਮਜ਼ਦੂਰੀ ਕਰਨ ਵਾਲੇ ਨੌਜਵਾਨ ਵਕੀਲ ਸਿੰਘ ਉਰਫ਼ ਕਾਲਾ (23) ਨੇ ਵੀਰਵਾਰ ਦੀ ਰਾਤ ਘਰ ’ਚ ਹੀ ਚਿੱਟੇ ਦਾ ਟੀਕਾ ਲਗਾਇਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਉਸ ਦੀ ਨਸ਼ੇ ਦੀ ਆਦਤ ਤੋਂ ਦੁਖੀ ਹੋ ਕੇ ਪਤਨੀ ਪਹਿਲਾਂ ਹੀ ਉਸ ਨੂੰ ਛੱਡ ਕੇ ਚਲੀ ਗਈ ਸੀ। ਉਸ ਦੇ ਪਿਤਾ ਦੀ ਵੀ ਮੌਤ ਹੋ ਚੁੱਕੀ ਹੈ। ਘਰ ’ਚ ਹੁਣ 80 ਸਾਲਾਂ ਦੀ ਦਾਦੀ ਰਹਿ ਗਈ। ਧੀਆਂ ਦਾ ਹੁਣ ਕਿਵੇਂ ਪਾਲਣ–ਪੋਸ਼ਣ ਹੋਵੇਗਾ, ਇਹ ਵੱਡਾ ਸੁਆਲ ਆ ਕੇ ਖੜ੍ਹਾ ਹੋ ਗਿਆ। ਭਾਵੇਂ ਪੰਜਾਬ ਸਰਕਾਰ ਨਸ਼ਿਆਂ ਦੀ ਸਪਲਾਈ ਦਾ ਲੱਕ ਤੋੜਨ ਦਾ ਦਾਅਵਾ ਕਰ ਰਹੀ ਹੈ ਪਰ ਆਏ ਦਿਨ ਨਸ਼ਿਆਂ ਕਾਰਨ ਹੋ ਰਹੀਆਂ ਮੌਤਾਂ ਨੇ ਸਰਕਾਰ ਦੇ ਦਾਅਵਿਆਂ ਦੀ ਪੋਲ ਖੋਲ੍ਹ ਦਿੱਤੀ ਹੈ। ਬਠਿੰਡਾ ਜ਼ਿਲ੍ਹੇ ਅੰਦਰ ਪਿਛਲੇ ਤਿੰਨ ਦਿਨਾਂ ਦੌਰਾਨ ਚਾਰ ਨੌਜਵਾਨ ਨਸ਼ੇ ਦੀ ਓਵਰਡੋਜ਼ ਨਾਲ ਮਰ ਚੁੱਕੇ ਹਨ। 26 ਨਵੰਬਰ ਨੂੰ ਪਿੰਡ ਮੌੜ ਕਲਾਂ ਵਿਚ ਇਕ 22 ਸਾਲਾਂ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ ਸੀ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਨੌਜਵਾਨ ਨਸ਼ਾ ਦੇਣ ਵਾਲੇ ਮੈਡੀਕਲ ਸਟੋਰ ਮਾਲਕ ਦਾ ਨਾਂ ਦੱਸ ਕੇ ਕਾਰਵਾਈ ਲਈ ਧਰਨਾ ਲਗਾ ਦਿੱਤਾ ਸੀ। ਬਾਅਦ ਵਿਚ ਪਰਿਵਾਰਕ ਮੈਂਬਰਾਂ ਦਾ ਮੈਡੀਕਲ ਸਟੋਰ ਮਾਲਕ ਨਾਲ ਸਮਝੌਤਾ ਹੋ ਗਿਆ, ਜਿਸ ਕਾਰਨ ਉਸ ਖ਼ਿਲਾਫ਼ ਪੁਲਿਸ ਕਾਰਵਾਈ ਨਹੀਂ ਹੋ ਸਕੀ। ਸ਼ੁੱਕਰਵਾਰ ਨੂੰ ਰਾਮਪੁਰਾ, ਰਾਮਾ ਮੰਡੀ ਤੇ ਪਿੰਡ ਝੁੰਬਾ ਵਿਚ ਵੀ ਤਿੰਨ ਨੌਜਵਾਨ ਨਸ਼ੇ ਦੀ ਭੇਂਟ ਚੜ੍ਹੇ ਹਨ। ਇਸ ਗੱਲ ਤੋਂ ਜ਼ਿਲ੍ਹੇ ਵਿਚ ਨਸ਼ੇ ਦਾ ਕਿੰਨਾ ਫੈਲਾਅ ਹੋ ਚੁੱਕਾ ਹੈ ਦਾ ਸਹਿਜੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ।
ਕਿਸਾਨ ਆਗੂ ਨੇ ਲਾਏ ਸਰਕਾਰ ’ਤੇ ਦੋਸ਼
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਕਮੇਟੀ ਮੈਂਬਰ ਜਗਸੀਰ ਸਿੰਘ ਝੁੰਬਾ ਨੇ ਕਿਹਾ ਕਿ ਬੇਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੂਬੇ ’ਚੋਂ ਚਿੱਟੇ ਨੂੰ ਖ਼ਤਮ ਕਰਨ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ ਪਰ ਚਿੱਟਾ ਪਿੰਡਾਂ ’ਚ ਪਹਿਲਾ ਦੀ ਤਰ੍ਹਾਂ ਹੀ ਸ਼ਰੇਆਮ ਵਿਕ ਰਿਹਾ ਹੈ। ਉਨ੍ਹਾਂ ਦੇ ਪਿੰਡ ’ਚ ਪਿਛਲੇ ਤਿੰਨ ਸਾਲਾਂ ਦੌਰਾਨ ਚਿੱਟੇ ਦਾ ਨਸ਼ਾ ਕਰ ਕੇ ਮਜ਼ਦੂਰਾਂ ਦੇ ਦੋ ਦਰਜਨ ਦੇ ਕਰੀਬ ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ਪੁਲਿਸ ਅਧਿਕਾਰੀਆਂ ’ਤੇ ਦੋਸ਼ ਲਗਾਇਆ ਕਿ ਪੁਲਿਸ ਨੂੰ ਸਭ ਕੁਝ ਪਤਾ ਹੁੰਦਾ ਹੈ ਕਿ ਪਿੰਡਾਂ ’ਚ ਕੌਣ ਚਿੱਟਾ ਵੇਚਦਾ ਹੈ ਪਰ ਫਿਰ ਵੀ ਉਨ੍ਹਾਂ ’ਤੇ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ। ਉਨ੍ਹਾਂ ਕਿਹਾ ਕਿ ਹੁਣ ਤਾਂ ਢਾਈ ਗ੍ਰਾਮ ਚਿੱਟੇ ਦੀ ਪੁਲਿਸ ਉਸੇ ਸਮੇਂ ਜ਼ਮਾਨਤ ਦੇ ਦਿੰਦੀ ਹੈ, ਜਿਸ ਕਾਰਨ ਉਹ ਆ ਕੇ ਫਿਰ ਤੋਂ ਚਿੱਟੇ ਦਾ ਕੰਮ ਸ਼ੁਰੂ ਕਰ ਦਿੰਦੇ ਹਨ।



