ਨਸ਼ੇੜੀਆਂ ਦਾ ਨਵਾਂ ਹਥਿਆਰ : ਹੈਰੋਇਨ ਸੁੰਘਣ ਲਈ ਬਾਲ਼ ਰਹੇ 10 ਤੇ 20 ਦੇ ਨੋਟ; ਕਿੰਨੀ ਖ਼ਤਰਨਾਕ ਹੈ ਸਿੰਥੈਟਿਕ ਡਰੱਗਜ਼ ?

ਜਸਵਿੰਦਰ ਸਿੰਘ ਸੰਧੂ
ਚੰਡੀਗੜ੍ਹ , 14 ਜੂਨ : ਪੰਜਾਬ ਸਰਕਾਰ (Punjab Govt) ਵੱਲੋਂ ਚਲਾਈ ਗਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਪੰਜਾਬ ਪੁਲਿਸ ਨੇ ਨਵੇਂ ਖੁਲਾਸੇ ਕੀਤੇ ਹਨ। ਛਾਪੇਮਾਰੀ ਦੌਰਾਨ ਨਸ਼ੇੜੀਆਂ ਕੋਲੋਂ 10 ਅਤੇ 20 ਦੇ ਨੋਟ ਬਰਾਮਦ ਹੋ ਰਹੇ ਹਨ। ਜਾਣਕਾਰੀ ਅਨੁਸਾਰ, ਨਸ਼ੇੜੀ ਹੈਰੋਇਨ ਪੀਣ ਲਈ ਇਨ੍ਹਾਂ ਨੋਟਾਂ ਦਾ ਇਸਤੇਮਾਲ ਕਰਦੇ ਹਨ। ਵੱਡੇ ਨੋਟਾਂ ਨਾਲ ਉਹ ਹੈਰੋਇਨ ਦੇ ਨਸ਼ੇ ਦੀ ਪੂਰਤੀ ਨਹੀਂ ਕਰ ਪਾਉਂਦੇ, ਜਿਸ ਕਾਰਨ ਉਹ ਛੋਟੇ ਨੋਟਾਂ ਦੀ ਵਰਤੋਂ ਕਰ ਰਹੇ ਹਨ। ਦੂਜੇ ਪਾਸੇ, ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਿੰਥੈਟਿਕ ਡਰੱਗਜ਼ ਦਾ ਇਸਤੇਮਾਲ ਵੱਡੀ ਗਿਣਤੀ ‘ਚ ਹੋ ਰਿਹਾ ਹੈ, ਜੋ ਕਿ ਚਿੰਤਾ ਦਾ ਕਾਰਨ ਬਣ ਰਿਹਾ ਹੈ। ਮੁਹਿੰਮ ਦੌਰਾਨ ਹੁਣ ਤਕ 3 ਕਿਲੋ ਤੋਂ ਵੱਧ ਆਈਸ ਬਰਾਮਦ ਕੀਤੀ ਗਈ। ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੌਰਾਨ ਪੁਲਿਸ ਵੱਲੋਂ ਜਿੰਨੇ ਨਸ਼ੇੜੀ ਗ੍ਰਿਫ਼ਤਾਰ ਕੀਤੇ ਗਏ ਹਨ, ਉਨ੍ਹਾਂ ਕੋਲੋਂ 10 ਅਤੇ 20 ਦੇ ਸੜੇ ਹੋਏ ਨੋਟ ਮਿਲੇ। ਐਂਟੀ ਨਾਰਕੋਟਿਕਸ ਟਾਸਕ ਫੋਰਸ ਦੇ ਅਧਿਕਾਰੀਆਂ ਅਨੁਸਾਰ, ਡਰੱਗਜ਼ ਸੁੰਘਣ ਲਈ ਪਾਈਪ ਵਾਂਗ ਇਨ੍ਹਾਂ ਨੋਟਾਂ ਦਾ ਇਸਤੇਮਾਲ ਕਰ ਰਹੇ ਹਨ।
ਛੋਟੀ ਕਰੰਸੀ (10 ਅਤੇ 20) ਦਾ ਇਸਤੇਮਾਲ ਕਿਉਂ ਹੁੰਦਾ ਹੈ?
1. ਡਰੱਗ ਨੂੰ ਰੋਲ ਕਰਨ ਜਾਂ ਸੁੰਘਣ ਲਈ: 10 ਜਾਂ 20 ਦੇ ਨੋਟ ਨੂੰ ਰੋਲ ਕਰ ਕੇ ਲੋਕ ਹੈਰੋਇਨ ਸੁੰਘਣ ਲਈ ਟਿਊਬ ਵਾਂਗ ਇਸਤੇਮਾਲ ਕਰਦੇ ਹਨ। ਇਹ ਛੋਟੇ ਨੋਟ ਆਸਾਨੀ ਨਾਲ ਮੁੜ ਜਾਂਦੇ ਹਨ ਤੇ ਸੁੱਟਣ ਲਾਇਕ ਹੁੰਦੇ ਹਨ।
2. ਟ੍ਰਾਂਜ਼ੈਕਸ਼ਨ ਲਈ: ਡਰੱਗ ਦੀ ਛੋਟੀ ਮਾਤਰਾ (ਜਿਵੇਂ 1 ਡੋਜ਼) 100-200 ‘ਚ ਵਿਕਦੀ ਹੈ। ਇਸ ਸੰਦਰਭ ‘ਚ ਛੋਟੀ ਕਰੰਸੀ ‘ਚ ਭੁਗਤਾਨ ਕਰਨਾ ਆਸਾਨ ਹੁੰਦਾ ਹੈ। ਵੱਡੇ ਨੋਟ ਦੇਣ ਨਾਲ ਸ਼ੱਕ ਹੁੰਦਾ ਹੈ ਜਾਂ ਡਰੱਗ ਪੈਡਲਰ ਕੋਲ ਖੁੱਲ੍ਹੇ ਪੈਸੇ ਨਹੀਂ ਹੁੰਦੇ। ਛੋਟੀ ਕਰੰਸੀ ਲੋਅ ਪ੍ਰੋਫਾਈਲ ਹੁੰਦੀ ਹੈ, ਜਿਸਦਾ ਮਤਲਬ ਹੈ ਕਿ ਗ੍ਰਿਫ਼ਤਾਰ ਹੋਣ ‘ਤੇ ਜ਼ਿਆਦਾ ਸ਼ੱਕ ਨਹੀਂ ਹੁੰਦਾ। ਇਹ ਨੋਟ ਫੌਰਨ ਸੁੱਟੇ ਜਾ ਸਕਦੇ ਹਨ।



