ਨਸ਼ੀਲੀ ਕਾਫੀ ਪਿਆ ਕੇ ਜਬਰ-ਜਨਾਹ ਕਰਨ ਦਾ ਦੋਸ਼, ਮਾਮਲਾ ਦਰਜ
ਹੋਟਲ ਵਿੱਚ ਔਰਤ ਨੂੰ ਕਾਫੀ ਵਿੱਚ ਨਸ਼ੀਲਾ ਪਦਾਰਥ ਪਿਆ ਕੇ ਜਬਰ ਜਿਨਾਹ ਦਾ ਦੋਸ਼

ਜਸਵਿੰਦਰ ਸਿੰਘ ਸੰਧੂ
ਚੰਡੀਗੜ੍ਹ, 24 ਅਗਸਤ : ਸੈਕਟਰ-42 ਦੇ ਇਕ ਹੋਟਲ ’ਚ ਔਰਤ ਨੂੰ ਕਾਫੀ ਵਿਚ ਨਸ਼ੀਲਾ ਪਦਾਰਥ ਪਿਆ ਕੇ ਮੁਲਜ਼ਮ ਨੇ ਜਬਰ-ਜਨਾਹ ਕੀਤਾ। ਪੀੜਤਾ ਦੀ ਸ਼ਿਕਾਇਤ ਤੇ ਸੈਕਟਰ-36 ਥਾਣਾ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਸ਼ਿਕਾਇਤ ਵਿੱਚ ਪੀੜਤਾ ਨੇ ਦੱਸਿਆ ਕਿ ਮੁਲਜ਼ਮ ਲਾਲਡੂ, ਮੋਹਾਲੀ ਨਿਵਾਸੀ ਸਤਨਾਮ ਸਿੰਘ ਨੇ ਪਹਿਲਾਂ ਉਸਨੂੰ ਆਪਣਾ ਰਿਸ਼ਤੇਦਾਰ ਦੱਸ ਕੇ ਵਿਸ਼ਵਾਸ ’ਚ ਲਿਆ ਤੇ ਗੱਲਬਾਤ ਦੌਰਾਨ ਉਸ ਦਾ ਮੋਬਾਈਲ ਨੰਬਰ ਲੈ ਲਿਆ। ਕੁਝ ਦਿਨਾਂ ਬਾਅਦ ਉਸ ਨੇ ਫ਼ੋਨ ਕਰ ਕੇ ਪੀੜਤਾ ਨੂੰ ਅਟਾਵਾ ਪਿੰਡ ਬੁਲਾਇਆ ਤੇ ਧਮਕਾਇਆ ਕਿ ਉਸਦੇ ਕੋਲ ਉਸ ਦੀਆਂ ਕੁਝ ਅਸ਼ਲੀਲ ਤਸਵੀਰਾਂ ਹਨ। ਘਬਰਾਈ ਪੀੜਤਾ ਅਟਾਵਾ ਚੌਂਕ ਪਹੁੰਚੀ ਤਾਂ ਮੁਲਜ਼ਮ ਪਹਿਲਾਂ ਹੀ ਆਪਣੀ ਬਾਈਕ ’ਤੇ ਖੜ੍ਹਾ ਮਿਲਿਆ। ਜਦੋਂ ਪੀੜਤਾ ਆਪਣੀ ਐਕਟੀਵਾ ਤੇ ਉੱਥੇ ਪਹੁੰਚੀ ਤੇ ਤਸਵੀਰਾਂ ਵੇਖਣ ਦੀ ਗੱਲ ਕੀਤੀ ਤਾਂ ਮੁਲਜ਼ਮ ਉਸ ਨੂੰ ਆਪਣੇ ਪਿੱਛੇ ਆਉਣ ਲਈ ਕਹਿੰਦਾ ਹੋਇਆ ਸੈਕਟਰ-42 ਸਥਿਤ ਇਕ ਹੋਟਲ ’ਚ ਲੈ ਗਿਆ। ਹੋਟਲ ਪਹੁੰਚਣ ਤੇ ਮੁਲਜ਼ਮ ਨੇ ਉਸ ਨੂੰ ਕੁਝ ਤਸਵੀਰਾਂ ਦਿਖਾਈਆਂ, ਜੋ ਐਡਿਟ ਕਰ ਕੇ ਤਿਆਰ ਕੀਤੀਆਂ ਗਈਆਂ ਅਸ਼ਲੀਲ ਤਸਵੀਰਾਂ ਸਨ। ਪੀੜਤਾ ਵੱਲੋਂ ਵਿਰੋਧ ਕਰਨ ਤੇ ਮੁਲਜ਼ਮ ਨੇ ਕਿਹਾ ਕਿ ਉਹ ਉਸ ਨਾਲ ਪਿਆਰ ਕਰਦਾ ਹੈ। ਜਦੋਂ ਔਰਤ ਨੇ ਉਸਦਾ ਪ੍ਰਸਤਾਵ ਠੁਕਰਾ ਦਿੱਤਾ, ਤਾਂ ਉਸ ਨੇ ਹੋਟਲ ’ਚ ਕਾਫੀ ਮੰਗਵਾ ਕੇ ਉਸ ਵਿੱਚ ਨਸ਼ੀਲਾ ਪਦਾਰਥ ਮਿਲਾ ਦਿੱਤਾ। ਕਾਫੀ ਪੀਂਦੇ ਹੀ ਪੀੜਤਾ ਦੀ ਤਬੀਅਤ ਖ਼ਰਾਬ ਹੋ ਗਈ ਤੇ ਉਹ ਨਸ਼ੇ ਦੀ ਹਾਲਤ ’ਚ ਚਲੀ ਗਈ। ਪੀੜਤਾ ਦਾ ਦੋਸ਼ ਹੈ ਕਿ ਇਸ ਦੌਰਾਨ ਮੁਲਜ਼ਮ ਨੇ ਉਸਦੇ ਨਾਲ ਜਬਰਦਸਤੀ ਜਬਰ-ਜਨਾਹ ਕੀਤਾ ਤੇ ਉਸ ਨੂੰ ਜਾਨ ਤੋਂ ਮਾਰਨ ਦੀ ਧਮਕੀ ਵੀ ਦਿੱਤੀ। ਇਸ ਤੋਂ ਬਾਅਦ ਪੀੜਤਾ ਨੇ ਇਸਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ। ਸ਼ਿਕਾਇਤ ਦੇ ਆਧਾਰ ਤੇ ਸੈਕਟਰ-36 ਥਾਣਾ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਾਂਚ ਕੀਤੀ ਜਾ ਰਹੀ ਹੈ।



