Punjab

ਨਸ਼ੀਲੀਆਂ ਦਵਾਈਆਂ ਦੇ ਕੇਸ ’ਚੋਂ ਬਚਾਉਣ ਲਈ ਰਿਸ਼ਵਤ ਲੈਂਦੇ ਏਐੱਸਆਈ ਸਣੇ ਤਿੰਨ ਕਾਬੂ

ਅਦਾਲਤ ਨੇ ਦੋ ਦਿਨਾਂ ਰਿਮਾਂਡ ’ਤੇ ਭੇਜਿਆ

ਅੰਮ੍ਰਿਤਸਰ, 16 ਅਕਤੂਬਰ : ਨਸ਼ੀਲੀਆਂ ਦਵਾਈਆਂ ਨਾਲ ਫੜੇ ਗਏ ਵਿਅਕਤੀ ਨੂੰ ਬਚਾਉਣ ਲਈ ਰਿਸ਼ਵਤ ਲੈਣ ਦੇ ਦੋਸ਼ ’ਚ ਦੋਬੁਰਜੀ ਪੁਲਿਸ ਚੌਕੀ ਦੇ ਇੰਚਾਰਜ ਏਐੱਸਆਈ ਨਰਿੰਦਰ ਸਿੰਘ ਤੇ ਹੈੱਡ ਕਾਂਸਟੇਬਲ ਪ੍ਰਗਟ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮਾਂ ਨੇ ਨਸ਼ੀਲੀਆਂ ਦਵਾਈਆਂ ਦੀ ਸਪਲਾਈ ਕਰਨ ਵਾਲੇ ਇਕ ਵਿਅਕਤੀ ਨੂੰ ਛੱਡਣ ਬਦਲੇ 2.5 ਲੱਖ ਰੁਪਏ ਦੀ ਰਿਸ਼ਵਤ ਲਈ ਸੀ। ਐੱਸਐੱਸਪੀ ਮਨਿੰਦਰ ਸਿੰਘ, ਐੱਸਪੀ (ਡੀ) ਆਦਿੱਤਿਆ ਵਾਰੀਅਰ ਤੇ ਡੀਐੱਸਪੀ ਯਾਦਵਿੰਦਰ ਸਿੰਘ ਨੂੰ ਘਟਨਾ ਬਾਰੇ ਸੂਚਿਤ ਕੀਤਾ ਗਿਆ। ਡੀਐੱਸਪੀ ਯਾਦਵਿੰਦਰ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਤਿੰਨਾਂ ਨੂੰ ਗ੍ਰਿਫ਼ਤਾਰ ਕਰ ਲਿਆ। ਐੱਸਪੀ (ਡੀ) ਆਦਿੱਤਿਆ ਵਾਰੀਅਰ ਨੇ ਦੱਸਿਆ ਕਿ ਦੋਬੁਰਜੀ ਥਾਣੇ ਦੇ ਇੰਚਾਰਜ ਏਐੱਸਆਈ ਨਰਿੰਦਰ ਸਿੰਘ ਅਤੇ ਹੈੱਡ ਕਾਂਸਟੇਬਲ ਪ੍ਰਗਟ ਸਿੰਘ ਨੇ ਸੋਮਵਾਰ ਰਾਤ ਨੂੰ ਦਰਸ਼ਨ ਐਵੀਨਿਊ ਦੇ ਰਹਿਣ ਵਾਲੇ ਕੁਲਬੀਰ ਸਿੰਘ ਨੂੰ ਨਸ਼ੀਲੀਆਂ ਦਵਾਈਆਂ ਦੀ ਤਸਕਰੀ ਦੇ ਦੋਸ਼ਾਂ ਵਿਚ ਗ੍ਰਿਫ਼ਤਾਰ ਕੀਤਾ ਸੀ। ਚੌਕ ’ਚ ਦੋਵਾਂ ਪੁਲਿਸ ਅਧਿਕਾਰੀਆਂ ਨੇ ਕੁਲਬੀਰ ਨੂੰ ਕਿਹਾ ਕਿ ਜੇ ਉਹ ਉਸ ਦੇ ਪਰਿਵਾਰਕ ਮੈਂਬਰਾਂ ਤੋਂ 2.5 ਲੱਖ ਰੁਪਏ ਮੰਗਵਾ ਲਵੇ ਤਾਂ ਉਹ ਉਸ ਨੂੰ ਛੱਡ ਦੇਣਗੇ। ਪੁਲਿਸ ਸੁਪਰਡੈਂਟ ਮੁਤਾਬਕ ਦੋਵਾਂ ਮੁਲਜ਼ਮਾਂ ਨੇ ਕੁਲਬੀਰ ਦੀ ਰਿਹਾਈ ਦੇ ਬਦਲੇ 2.5 ਲੱਖ ਰੁਪਏ ਦੀ ਮੰਗ ਕੀਤੀ ਸੀ। ਪੁਲਿਸ ਅਧਿਕਾਰੀਆਂ ਨੂੰ ਇਸ ਗੱਲ ਦਾ ਪਤਾ ਲੱਗਿਆ। ਡੀਐੱਸਪੀ ਯਾਦਵਿੰਦਰ ਸਿੰਘ ਨੇ ਕੁਲਬੀਰ ਸਿੰਘ ਤੇ ਉਸ ਦੇ ਪਰਿਵਾਰਕ ਮੈਂਬਰਾਂ ਤੋਂ ਪੁੱਛਗਿੱਛ ਕੀਤੀ ਤੇ ਸਾਰਾ ਮਾਮਲਾ ਸਪੱਸ਼ਟ ਹੋ ਗਿਆ। ਇਸ ਤੋਂ ਬਾਅਦ ਏਐੱਸਆਈ ਨਰਿੰਦਰ ਸਿੰਘ ਤੇ ਹੈੱਡ ਕਾਂਸਟੇਬਲ ਪਰਗਟ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਤੋਂ ਬਾਅਦ ਕੁਲਬੀਰ ਸਿੰਘ ਨੂੰ ਵੀ ਨਸ਼ਾ ਤਸਕਰੀ ਦੇ ਦੋਸ਼ ’ਚ ਕਾਬੂ ਕਰ ਲਿਆ ਗਿਆ। ਤਿੰਨਾਂ ਨੂੰ ਬੁੱਧਵਾਰ ਸ਼ਾਮ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜੱਜ ਮਨਦੀਪ ਕੌਰ ਦੀ ਅਦਾਲਤ ਨੇ ਤਿੰਨਾਂ ਨੂੰ ਦੋ ਦਿਨਾਂ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ।

Related Articles

Leave a Reply

Your email address will not be published. Required fields are marked *

Back to top button