ਨਸ਼ਿਆਂ ਵਿਰੁੱਧ ਫਿਰੋਜ਼ਪੁਰ ਪੁਲਿਸ ਦੀ ਜ਼ਿਹਾਦ, 5 ਵੱਡੇ ਤਸਕਰ ਗ੍ਰਿਫ਼ਤਾਰ; 13 ਕਿਲੋ ਹੈਰੋਇਨ ਤੇ 4 ਕੁਇੰਟਲ ਡੋਡਿਆਂ ਸਣੇ ਬਰਾਮਦ ਹੋਏ ਇਹ ਨਸ਼ੀਲੇ ਪਦਾਰਥ

ਬਾਲ ਕਿਸ਼ਨ
ਫ਼ਿਰੋਜ਼ਪੁਰ, 1 ਅਗਸਤ : ਸੂਬੇ ਅੰਦਰੋਂ ਨਸ਼ਿਆਂ ਦੇ ਕਾਲੇ ਕਾਰੋਬਾਰ ਨੂੰ ਖ਼ਤਮ ਕਰਨ ਲਈ ਫ਼ਿਰੋਜ਼ਪੁਰ ਪੁਲਿਸ ਵੱਲੋਂ ਛੇੜੀ ਜਿਹਾਦ ਤਹਿਤ ਪੁਲਿਸ ਵੱਲੋਂ ਆਏ ਦਿਨ ਨਸ਼ਿਆਂ ਦੀਆਂ ਵੱਡੀਆਂ ਰਿਕਵਰੀਆਂ ਕੀਤੀਆਂ ਜਾ ਰਹੀਆਂ ਹਨ। ਇਸੇ ਸਿਲਸਿਲੇ ਵਿੱਚ ਬੀਤੇ ਦਿਨ ਪੁਲਿਸ ਨੇ ਵੱਖ-ਵੱਖ ਥਾਵਾਂ ਤੋਂ 13 ਕਿਲੋ ਹੈਰੋਇਨ, 4 ਕੁਇੰਟਲ ਡੋਡੇ, ਇਕ ਟਰੱਕ ,ਇੱਕ ਐਕਟਿਵਾ, ਇੱਕ ਪਿਸਟਲ ਦੇ ਪਾਰਟਸ ਅਤੇ 8 ਜ਼ਿੰਦਾ ਕਾਰਤੂਸਾਂ ਸਮੇਤ ਪੰਜ ਵੱਡੇ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਥਾਣਾ ਸਦਰ ਫ਼ਿਰੋਜ਼ਪੁਰ ਅਤੇ ਥਾਣਾ ਘੱਲਖੁਰਦ ਵਿਖੇ ਐੱਨਡੀਪੀਐੱਸ ਅਤੇ ਆਰਮਜ਼ ਐਕਟ ਤਹਿਤ ਮਾਮਲੇ ਦਰਜ ਕਰ ਲਏ ਹਨ। ਜ਼ਿਲ੍ਹਾ ਪੁਲਿਸ ਮੁਖੀ ਭੁਪਿੰਦਰ ਸਿੰਘ ਸਿੱਧੂ ਨੇ ਪ੍ਰੈਸ ਕਾਨਫਰੰਸ ਦੌਰਾਨ ਇਸ ਵੱਡੀ ਕਾਰਵਾਈ ਦਾ ਖੁਲਾਸਾ ਕੀਤਾ। ਉਨ੍ਹਾਂ ਦੱਸਿਆ ਕਿ ਬੀਤੇ ਦਿਨ ਇੰਸਪੈਕਟਰ ਮੋਹਿਤ ਧਵਨ ਦੀ ਅਗਵਾਈ ਹੇਠ ਪੁਲਿਸ ਪਾਰਟੀ ਬਾਰਡਰ ਤੇ ਪਿੰਡ ਮੱਧਰੇ ਨੇੜੇ ਗਸ਼ਤ ਕਰ ਰਹੀ ਸੀ ਤਾਂ ਖ਼ਬਰੀ ਨੈੱਟਵਰਕ ਜਰੀਏ ਇਤਲਾਹ ਮਿਲੀ ਕਿ ਦੋ ਵਿਅਕਤੀ ਗੁਰਪ੍ਰੀਤ ਸਿੰਘ ਉਰਫ਼ ਗੋਰੀ ਅਤੇ ਗੁਰਪ੍ਰੀਤ ਸਿੰਘ ਉਰਫ਼ ਕਾਲੀ ਜੋ ਰਾਜੋ ਕੇ ਗੱਟੀ ਦੇ ਵਸਨੀਕ ਹਨ ਪਿੰਡ ਗੋਖੀ ਵਾਲਾ ਸੜਕ ’ਤੇ ਹੈਰੋਇਨ ਸਮੇਤ ਖੜ੍ਹੇ ਹਨ। ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਛਾਪਾ ਮਾਰਿਆ ਅਤੇ ਦੋਗਵਾਂ ਨੂੰ 8 ਕਿਲੋ 301 ਗ੍ਰਾਮ ਹੈਰੋਇਨ ਸਮੇਤ ਮੌਕੇ ’ਤੇ ਹੀ ਗ੍ਰਿਫ਼ਤਾਰ ਕਰ ਲਿਆ। ਐੱਸਐੱਸਪੀ ਨੇ ਅੱਗੇ ਦੱਸਿਆ ਕਿ ਦੂਜੀ ਵੱਡੀ ਕਾਰਵਾਈ ਥਾਣਾ ਘੱਲਖੁਰਦ ਪੁਲਿਸ ਵੱਲੋਂ ਕੀਤੀ ਗਈ। ਸਹਾਇਕ ਥਾਣੇਦਾਰ ਬਲਵਿੰਦਰ ਸਿੰਘ ਦੀ ਅਗਵਾਈ ਵਾਲੀ ਪੁਲਿਸ ਟੀਮ ਪਿੰਡ ਮੋਹਕਮ ਵਾਲਾ ਨੇੜੇ ਸ਼ੱਕੀ ਵਿਅਕਤੀਆਂ ਦੀ ਭਾਲ ਵਿਚ ਸੀ। ਇਸ ਦੌਰਾਨ ਇਕ ਨੌਜਵਾਨ ਜੁਗਰਾਜ ਸਿੰਘ ਉਰਫ਼ ਸਮਰ ਜੋ ਆਸਲ ਦਾ ਰਹਿਣ ਵਾਲਾ ਹੈ ਐਕਟਿਵਾ ’ਤੇ ਸਵਾਰ ਹੋ ਕੇ ਆ ਰਿਹਾ ਸੀ। ਪੁਲਿਸ ਪਾਰਟੀ ਨੂੰ ਦੇਖ ਕੇ ਉਹ ਘਬਰਾ ਗਿਆ ਅਤੇ ਭੱਜਣ ਦੀ ਕੋਸ਼ਿਸ਼ ਕਰਨ ਲੱਗਾ। ਪੁਲਿਸ ਮੁਲਾਜ਼ਮਾਂ ਨੇ ਉਸ ਨੂੰ ਕਾਬੂ ਕਰ ਲਿਆ ਅਤੇ ਜਦੋਂ ਉਸਦੇ ਪਿੱਠ ਪਿੱਛੇ ਲੱਗੇ ਬੈਗ ਦੀ ਤਲਾਸ਼ੀ ਲਈ ਗਈ ਤਾਂ ਉਸ ਵਿੱਚੋਂ 4 ਕਿਲੋ 720 ਗ੍ਰਾਮ ਹੈਰੋਇਨ, ਐਕਟਿਵਾ (ਨੰਬਰ ਪੀਬੀ 08 ਪੀਈ 4932) ਇੱਕ ਖੁੱਲ੍ਹੇ ਹੋਏ ਪਿਸਟਲ ਦੇ ਪਾਰਟਸ ਅਤੇ 8 ਜ਼ਿੰਦਾ ਕਾਰਤੂਸ ਬਰਾਮਦ ਹੋਏ। ਇਸੇ ਤਰ੍ਹਾਂ ਜ਼ੀਰਾ ਪੁਲਿਸ ਨੇ ਪਿੰਡ ਬਹਿਕ ਪਛੜੀਆਂ ਦੀ ਦਾਣਾ ਮੰਡੀ ਕੋਲ ਨਾਕਾਬੰਦੀ ਕਰਕੇ ਰਾਜਸਥਾਨ ਤੋਂ ਟਰੱਕ ਨੰਬਰ ਆਰ ਜੇ 21 ਜੀ ਬੀ 1186 ਤੇ ਲਿਆਂਦੇ 4ਕਵਿੰਟਲ ਡੋਡਿਆਂ ਸਮੇਤ ਦੋ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ । ਫੜੇ ਗਏ ਤਸਕਰਾਂ ਦੀ ਪਛਾਣ ਹਰਜਿੰਦਰ ਸਿੰਘ ਵਾਸੀ ਕਾਮਲ ਵਾਲਾ ਅਤੇ ਗੁਰਵਿੰਦਰ ਸਿੰਘ ਵਾਸੀ ਕਾਲੇ ਕੇ ਹਿਠਾੜ ਵਜੋਂ ਹੋਈ ਹੈ ।ਐਸਐਸਪੀ ਨੇ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਉਨ੍ਹਾਂ ਤੋਂ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।



