Punjab

ਨਸ਼ਾ ਮੁਕਤ ਪੰਜਾਬ ਲਈ ਚਲਾਈ ਗਈ ਮੁਹਿੰਮ ਤਹਿਤ 6 ਕਿਲੋ ਤੋਂ ਵੱਧ ਹੈਰੋਇਨ ਸਮੇਤ ਨਸ਼ਾ ਤਸਕਰ ਕਾਬੂ

ਫਿਰੋਜ਼ਪੁਰ, 19 ਫਰਵਰੀ (ਬਾਲ ਕਿਸ਼ਨ)- ਪੰਜਾਬ ਸਰਕਾਰ ਵੱਲੋਂ ਨਸ਼ਾ ਮੁਕਤ ਪੰਜਾਬ ਲਈ ਚਲਾਈ ਗਈ ਮੁਹਿੰਮ ਤਹਿਤ ਫਿਰੋਜ਼ਪੁਰ ਪੁਲਿਸ ਨੂੰ ਉਸ ਵੇਲੇ ਇਕ ਵੱਡੀ ਕਾਮਯਾਬੀ ਹਾਸਲ ਹੋਈ। ਜਦੋਂ ਪੁਲਿਸ ਟੀਮ ਨੇ ਸਰਹੱਦੀ ਖੇਤਰ ਵਿਚ ਗਸ਼ਤ ਦੌਰਾਨ ਨਸ਼ਾ ਤਸਕਰੀ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ। ਪੁਲਿਸ ਨੇ ਇਕ ਵਿਅਕਤੀ ਨੂੰ ਭਾਰੀ ਮਾਤਰਾ ਵਿੱਚ ਹੈਰੋਇਨ ਸਮੇਤ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਪ੍ਰਾਪਤ ਕੀਤੀ ਹੈ। ਜ਼ਿਲ੍ਹਾ ਪੁਲਿਸ ਮੁਖੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਸੀਆਈਏ ਸਟਾਫ਼ ਫਿਰੋਜ਼ਪੁਰ ਦੀ ਪੁਲਿਸ ਪਾਰਟੀ ਇਲਾਕਾ ਥਾਣਾ ਸਦਰ ਫਿਰੋਜ਼ਪੁਰ ਅਤੇ ਥਾਣਾ ਆਰਿਫ਼ ਕੇ ਦੇ ਖੇਤਰ ਵਿਚ ਸ਼ੱਕੀ ਪੁਰਸ਼ਾਂ ਅਤੇ ਮਾੜੇ ਅਨਸਰਾਂ ਦੀ ਭਾਲ ਵਿਚ ਗਸ਼ਤ ਕਰ ਰਹੀ ਸੀ। ਜਦੋਂ ਪੁਲਿਸ ਪਾਰਟੀ ਫਿਰੋਜ਼ਪੁਰ ਤੋਂ ਮੱਲਾਂਵਾਲਾ ਰੋਡ ’ਤੇ ਪਿੰਡ ਅਟਾਰੀ ਦੇ ਨਜ਼ਦੀਕ ਪਹੁੰਚੀ, ਤਾਂ ਸ਼ਾਮ ਕਰੀਬ 8 ਵਜੇ ਇਕ ਖ਼ਾਸ ਮੁਖ਼ਬਰ ਨੇ ਅਹਿਮ ਸੂਚਨਾ ਦਿੱਤੀ। ਮੁਖ਼ਬਰ ਨੇ ਦੱਸਿਆ ਕਿ ਸੋਨੂੰ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਪਿੰਡ ਕਿਲਚੇ, ਹਾਲ ਵਾਸੀ ਪਿੰਡ ਭੰਮਾ ਸਿੰਘ ਵਾਲਾ ਉਰਫ਼ ਮੱਤੜ ਵੱਡੇ ਪੱਧਰ ’ਤੇ ਹੈਰੋਇਨ ਦੀ ਤਸਕਰੀ ਅਤੇ ਵਿਕਰੀ ਦਾ ਧੰਦਾ ਕਰਦਾ ਹੈ। ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਦੋਸ਼ੀ ਸੋਨੂੰ ਸਿੰਘ ਹੈਰੋਇਨ ਦੀ ਇਕ ਵੱਡੀ ਖੇਪ ਲੈ ਕੇ ਅੱਗੇ ਕਿਸੇ ਗਾਹਕ ਨੂੰ ਡਿਲੀਵਰੀ ਦੇਣ ਦੀ ਫ਼ਿਰਾਕ ਵਿਚ ਹੈ ਅਤੇ ਇਸ ਵਕਤ ਉਹ ਪਿੰਡ ਅੱਕੂ ਵਾਲਾ ਦੇ ਕੱਚੇ ਬੰਨ੍ਹ ’ਤੇ ਕਿਸੇ ਦਾ ਇੰਤਜ਼ਾਰ ਕਰ ਰਿਹਾ ਹੈ। ਇਸ ਸਬੰਧੀ ਪੁਲਿਸ ਟੀਮ ਨੇ ਤੁਰੰਤ ਯੋਜਨਾਬੱਧ ਤਰੀਕੇ ਨਾਲ ਉਕਤ ਸਥਾਨ ’ਤੇ ਛਾਪੇਮਾਰੀ ਕੀਤੀ। ਪੁਲਿਸ ਨੇ ਦੋਸ਼ੀ ਸੋਨੂੰ ਸਿੰਘ ਕਾਬੂ ਕਰਕੇ ਉਸ ਦੀ ਤਲਾਸ਼ੀ ਲਈ ਗਈ ਤਾਂ ਦੋਸ਼ੀ ਦੇ ਪਾਸੋਂ 6 ਕਿਲੋ 38 ਗ੍ਰਾਮ ਹੈਰੋਇਨ ਬਰਾਮਦ ਹੋਈ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੀਮਤ ਕਰੋੜਾਂ ਰੁਪਏ ਦੱਸੀ ਜਾ ਰਹੀ ਹੈ। ਫਿਰੋਜ਼ਪੁਰ ਪੁਲਿਸ ਨੇ ਦੋਸ਼ੀ ਖ਼ਿਲਾਫ਼ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਕੋਲੋਂ ਪੁਲਿਸ ਵੱਲੋਂ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ । ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਗ੍ਰਿਫ਼ਤਾਰੀ ਨਾਲ ਨਸ਼ਾ ਤਸਕਰੀ ਦੀ ਇਕ ਵੱਡੀ ਚੇਨ ਟੁੱਟਣ ਦੀ ਉਮੀਦ ਹੈ ਅਤੇ ਜਲਦ ਹੀ ਇਸ ਮਾਮਲੇ ਵਿਚ ਹੋਰ ਵੀ ਕਈ ਅਹਿਮ ਖ਼ੁਲਾਸੇ ਹੋ ਸਕਦੇ ਹਨ।

Related Articles

Leave a Reply

Your email address will not be published. Required fields are marked *

Back to top button